Home / ਹਫ਼ਤਾਵਾਰੀ ਫੇਰੀ / ਹਰਸਿਮਰਤ ਨੇ ਭਾਰੀ ਮਨ ਨਾਲ ਛੱਡਿਆ ਮੋਦੀ ਦਰਬਾਰ

ਹਰਸਿਮਰਤ ਨੇ ਭਾਰੀ ਮਨ ਨਾਲ ਛੱਡਿਆ ਮੋਦੀ ਦਰਬਾਰ

ਹਰਸਿਮਰਤ ਬਾਦਲ ਨੇ ਦਿੱਤਾ ਅਸਤੀਫ਼ਾ
ਅਕਾਲੀ-ਭਾਜਪਾ ਗੱਠਜੋੜ ਵੀ ਟੁੱਟਣਾ ਤਹਿ!
ਨਵੀਂ ਦਿੱਲੀ/ਬਿਊਰੋ ਨਿਊਜ਼ : ਬੜੇ ਭਾਰੀ ਮਨ ਨਾਲ ਹਰਸਿਮਰਤ ਕੌਰ ਬਾਦਲ ਨੇ ਮੋਦੀ ਦਾ ਦਰਬਾਰ ਛੱਡਿਆ। ਲਗਾਤਾਰ ਪੰਜਾਬ ਵਿਰੋਧੀ ਫੈਸਲਿਆਂ ਵਿਚ ਭਾਜਪਾ ਸਰਕਾਰ ਨਾਲ ਖਲੋਂਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਖੇਤੀ ਆਰਡੀਨੈਂਸ ਮਾਮਲੇ ਵਿਚ ਵੀ ਚੰਦ ਰੋਜ਼ ਪਹਿਲਾਂ ਤੱਕ ਕੇਂਦਰ ਸਰਕਾਰ ਦੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹਦਾ ਰਿਹਾ ਪਰ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦਾ ਦਬਾਅ, ਕਿਸਾਨ ਸੰਗਠਨਾਂ ਵੱਲੋਂ ਛੇੜਿਆ ਸੰਘਰਸ਼ ਤੇ ਅਕਾਲੀ ਦਲ ਨੂੰ ਸ਼ੀਸ਼ੇ ਵਾਂਗ ਸਾਫ਼ ਦਿਸਣ ਲੱਗਾ ਕਿ ਜੇ ਹੁਣ ਵੀ ਨਾ ਮੁੜੇ ਤਦ ਪੰਜਾਬ ਵਿਚ ਕਦਮ ਰੱਖਣਾ ਵੀ ਮੁਸ਼ਕਿਲ ਹੋ ਜਾਵੇਗਾ। ਇਸ ਸਭ ਦੇ ਚਲਦਿਆਂ ਆਖਰ ਨਰਿੰਦਰ ਮੋਦੀ ਦੀ ਕੈਬਨਿਟ ਵਿਚੋਂ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦੇ ਦਿੱਤਾ ਜੋ ਕਿ ਅੱਕ ਚੱਬਣ ਬਰਾਬਰ ਹੀ ਹੈ। ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਨੇ ਘਰ ਪਰਤਦਿਆਂ ਬਹੁਤ ਦੇਰ ਕਰ ਦਿੱਤੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਵਿਚੋਂ ਅਸਤੀਫਾ ਦੇ ਦਿੱਤਾ ਹੈ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਿੱਚ ਅਕਾਲੀ ਦਲ ਦੀ ਇਕਲੌਤੀ ਨੁਮਾਇੰਦਾ ਸੀ। ਅਸਤੀਫਾ ਦੇਣ ਤੋਂ ਬਾਅਦ ਹਰਸਿਮਰਤ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦੀ ਨੁਮਾਇੰਦਾ ਜਥੇਬੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਵਿੱਚ ਵੀ ਕੇਂਦਰ ਵੱਲੋਂ ਕਿਸਾਨਾਂ ਦੇ ਸ਼ੰਕੇ ਦੂਰ ਨਹੀਂ ਕੀਤੇ ਗਏ। ਹਰਸਿਮਰਤ ਨੇ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਕਾਨੂੰਨ ਦੇ ਵਿਰੋਧ ਵਿੱਚ ਮੈਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੈਨੂੰ ਮਾਣ ਹੈ ਕਿ ਮੈਂ ਕਿਸਾਨਾਂ ਨਾਲ ਉਨ੍ਹਾਂ ਦੀ ਧੀ ਅਤੇ ਭੈਣ ਬਣ ਕੇ ਖੜ੍ਹੀ ਹਾਂ। ਇਸ ਤੋਂ ਪਹਿਲਾਂ ਹਰਸਿਮਰਤઠਬਾਦਲ ਲੋਕ ਸਭਾ ਵਿੱਚ ਬਿੱਲਾਂ ‘ਤੇ ਚਰਚਾ ਦੌਰਾਨ ਵੀ ਗੈਰਹਾਜ਼ਰ ਰਹੇ ਸਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਸੱਤਾਧਾਰੀ ਐੱਨਡੀਏ ਗੱਠਜੋੜ ਵਿਚ ਰਹਿਣ ਜਾਂ ਬਾਹਰ ਆਉਣ ਦਾ ਫੈਸਲਾ ਪਾਰਟੀ ਮੀਟਿੰਗ ਵਿਚ ਕਰਨਗੇ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਤੇ ਉਨ੍ਹਾਂ ਦੀ ਭਲਾਈ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਨੂੰ ਭੇਜੇ ਚਾਰ ਸਫ਼ਿਆਂ ਦੇ ਆਪਣੇ ਅਸਤੀਫ਼ੇ ਵਿੱਚ ਬੀਬਾ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇ ਉਨ੍ਹਾਂ ਵੱਲੋਂ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਨੇ ਇਨ੍ਹਾਂ ਬਿੱਲਾਂ ਦੇ ਮੁੱਦੇ ‘ਤੇ ਕਿਸਾਨਾਂ ਨੂੰ ਭਰੋਸੇ ਵਿਚ ਨਹੀਂ ਲਿਆ। ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਹਰ ਮੈਂਬਰ ਕਿਸਾਨ ਹੈ ਤੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਹਿੱਤਾਂ ਦੇ ਪਹਿਰੇਦਾਰ ਵਜੋਂ ਆਪਣੀ ਪੁਰਾਣੀ ਰਵਾਇਤ ਨੂੰ ਜਾਰੀ ਰੱਖੇਗਾ।
ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਆਖ਼ਰ ਹਰਸਿਮਰਤ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਸਿਆਸੀ ਸ਼ਰੀਕਾਂ ਤੋਂ ਇਲਾਵਾ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਧਿਰਾਂ ਵੱਲੋਂ ਬਾਦਲ ਪਰਿਵਾਰ ‘ਤੇ ਕੇਂਦਰੀ ਵਜ਼ਾਰਤ ਵਿਚੋਂ ਬਾਹਰ ਆਉਣ ਦਾ ਦਬਾਅ ਪਾਇਆ ਜਾ ਰਿਹਾ ਸੀ। ਕਿਸਾਨਾਂ ਨੇ ਆਰਡੀਨੈਂਸ ਦਾ ਸਮਰਥਨ ਕਰਨ ਵਾਲੇ ਆਗੂਆਂ ਨੂੰ ਪਿੰਡਾਂ ਵਿਚ ਨਾ ਵੜਨ ਦੀ ਚਿਤਾਵਨੀ ਦਿੱਤੀ ਸੀ ਜਿਸ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਲਈ ਕਸੂਤੀ ਸਥਿਤੀ ਪੈਦਾ ਹੋ ਗਈ ਸੀ।
ਬੀਬੀ ਬਾਦਲ ਦਾ ਟਵੀਟ
”ਮੈਂ ਕਿਸਾਨਾਂ ਦੇ ਖਿਲਾਫ਼ ਲਿਆਂਦੇ ਜਾ ਰਹੇ ਬਿਲਾਂ ਦੇ ਵਿਰੋਧ ਵਜੋਂ ਕੇਂਦਰੀ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੈਨੂੰ ਮਾਣ ਹੈ ਕਿ ਮੈਂ ਆਪਣੇ ਕਿਸਾਨਾਂ ਦੇ ਨਾਲ ਉਨ੍ਹਾਂ ਦੀ ਭੈਣ ਅਤੇ ਬੇਟੀ ਦੇ ਰੂਪ ਵਿਚ ਖੜ੍ਹੀ ਹਾਂ।”-ਹਰਸਿਮਰਤ ਕੌਰ ਬਾਦਲ
ਪ੍ਰਧਾਨ ਮੰਤਰੀ ਮੋਦੀ ਦਾ ਟਵੀਟ
”ਕਿਸਾਨਾਂ ਨੂੰ ਗੁੰਮਰਾਹ ਕਰਨ ‘ਚ ਬਹੁਤ ਸਾਰੀਆਂ ਤਾਕਤਾਂ ਲੱਗੀਆਂ ਹੋਈਆਂ ਹਨ। ਮੈਂ ਆਪਣੇ ਕਿਸਾਨ ਭਰਾਵਾਂ ਤੇ ਭੈਣਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਐਮ ਐਸ ਪੀ ਅਤੇ ਸਰਕਾਰੀ ਖਰੀਦ ਦਾ ਪ੍ਰਬੰਧ ਬਣਿਆ ਰਹੇਗਾ।” -ਨਰਿੰਦਰ ਮੋਦੀ

Check Also

ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਵਿਚ ਐਸਆਈਟੀ ਦੇ ਚਲਾਨ ਵਿਚ ਖੁਲਾਸਾ

ਉਮਰਾਨੰਗਲ ਨੇ ਸੁਮੇਧ ਸੈਣੀ ਦੇ ਹੁਕਮਾਂ ‘ਤੇ ਕਰਵਾਈ ਸੀ ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ ਫਰੀਦਕੋਟ : ਬਹਿਬਲ …