Breaking News
Home / ਹਫ਼ਤਾਵਾਰੀ ਫੇਰੀ / ਦੇਸ਼ ਤੇ ਸੰਸਦ ਵਿਚ ਉਠਦਾ ਰਿਹਾ ਵਿਰੋਧ ਪਰ ਖੇਤੀ ਬਿੱਲ ਹੋਏ ਪਾਸ

ਦੇਸ਼ ਤੇ ਸੰਸਦ ਵਿਚ ਉਠਦਾ ਰਿਹਾ ਵਿਰੋਧ ਪਰ ਖੇਤੀ ਬਿੱਲ ਹੋਏ ਪਾਸ

Image Courtesy :jagbani(punjabkesar)

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰਨਾਂ ਵਿਰੋਧੀ ਦਲਾਂ ਦੇ ਨਾਲ-ਨਾਲ ਕੇਂਦਰ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਨੇ ਫਾਰਮਰਜ਼ ਪ੍ਰੋਡਿਊਸ ਟਰੇਡ ਐਂਡ ਕਾਮਰਸ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਬਿੱਲ ਸਮੇਤ ਦੋ ਖੇਤੀ ਬਿੱਲਾਂ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਵਿਰੋਧੀ ਧਿਰਾਂ ਨੇ ਜਿੱਥੇ ਬਿੱਲਾਂ ‘ਤੇ ਚਰਚਾ ਦੌਰਾਨ ਇਸ ਦਾ ਜ਼ੋਰਦਾਰ ਵਿਰੋਧ ਕੀਤਾ, ਉਥੇ ਜ਼ੁਬਾਨੀ ਵੋਟਿੰਗ ਦੌਰਾਨ ਸੱਤਾਧਾਰੀ ਧਿਰ ਨੂੰ ਛੱਡ ਕੇ ਵੱਡੀ ਗਿਣਤੀ ਮੈਂਬਰ ਵਾਕਆਊਟ ਕਰ ਗਏ। ਇਸ ਤੋਂ ਪਹਿਲਾਂ ਬਿੱਲਾਂ ‘ਤੇ ਵਿਚਾਰ ਚਰਚਾ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਪ੍ਰਬੰਧ ਜਾਰੀ ਰਹੇਗਾ ਤੇ ਸਰਕਾਰ ਵੱਲੋਂ ਤਜਵੀਜ਼ਤ ਖੇਤੀ ਬਿੱਲਾਂ ਨਾਲ ਇਸ ਪ੍ਰਬੰਧ ‘ਤੇ ਕੋਈ ਫਰਕ ਨਹੀਂ ਪਏਗਾ। ਤੋਮਰ ਨੇ ਲੋਕ ਸਭਾ ਵਿੱਚ ਫਾਰਮਰਜ਼ ਪ੍ਰੋਡਿਊਸ ਟਰੇਡ ਐਂਡ ਕਾਮਰਸ (ਪ੍ਰਮੋਸ਼ਨ ਤੇ ਫੈਸਿਲੀਟੇਸ਼ਨ) ਬਿੱਲ 2020 ਤੇ ਕਿਸਾਨ (ਸ਼ਸਕਤੀਕਰਨ ਤੇ ਸੁਰੱਖਿਆ) ਐਗਰੀਮੈਂਟ ਔਨ ਪ੍ਰਾਈਸ ਐਸ਼ੋਰੈਂਸ ਐਂਡ ਫਾਰਮ ਸਰਵਸਿਜ਼ ਬਿੱਲ 2020 ਰੱਖਦਿਆਂ ਕਿਹਾ ਕਿ ਇਨ੍ਹਾਂ ਬਿੱਲਾਂ ਦਾ ਮੁੱਖ ਮੰਤਵ ਖੇਤੀ ਨੂੰ ਲਾਹੇਵੰਦਾ ਬਣਾਉਣਾ ਹੈ। ਉਨ੍ਹਾਂ ਸਦਨ ਨੂੰ ਭਰੋਸਾ ਦਿੱਤਾ ਕਿ ਤਜਵੀਜ਼ਤ ਕਾਨੂੰਨ ਰਾਜਾਂ ਦੇ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ (ਏਪੀਐੱਮਸੀ) ਐਕਟ ਵਿਚ ਦਖ਼ਲ ਨਹੀਂ ਹੈ।
ਵਿਧਾਇਕ ਕੁਲਜੀਤ ਨਾਗਰਾ ਨੇ ਦਿੱਤਾ ਅਸਤੀਫ਼ਾ
ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਵਿਧਾਇਕੀ ਤੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਮੈਂ ਕਿਸਾਨ ਪੁੱਤ ਹਾਂ ਤੇ ਇਸ ਕਿਸਾਨ ਵਿਰੋਧੀ ਪਾਸ ਹੋਏ ਬਿਲ ਦੇ ਰੋਸੇ ਵਜੋਂ ਅਸਤੀਫ਼ਾ ਦੇ ਰਿਹਾ ਹਾਂ। ਮੈਂ ਇਸ ਕਾਲੇ ਦਿਨ ਦਾ ਗਵਾਹ ਨਹੀਂ ਬਣਨਾ ਚਾਹੁੰਦਾ।
ਬਾਦਲ ਟੱਬਰ ਕਰ ਰਿਹਾ ਡਰਾਮੇ : ਭਗਵੰਤ ਮਾਨ
ਹਰਸਿਮਰਤ ਬਾਦਲ ਦੇ ਅਸਤੀਫੇ ਅਤੇ ਲੋਕ ਸਭਾ ਵਿਚ ਸੁਖਬੀਰ ਬਾਦਲ ਦੀਆਂ ਤਕਰੀਰਾਂ ਨੂੰ ਡਰਾਮਾ ਦੱਸਦਿਆਂ ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਦਾ ਬੱਚਾ-ਬੱਚਾ ਬਾਦਲ ਪਰਿਵਾਰ ਨੂੰ ਹੁਣ ਮੁਆਫ਼ ਨਹੀਂ ਕਰੇਗਾ ਤੇ ਉਨ੍ਹਾਂ ਦੇ ਡਰਾਮੇ ਹੁਣ ਪੰਜਾਬ ਵਿਚ ਚੱਲਣ ਵਾਲੇ ਨਹੀਂ। ਭਗਵੰਤ ਮਾਨ ਨੇ ਆਖਿਆ ਕਿ ਪਹਿਲਾਂ ਤਾਂ ਆਰਡੀਨੈਂਸਾਂ ਦੇ ਹੱਕ ਵਿਚ ਕਸੀਦੇ ਪੜ੍ਹਦੇ ਸਨ ਤੇ ਹੁਣ ਅਸਤੀਫ਼ਾ ਦੇ ਕੇ ਸ਼ਹੀਦ ਹੋਣ ਨੂੰ ਫ਼ਿਰਦੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਨੂੰ ਵੀ ਨਸੀਹਤ ਦਿੱਤੀ ਕਿ ਕਿਸਾਨਾਂ ਦੇ ਮਸਲਿਆਂ ‘ਤੇ ਸਿਆਸਤ ਕਰਨ ਦੀ ਬਜਾਏ ਕੰਮ ਕਰੋ।
ਹਰਸਿਮਰਤ ਦਾ ਅਸਤੀਫ਼ਾ ਨੌਟੰਕੀ : ਅਮਰਿੰਦਰ
ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਦੇ ਅਸਤੀਫੇ ਨੂੰ ਅਕਾਲੀ ਦਲ ਵੱਲੋਂ ਇਕ ਤੋਂ ਬਾਅਦ ਇਕ ਰਚੇ ਜਾ ਰਹੇ ਡਰਾਮਿਆਂ ਦੀ ਇਕ ਹੋਰ ਨੌਟੰਕੀ ਦੱਸਿਆ। ਉਨ੍ਹਾਂ ਕਿਹਾ ਕਿ ਖੇਤੀਬਾੜੀ ਬਿੱਲਾਂ ਉਤੇ ਕੇਂਦਰ ਸਰਕਾਰ ਵੱਲੋਂ ਅਕਾਲੀਆਂ ਦੇ ਮੂੰਹ ‘ਤੇ ਤਮਾਚਾ ਮਾਰਨ ਦੇ ਬਾਵਜੂਦ ਅਕਾਲੀ ਦਲ ਨੇ ਹਾਲੇ ਤੱਕ ਸੱਤਾਧਾਰੀ ਗਠਜੋੜ ਨਾਲੋਂ ਨਾਤਾ ਨਹੀਂ ਤੋੜਿਆ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …