ਕੇਂਦਰ ਦੇ ਪੰਜਾਬ ਤੇ ਕਿਸਾਨ ਵਿਰੋਧੀ ਫੈਸਲਿਆਂ ‘ਚ ਹਾਮੀ ਭਰਨ ‘ਤੇ ਅਕਾਲੀ ਦਲ ਦਾ ਵਿਰੋਧ ਹੋਰ ਵਧਿਆ
ਚੰਡੀਗੜ੍ਹ : ਬੇਸ਼ੱਕ ਪੰਜਾਬ ਵਿਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੈ ਤੇ ਉਹ ਸਰਕਾਰ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ‘ਤੇ ਖਰੀ ਵੀ ਨਹੀਂ ਉਤਰ ਰਹੀ, ਜਿਸ ਕਾਰਨ ਪੰਜਾਬ ਵਾਸੀਆਂ ਦੇ ਮਨਾਂ ਵਿਚ ਕੈਪਟਨ ਸਰਕਾਰ ਖਿਲਾਫ ਰੋਸ ਵਧਦਾ ਜਾ ਰਿਹਾ ਹੈ ਪਰ ਇਹ ਰੋਸ ਵਧਣ ਦੇ ਬਾਵਜੂਦ ਵੀ ਲੋਕਾਂ ਦੇ ਮਨਾਂ ਵਿਚੋਂ ਅਕਾਲੀ ਦਲ ਖਿਲਾਫ਼ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਣਿਆ ਰੋਸ ਘਟਣ ਦਾ ਨਾਂ ਨਹੀਂ ਲੈ ਰਿਹਾ। ਅਕਾਲੀ ਰਾਜ ਦੇ ਸਮੇਂ ਹੋਏ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਤੇ ਬਰਗਾੜੀ ਗੋਲੀ ਕਾਂਡ ਕਾਰਨ ਅਕਾਲੀ ਦਲ ਨੂੰ ਸੱਤਾ ਤੋਂ ਹੱਥ ਧੋਣਾ ਪਿਆ ਸੀ ਪਰ ਫਿਰ ਵੀ ਅਕਾਲੀ ਆਗੂਆਂ ਵੱਲੋਂ ਸਮੇਂ-ਸਮੇਂ ਕੀਤੀਆਂ ਰਾਜਨੀਤਿਕ ਗਲਤੀਆਂ ਤੇ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਚ ਇਕ ਮੰਤਰੀ ਦੀ ਕੁਰਸੀ ਦੇ ਲਾਲਚ ਵਿਚ ਪੰਜਾਬ ਵਿਰੋਧੀ ਫੈਸਲਿਆਂ ਵਿਚ ਭਰੀ ਹਾਮੀ ਕਾਰਨ ਅਕਾਲੀ ਦਲ ਖਿਲਾਫ਼ ਪੰਜਾਬੀਆਂ ਦਾ ਰੋਸ ਬਰਕਰਾਰ ਹੈ। ਜੰਮੂ-ਕਸ਼ਮੀਰ ਦੇ ਮਸਲੇ ‘ਤੇ ਘੱਟ ਗਿਣਤੀਆਂ ਦੇ ਹੱਕ ਵਿਚ ਖਲੋਣ ਦੀ ਬਜਾਏ ਕੇਂਦਰ ਦੀ ਹਾਂ ਦੇ ਵਿਚ ਹਾਂ ਮਿਲਾਉਣਾ ਤੇ ਫਿਰ ਐਨ ਆਰ ਸੀ ਤੇ ਸੀਏਏ ਦੇ ਮੌਕੇ ਵੀ ਕੇਂਦਰ ਦੇ ਨਾਲ ਖੜ੍ਹਨਾ ਤੇ ਹੱਦ ਤਾਂ ਤਦ ਹੋ ਗਈ ਜਦੋਂ ਕੇਂਦਰ ਵੱਲੋਂ ਕਿਸਾਨ ਨੂੰ ਖੁੱਲ੍ਹੀ ਮੰਡੀ ਵਿਚ ਰੁਲਣ ਲਈ ਛੱਡਣ ਦੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਦਾ ਵੀ ਅਕਾਲੀ ਦਲ ਨੇ ਸਮਰਥਨ ਕਰ ਦਿੱਤਾ ਤੇ ਪਿਛਲੇ 19 ਦਿਨਾਂ ਤੋਂ ਲਗਾਤਾਰ ਵਧ ਰਹੇ ਪੈਟਰੋਲ-ਡੀਜ਼ਲ ਦੇ ਭਾਅ ‘ਤੇ ਵੀ ਅਕਾਲੀ ਦਲ ਮੂੰਹ ਨਹੀਂ ਖੋਲ੍ਹ ਰਿਹਾ। ਇਨ੍ਹਾਂ ਸਾਰੇ ਮਾਮਲਿਆਂ ਦੇ ਚਲਦਿਆਂ ਜਿੱਥੇ ਪੰਜਾਬ ਵਾਸੀਆਂ ਦੇ ਮਨਾਂ ਵਿਚ ਅਕਾਲੀ ਦਲ ਖਿਲਾਫ਼ ਰੋਸ ਬਣਿਆ ਹੋਇਆ ਹੈ, ਉਥੇ ਹੀ ਲਗਾਤਾਰ ਅਕਾਲੀ ਦਲ ਨੂੰ ਇਨ੍ਹਾਂ ਵਿਚੋਂ ਹੀ ਗਏ ਅਕਾਲੀ ਲੀਡਰ ਢਾਅ ਲਾ ਰਹੇ ਹਨ। ਜਦੋਂਕਿ ਅਕਾਲੀ ਦਲ ਦੇ ਕੁੱਝ ਲੀਡਰ ‘ਆਪ’ ਦਾ ਰੁਖ ਕਰਨ ਲੱਗੇ ਹਨ।
ਡੀਜਲ ਦੀ ਮਹਿੰਗਾਈ ਨੇ ਪੰਜਾਬ ਦੇ ਕਿਸਾਨ ਨੂੰ ਹੋਰ ਡੋਬਿਆ
ਪਹਿਲਾਂ ਕੇਂਦਰ ਨੇ ਡੀਜਲ ‘ਤੇ ਐਕਸਾਈਜ਼ ਡਿਊਟੀ ਵਧਾਈ ਫਿਰ ਪੰਜਾਬ ਸਰਕਾਰ ਨੇ ਵੈਟ ਵਧਾਇਆ ਤੇ ਹੁਣ ਪਿਛਲੇ 19 ਦਿਨਾਂ ਤੋਂ ਤੇਲ ਕੰਪਨੀਆਂ ਲਗਾਤਾਰ ਪੈਟਰੋਲ-ਡੀਜਲ ਦੀਆਂ ਕੀਮਤਾਂ ‘ਚ ਵਾਧਾ ਕਰ ਰਹੀਆਂ ਹਨ। ਡੀਜਲ ਦੀਆਂ ਵਧੀਆਂ ਕੀਮਤਾਂ ਕਾਰਨ ਪੰਜਾਬ ਦੇ ਕਿਸਾਨ ਦੀ ਲਾਗਤ ‘ਚ 10 ਫੀਸਦੀ ਤੱਕ ਦਾ ਵਾਧਾ ਹੋ ਗਿਆ ਹੈ ਜਦੋਂਕਿ ਰਾਹਤ ਕਿਸੇ ਪਾਸਿਓਂ ਵੀ ਨਹੀਂ ਮਿਲ ਰਹੀ। ਪੈਟਰੋਲ-ਡੀਜਲ ਦੀਆਂ ਕੀਮਤਾਂ ‘ਚ ਵਾਧੇ ਕਾਰਨ ਮਹਿੰਗਾਈ ਦਾ ਵਧਣਾ ਵੀ ਲਾਜ਼ਮੀ ਹੋ ਗਿਆ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …