ਰਾਸ਼ਨ ਤਾਂ ਨੀਂ ਮਿਲਿਆ, ਪਰਚਾ ਜ਼ਰੂਰ ਹੋ ਗਿਐ
ਤਰਨ ਤਾਰਨ : ਕਰੋਨਾਵਾਇਰਸ ਕਾਰਨ ਲਗਾਏ ਕਰਫਿਊ ਦੌਰਾਨ ਪਿੰਡ ਮਾਨੋਚਾਹਲ ਕਲਾਂ ਦੇ ਸੈਂਕੜੇ ਪਰਿਵਾਰਾਂ ਨੂੰ ਰੋਟੀ ਦੇ ਲਾਲੇ ਪਏ ਹਨ। ਇਨ੍ਹਾਂ ਕਰੀਬ 600 ਪਰਿਵਾਰਾਂ ਨੂੰ ਰਾਸ਼ਨ ਦੇਣਾ ਤਾਂ ਦੂਰ, ਕਈ ਪਰਿਵਾਰਾਂ ਦੇ ਜੀਆਂ ਖ਼ਿਲਾਫ਼ ਰਾਸ਼ਨ ਦੀ ਵੰਡ ਕਰਦਿਆਂ ਹੱਲਾ-ਗੁੱਲਾ ਕਰਨ ਦੇ ਦੋਸ਼ ਅਧੀਨ ਇਕ ਕੇਸ ਜ਼ਰੂਰ ਦਰਜ ਦਿੱਤਾ ਗਿਆ। ਪਿੰਡ ਦੀ ਨਾਹਰਾਂ ਪੱਤੀ, ਸੁਰਸਿੰਘੀਆਂ ਪੱਤੀ ਅਤੇ ਗੋਦੂ ਪੱਤੀ ਦੇ ਵਸਨੀਕ ਪਰਿਵਾਰਾਂ ਨੇ ਦੱਸਿਆ ਕਿ ਤਾਲਾਬੰਦੀ ਮਗਰੋਂ ਪਿੰਡ ਦੇ ਕਰੀਬ 700 ਪਰਿਵਾਰਾਂ ਨੂੰ ਕਰੀਬ ਦੋ ਹਫਤੇ ਪਹਿਲਾਂ ਖੁਰਾਕ ਅਤੇ ਸਪਲਾਈ ਵਿਭਾਗ ਦੀ ਇਕ ਟੀਮ ਰਾਸ਼ਨ ਵੰਡਣ ਲਈ ਸਿਰਫ਼ 290 ਲਾਭਪਾਤਰੀਆਂ ਦੀ ਲਿਸਟ ਲੈ ਕੇ ਆਈ, ਜਿਸ ਦਾ ਪਿੰਡ ਵਾਲਿਆਂ ਵਿਰੋਧ ਕੀਤਾ ਤੇ ਟੀਮ ਨੂੰ ਰਾਸ਼ਨ ਵੰਡੇ ਬਿਨਾ ਵਾਪਸ ਜਾਣਾ ਪਿਆ। ਪਿੰਡ ਦੇ ਸਰਪੰਚ ਕੁਲਦੀਪ ਸਿੰਘ ਦੇ ਬਿਆਨਾਂ ‘ਤੇ 12 ਜਣਿਆਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਖ਼ਿਲਾਫ਼ ਪੁਲੀਸ ਵੱਲੋਂ ਕੇਸ ਦਰਜ ਕਰਨ ਮਗਰੋਂ ਉਹ ਵਿਹੜੇ ‘ਚ ਆਉਣ ਤੋਂ ਵੀ ਖ਼ੌਫ਼ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਨ ਨਾ ਮਿਲਣ ਤੇ ਦਿਹਾੜੀਆਂ ਬੰਦ ਹੋਣ ਕਾਰਨ ਉਨ੍ਹਾਂ ਦੇ ਚੁੱਲ੍ਹੇ ਠੰਢੇ ਪੈ ਗਏ ਹਨ।
ਲੋਕਾਂ?ਦੇ ਵਿਰੋਧ ਕਾਰਨ ਨਹੀਂ ਵੰਡਿਆ ਰਾਸ਼ਨ:?ਅਧਿਕਾਰੀ
ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ (ਡੀ ਐੱਫ ਐੱਸ ਸੀ) ਜਸਜੀਤ ਕੌਰ ਨੇ ਦੱਸਿਆ ਕਿ ਸਰਕਾਰ ਦੇ ਨਿਯਮਾਂ ਅੰਦਰ ਵਿਭਾਗ ਦੀ ਟੀਮ ਪਿੰਡ ਦੇ ਕੁੱਲ 600 ਦੇ ਕਰੀਬ ਲਾਭਪਾਤਰੀਆਂ ਵਿੱਚੋਂ ਪਹਿਲੀ ਕਿਸ਼ਤ ਦੇ 290 ਲਾਭਪਾਤਰੀਆਂ ਨੂੰ ਕਣਕ ਦੇਣ ਗਈ ਸੀ ਪਰ ਲੋਕਾਂ ਨੇ ਰੌਲਾ ਪਾ ਕੇ ਮੁਲਾਜ਼ਮਾਂ ਨੂੰ ਕਣਕ ਵੰਡ ਨਹੀਂ ਵੰਡਣ ਦਿੱਤੀ, ਜਿਸ ਕਰਕੇ ਟੀਮ ਦੇ ਮੈਂਬਰ ਵਾਪਸ ਆ ਗਏ।
ਬਾਦਲ ਦੇ ਸਹੁਰੇ ਪਿੰਡ ਵੀ ਨਹੀਂ ਪੁੱਜਿਆ ਸਰਕਾਰੀ ਰਾਸ਼ਨ
ਭੁੱਚੋ ਮੰਡੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਅਤੇ ਭਾਈ ਹਰਜੋਗਿੰਦਰ ਨਗਰ ਵਿੱਚ ਹਾਲੇ ਤੱਕ ਸਰਕਾਰੀ ਰਾਸ਼ਨ ਨਹੀਂ ਪੁੱਜਿਆ। ਗਰੀਬ ਲੋਕ ਬੇਸਬਰੀ ਨਾਲ ਰਾਸ਼ਨ ਦੀ ਉਡੀਕ ਕਰ ਰਹੇ ਹਨ। ਕਾਂਗਰਸੀਆਂ ਵੱਲੋਂ ਕਥਿਤ ਤੌਰ ‘ਤੇ ਜਾਣ-ਬੁੱਝ ਕੇ ਕੀਤੀ ਜਾ ਰਹੀ ਕਾਣੀ ਵੰਡ ਤੋਂ ਦੋਵੇਂ ਪਿੰਡਾਂ ਦੇ ਸਰਪੰਚ ਅਮਰਿੰਦਰ ਸਿੰਘ ਅਤੇ ਪਰਮਜੀਤ ਕੌਰ ਔਖੇ ਹਨ। ਉਨ੍ਹਾਂ ਕਿਹਾ ਕਿ ਉਹ ਦੋਵੇਂ ਸਰਪੰਚ ਅਕਾਲੀ ਪਾਰਟੀ ਨਾਲ ਸਬੰਧਤ ਹਨ। ਇਸ ਲਈ ਕਾਂਗਰਸ ਪਾਰਟੀ ਗਰੀਬਾਂ ਦੇ ਭੁੱਖੇ ਬੱਚਿਆਂ ਦਾ ਖਿਆਲ ਭੁਲਾ ਕੇ ਸਿਆਸੀ ਕਿੜ ਕੱਢ ਰਹੀ ਹੈ। ਸਰਪੰਚ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸੀ ਪਿੰਡਾਂ ਵਿੱਚ 8 ਅਪਰੈਲ ਤੋਂ ਸਰਕਾਰੀ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਪਰ ਸਾਡੇ ਪਿੰਡਾਂ ਵਿੱਚ ਹਾਲੇ ਤੱਕ ਕੋਈ ਵੀ ਕਿੱਟ ਨਹੀਂ ਪੁੱਜੀ। ਉਨ੍ਹਾਂ ਦੱਸਿਆ ਕਿ ਗਰੀਬ ਲੋਕ ਕਾਫੀ ਪ੍ਰੇਸ਼ਾਨ ਹਨ ਅਤੇ ਕਈ ਪਰਿਵਾਰ ਤਾਂ ਗੁਰਦੁਆਰੇ ਵਿੱਚੋਂ ਲੰਗਰ ਛਕ ਕੇ ਆਉਂਦੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …