Breaking News
Home / ਹਫ਼ਤਾਵਾਰੀ ਫੇਰੀ / ਰਾਜ ਗਰੇਵਾਲ ਵੱਲੋਂ ਅਸਤੀਫਾ

ਰਾਜ ਗਰੇਵਾਲ ਵੱਲੋਂ ਅਸਤੀਫਾ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਬਰੈਂਪਟਨ ਈਸਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। 33 ਸਾਲ ਦੇ ਨੌਜਵਾਨ ਗਰੇਵਾਲ 2015 ਵਿਚ ਹੋਈ ਚੋਣ ‘ਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਕੇ ਪਹਿਲੀ ਵਾਰੀ ਕੈਨੇਡਾ ਦੀ ਪਾਰਲੀਮੈਂਟ ਵਿਚ ਮੈਂਬਰ ਵਜੋਂ ਪੁੱਜੇ ਸਨ ਅਤੇ ਲੋਕ ਮੁੱਦਿਆਂ ਉਪਰ ਸਖ਼ਤ ਮਿਹਨਤ ਨਾਲ਼ ਕੰਮ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦੇ ਨਿੱਜੀ ਅਤੇ ਮੈਡੀਕਲ ਕਾਰਨ ਦੱਸੇ ਹਨ ਪਰ ਪਿਛਲੇ ਦਿਨੀਂ ਫੇਸਬੁੱਕ ਰਾਹੀਂ ਕੀਤੇ ਗਏ ਹੈਰਾਨਕੁੰਨ ਐਲਾਨ ਵਿਚ ਆਪਣੀ ਸੀਟ ਛੱਡਣ ਦੀ ਤਰੀਕ ਨਹੀਂ ਦੱਸੀ ਜਦਕਿ ਲਿਬਰਲ ਪਾਰਟੀ ਵਲੋਂ ਉਨ੍ਹਾਂ ਨੂੰ 2019 ਦੀਆਂ ਆਮ ਚੋਣਾਂ ਵਿਚ ਬਰੈਂਪਟਨ ਈਸਟ ਤੋਂ ਉਮੀਦਵਾਰ ਵੀ ਐਲਾਨਿਆ ਹੋਇਆ ਹੈ। ਗਰੇਵਾਲ ਮਾਰਚ 2018 ਵਿਚ ਹਿੱਤਾਂ ਦੇ ਟਕਰਾਅ ਵਾਲ਼ੇ ਨਿਯਮਾਂ (ਕੰਫਲਿਕਟ ਆਫ ਇੰਟ੍ਰੱਸਟ ਕੋਡ) ਦੀ ਉਲੰਘਣਾ ਦੇ ਦੋਸ਼ਾਂ ਵਿਚ ਘਿਰ ਗਏ ਸਨ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੇ ਐਮ.ਪੀ. ਚਾਰਲੀ ਐਂਗਸ ਦੀ ਸ਼ਿਕਾਇਤ ਮਗਰੋਂ ਮਈ 2018 ਵਿਚ ਦੇਸ਼ ਦੇ ਏਥਿਕਸ ਕਮਿਸ਼ਨਰ ਮਾਰੀਓ ਡਿਓਂ ਨੇ ਮਾਮਲੇ ਦੀ ਪੜਤਾਲ ਆਰੰਭ ਕੀਤੀ ਸੀ।  ਕਮਿਸ਼ਨਰ ਦੀ ਰਿਪੋਰਟ ਅਜੇ ਜਨਤਕ ਨਹੀਂ ਹੋਈ ਹੈ।  ਫਰਵਰੀ 2018 ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਸਮੇਂ ਗਰੇਵਾਲ ਨੇ ਬਰੈਂਪਟਨ ਵਿਚ ਇਮਾਰਤਾਂ ਦੀ ਉਸਾਰੀ ਤੇ ਮੁਰੰਮਤ ਦੇ ਠੇਕੇਦਾਰ ਯੂਸਫ ਯੀਂਲਮੀਜ਼ ਨੂੰ ਮੁੰਬਈ ਤੇ ਨਵੀਂ ਦਿੱਲੀ ਵਿਖੇ ਹੋਈ ਰਿਸੈਪਸ਼ਨ ਪਾਰਟੀ ਵਿਚ ਸ਼ਾਮਿਲ ਹੋਣ ਲਈ ਸੱਦਾ ਦਿਵਾਇਆ ਸੀ ਜਦਕਿ ਨਿਯਮਾਂ ਅਨੁਸਾਰ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ (ਕਿੱਤੇ ਵਜੋਂ ਵਕੀਲ) ਗਰੇਵਾਲ ਖੁਦ ਯੀਂਲਮੀਜ਼ ਦੀ ਜ਼ਜੇਮੀ ਗਰੁੱਪ ਆਫ ਕੰਪਨੀਜ਼ ਦੇ ਕਾਨੂੰਨੀ ਸਲਾਹਕਾਰ ਦੱਸੇ ਜਾਂਦੇ ਹਨ।

 

Check Also

ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ

45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …