Breaking News
Home / ਹਫ਼ਤਾਵਾਰੀ ਫੇਰੀ / ਬਾਬਾ ਨਾਨਕ ਕੌਤਕ ਰਚਾਇਆ, 71 ਸਾਲਾਂ ਤੋਂ ਬੰਦ ਲਾਂਘਾ ਖੋਲ੍ਹ ਵਿਖਾਇਆ

ਬਾਬਾ ਨਾਨਕ ਕੌਤਕ ਰਚਾਇਆ, 71 ਸਾਲਾਂ ਤੋਂ ਬੰਦ ਲਾਂਘਾ ਖੋਲ੍ਹ ਵਿਖਾਇਆ

ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਭਾਰਤ ਤੇ ਪਾਕਿਸਤਾਨ ‘ਚ ਰੱਖਿਆ ਗਿਆ ਨੀਂਹ ਪੱਥਰ
ਖੁੱਲ੍ਹੇ ਦਰਸ਼ਨ ਦੀਦਾਰ…ਅਰਦਾਸ ਪੂਰੀ
ਡੇਰਾ ਬਾਬਾ ਨਾਨਕ ਵਿਖੇ ਵੈਂਕਈਆ ਨਾਇਡੂ ਤੇ ਕੈਪਟਨ ਅਮਰਿੰਦਰ ਸਿੰਘ ਨੇ 26 ਨਵੰਬਰ ਨੂੰ ਕੋਰੀਡੋਰ ਦਾ ਰੱਖਿਆ ਨੀਂਹ ਪੱਥਰ, ਵੀਜ਼ੇ ਦੀ ਕੋਈ ਲੋੜ ਨਹੀਂ
ਕਰਤਾਰਪੁਰ ਸਾਹਿਬ ਵਿਖੇ ਇਮਰਾਨ ਖਾਨ ਨੇ ਰੱਖਿਆ ਨੀਂਹ ਪੱਥਰ, ਨਵਜੋਤ ਸਿੱਧੂ, ਹਰਸਿਮਰਤ ਬਾਦਲ, ਹਰਦੀਪ ਪੁਰੀ ਤੇ ਗੋਬਿੰਦ ਸਿੰਘ ਲੌਂਗੋਵਾਲ ਰਹੇ ਮੌਜੂਦ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਵਰ੍ਹੇ ਦੀ ਸ਼ੁਰੂਆਤ ਮੌਕੇ ਗੁਰੂ ਸਾਹਿਬ ਨੇ ਖੁਦ ਅਜਿਹਾ ਕੌਤਕ ਰਚਿਆ ਕਿ 71 ਸਾਲਾਂ ਤੋਂ ਬੰਦ ਪਿਆ ਲਾਂਘਾ ਖੁੱਲ੍ਹ ਗਿਆ। ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ ਉਸ ਵੇਲੇ ਪੂਰੀ ਹੋਈ ਜਦੋਂ ਭਾਰਤ-ਪਾਕਿ ਦੋਵਾਂ ਮੁਲਕਾਂ ਨੇ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨ ਕਰਨ ਲਈ ਸਾਂਝਾ ਕੋਰੀਡੋਰ ਬਣਾਉਣ ਦਾ ਫੈਸਲਾ ਹੀ ਨਹੀਂ ਕੀਤਾ ਬਲਕਿ ਉਸ ਕੋਰੀਡੋਰ ਦਾ ਨੀਂਹ ਪੱਥਰ ਵੀ ਰੱਖ ਦਿੱਤਾ। ਲੰਘੀ 26 ਨਵੰਬਰ ਨੂੰ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਵੱਖੋ-ਵੱਖ ਲੀਡਰਾਂ ਦੀ ਹਾਜ਼ਰੀ ‘ਚ ਇਹ ਨੀਂਹ ਪੱਥਰ ਰੱਖਿਆ ਗਿਆ। ਦੂਜੇ ਪਾਸੇ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੀਂਹ ਪੱਥਰ ਰੱਖਿਆ ਜਿਸ ਮੌਕੇ ਨਵਜੋਤ ਸਿੰਘ ਸਿੱਧੂ, ਹਰਸਿਮਰਤ ਕੌਰ ਬਾਦਲ, ਹਰਦੀਪ ਪੁਰੀ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਰਹੇ।
ਜੋ ਕਾਜ ਸਿਆਸਤਦਾਨ ਨਾ ਕਰ ਸਕੇ ਉਹ ਦੋ ਖਿਡਾਰੀਆਂ ਨੇ ਕਰ ਵਿਖਾਇਆ
ਜੋ ਕੰਮ 71 ਸਾਲਾਂ ‘ਚ ਦੋਵੇਂ ਮੁਲਕਾਂ ਦੇ ਸਿਆਸਤਦਾਨ ਨਾ ਕਰ ਸਕੇ ਉਸ ਕੰਮ ਨੂੰ ਦੋ ਕ੍ਰਿਕਟ ਖਿਡਾਰੀਆਂ ਨੇ ਆਪਣੀ ਦੋਸਤੀ ਸਦਕਾ ਕਰ ਵਿਖਾਇਆ। ਨਵਜੋਤ ਸਿੱਧੂ ਨਾਲ ਇਮਰਾਨ ਖਾਨ ਦੀ ਦੋਸਤੀ ਜੱਗ ਜਾਹਿਰ ਹੈ ਤੇ ਪਾਕਿ ਫੌਜ ਮੁਖੀ ਨਾਲ ਜੱਫੀ ਦੇ ਵਿਵਾਦ ਸਦਕਾ ਸਿੱਧੂ ਦੀ ਅਰਦਾਸ ਸੁਣੀ ਗਈ ਤੇ ਇਹ ਲਾਂਘਾ ਖੁੱਲ੍ਹਣ ਦਾ ਰਾਹ ਪੱਧਰਾ ਹੋਇਆ।
… ਕੀ ਹੋਇਆ ਜੇ ਪੱਤਿਆਂ ‘ਤੇ ਮੇਰਾ ਨਾਂ ਨਹੀਂ
ਨਵਜੋਤ ਸਿੱਧੂ ਭਾਰਤੀ ਸਮਾਗਮ ‘ਚ ਸ਼ਾਮਲ ਨਹੀਂ ਹੋਏ ਪਰ ਉਸ ਦਿਨ ਉਨ੍ਹਾਂ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਤੇ ਅਗਲੇ ਦਿਨ ਹੀ ਪਾਕਿਸਤਾਨ ਦੇ ਸਮਾਗਮ ‘ਚ ਸ਼ਿਰਕਤ ਕਰਨ ਜ਼ਰੂਰ ਪਹੁੰਚੇ। ਭਾਰਤੀ ਸਟੇਜ ਤੋਂ ਉਨ੍ਹਾਂ ਦੇ ਨਾਂ ਦਾ ਜ਼ਿਕਰ ਨਾ ਹੋਣ ‘ਤੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਸਿੱਧੂ ਨੇ ਪਾਤਰ ਸਾਹਿਬ ਦਾ ਸ਼ੇਅਰ ਪੜ੍ਹਿਆ ‘ਐਨਾ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁੱਖ ਸਿੰਝਿਆ, ਕੀ ਹੋਇਆ ਜੇ ਪੱਤਿਆਂ ‘ਤੇ ਮੇਰਾ ਨਾਂ ਨਹੀਂ।’
‘ਦੋਸਤੀ ਲਈ ਸਿੱਧੂ ਦੇ ਪ੍ਰਧਾਨ ਮੰਤਰੀ ਬਣਨ ਦੀ ਉਡੀਕ ਨਹੀਂ ਕਰ ਸਕਦੇ’
ਇਮਰਾਨ ਨੇ ਮੋਦੀ ਸਰਕਾਰ ਦੇ ਦੋ ਮੰਤਰੀਆਂ ਹਰਦੀਪ ਸਿੰਘ ਪੁਰੀ ਅਤੇ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ ‘ਚ ਚੁਟਕੀ ਲਈ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਦੀ ਝੜੀ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੋਸਤੀ ਲਈ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਮੰਤਰੀ ਬਣਨ ਦੀ ਉਡੀਕ ਨਹੀਂ ਕਰ ਸਕਦੇ। ਸਰਹੱਦ ਦੇ ਦੋਵੇਂ ਪਾਸੇ ਸਿਰਫ ਦ੍ਰਿੜ੍ਹ ਇਰਾਦੇ ਵਾਲੀ ਲੀਡਰਸ਼ਿਪ ਚਾਹੀਦੀ ਹੈ। ਪਾਕਿਸਤਾਨ ਭਾਰਤ ਨਾਲ ਦੋਸਤੀ ਲਈ ਤਿਆਰ ਹੈ। ਜੇ ਭਾਰਤ ਦੋਸਤੀ ਲਈ ਪਾਕਿਸਤਾਨ ਵੱਲ ਇਕ ਕਦਮ ਵਧਾਏਗਾ ਤਾਂ ਪਾਕਿਸਤਾਨ ਦੋ ਕਦਮ ਵਧਾਏਗਾ।
ਮੈਂ ਮੋਦੀ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ : ਇਮਰਾਨ ਖਾਨ
ਇਸਲਾਮਾਬਾਦ : ਸ਼ਾਂਤੀ ਦੀ ਪਹਿਲ ਕਰਦੇ ਹੋਏ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਜ਼ਮੀਨ ਦਾ ਦੇਸ਼ ਤੋਂ ਬਾਹਰ ਅੱਤਵਾਦ ਫੈਲਾਉਣ ਲਈ ਇਸਤੇਮਾਲ ਹੋਣ ਦੀ ਇਜਾਜ਼ਤ ਦੇਣਾ ਸਾਡੇ ਹਿੱਤ ਵਿਚ ਨਹੀਂ ਹੈ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਭਾਰਤ ਨਾਲ ਅਮਨ ਨਾਲ ਰਹਿਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਖੁਸ਼ੀ ਹੋਵੇਗੀ। ਇਮਰਾਨ ਖਾਨ ਨੇ ਕਿਹਾ ਕਿ ਮੈਂ ਹਰ ਮੁੱਦੇ ‘ਤੇ ਗੱਲਬਾਤ ਲਈ ਤਿਆਰ ਹਾਂ।
ਗੱਲਬਾਤ ਤੋਂ ਪਹਿਲਾਂ ਪਾਕਿਸਤਾਨ ਅੱਤਵਾਦ ਰੋਕੇ: ਸੁਸ਼ਮਾ ਸਵਰਾਜ
ਹੈਦਰਾਬਾਦ : ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋਵੇਗੀ ਜਦੋਂ ਤੱਕ ਉਹ ਭਾਰਤ ਵਿਰੁੱਧ ਅੱਤਵਾਦੀ ਕਾਰਵਾਈਆਂ ਤੋਂ ਤੌਬਾ ਨਹੀਂ ਕਰ ਲੈਂਦਾ। ਭਾਰਤ ਦਾ ਇਹ ਬਿਆਨ ਪਾਕਿਸਤਾਨ ਦੇ ਉਸ ਐਲਾਨ ਦੇ ਜਵਾਬ ਵਿਚ ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਹ ਪਾਕਿਸਤਾਨ ਵਿਚ ਹੋਣ ਵਾਲੇ ਸਾਰਕ ਸੰਮੇਲਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਣਗੇ। ਇਸ ਦੇ ਨਾਲ ਹੀ ਸਵਰਾਜ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਗੱਲਬਾਤ ਦੀ ਪ੍ਰਕਿਰਿਆ ਨਾਲ ਕੋਈ ਸਬੰਧ ਨਹੀਂ ਹੈ।

Check Also

ਸ੍ਰੀ ਹੇਮਕੁੰਟ ਸਾਹਿਬ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਹੋਇਆ ਰਵਾਨਾ

ਗੁਰਦੁਆਰਾ ਸਾਹਿਬ ਦੇ ਕਿਵਾੜ ਸੰਗਤ ਵਾਸਤੇ 25 ਮਈ ਨੂੰ ਖੋਲ੍ਹੇ ਜਾਣਗੇ ਅੰਮ੍ਰਿਤਸਰ/ਬਿਊਰੋ ਨਿਊਜ਼ : ਉੱਤਰਾਖੰਡ …