ਓਨਟਾਰੀਓ ਦੇ ਕਾਲਜ ਨੇ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਕੀਤਾ ਇਨਕਾਰ
ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧੀਆਂ, ਅਗਸਤ-ਸਤੰਬਰ ਦੀ ਥਾਂ ਜਨਵਰੀ ‘ਚ ਬੁਲਾਇਆ
ਉਨਟਾਰੀਓ, ਚੰਡੀਗੜ੍ਹ/ਬਿਊਰੋ ਨਿਊਜ਼: ਕੈਨੇਡਾ ਵਿਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਅਚਾਨਕ ਸਤੰਬਰ ਵਿਚ ਸ਼ੁਰੂ ਹੋਣ ਵਾਲੇ ਸੈਸ਼ਨ ਵਿਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਹੈ। ਇਸ ਨਾਲ ਇਸੇ ਅਗਸਤ ਅਤੇ ਸਤੰਬਰ ਮਹੀਨੇ ਵਿਚ ਕੈਨੇਡਾ ਪਹੁੰਚਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ।
ਮੁੱਖ ਤੌਰ ‘ਤੇ ਉਨਟਾਰੀਓ ਦੇ ਨਾਰਦਰਨ ਕਾਲਜ ਵਲੋਂ ਸਤੰਬਰ ਸੈਸ਼ਨ ਵਿਚ ਵਿਦਿਆਰਥੀਆਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਇਸ ਵਿਚ ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਹਨ।
ਕਰੀਬ ਤਿੰਨ ਹਜ਼ਾਰ ਵਿਦਿਆਰਥੀਆਂ ਨੇ ਕੈਨੇਡਾ ਪਹੁੰਚਣ ਦੀ ਪੂਰੀ ਤਿਆਰੀ ਕਰ ਲਈ ਸੀ ਅਤੇ ਕੈਨੇਡਾ ਪਹੁੰਚਣ ਦੀ ਵਨ ਸਾਈਡ ਏਅਰ ਟਿਕਟ ਵੀ ਖਰੀਦ ਲਈ ਸੀ, ਜੋ ਹੁਣ ਰਿਫੰਡ ਵੀ ਨਹੀਂ ਹੋ ਸਕਦੀ ਹੈ।
ਇਸ ਮਾਮਲੇ ਨੂੰ ਕੈਨੇਡਾ ਵਿਚ ਵੀ ਕੁਝ ਸਿੱਖ ਸੰਗਠਨਾਂ ਵਲੋਂ ਉਠਾਇਆ ਗਿਆ ਹੈ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਕਾਲਜ ਨੂੰ ਈਮੇਲ ਕਰਕੇ ਸਤੰਬਰ ਵਿਚ ਹੀ ਪੜ੍ਹਾਈ ਸ਼ੁਰੂ ਕਰਨ ਲਈ ਕਹਿ ਰਹੇ ਹਨ। ਇਸ ਮਾਮਲੇ ਵਿਚ ਇਕ ਪੱਤਰ ਉਨਟਾਰੀਓ ਦੇ ਮਨਿਸਟਰ ਆਫ ਕਾਲਜਿਜ਼ ਐਂਡ ਯੂਨੀਵਰਸਿਟੀਜ਼ ਜੇਨ ਡਨਲਪ ਨੂੰ ਵੀ ਲਿਖਿਆ ਹੈ। ਵਿਦਿਆਰਥੀਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਨਾਰਦਰਨ ਕਾਲਜ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਤਰ੍ਹਾਂ ਅਚਾਨਕ ਹੀ ਸੈਂਕੜੇ ਵਿਦਿਆਰਥੀਆਂ ਦੀ ਐਡਮਿਸ਼ਨ ਨੂੰ ਵਾਪਸ ਲੈਣਾ ਸਹੀ ਫੈਸਲਾ ਨਹੀਂ ਹੈ।
ਰਹਿਣ ਲਈ ਕਿਰਾਇਆ ਵੀ ਅਦਾ ਕਰ ਚੁੱਕੇ ਹਨ ਵਿਦਿਆਰਥੀ
ਵਿਦਿਆਰਥੀਆਂ ਨੂੰ ਇਸੇ ਅਗਸਤ ਮਹੀਨੇ ਦੀ ਸ਼ੁਰੂਆਤ ‘ਚ ਦਾਖਲਾ ਰੱਦ ਕੀਤੇ ਜਾਣ ਦੀਆਂ ਈਮੇਲਜ਼ ਆਉਣ ਲੱਗੀਆਂ ਹਨ, ਜਦਕਿ ਉਹ ਅਗਸਤ ਮਹੀਨੇ ਦੀਆਂ ਤਰੀਕਾਂ ਦੀ ਮਹਿੰਗੀ ਏਅਰ ਟਿਕਟ ਵੀ ਖਰੀਦ ਚੁੱਕੇ ਹਨ। ਵਨ ਸਾਈਡ ਨੌਨ ਰਿਫੰਡੇਬਲ ਟਿਕਟ ਹੋਣ ਦੇ ਚੱਲਦਿਆਂ ਉਹ ਇਸ ਨੂੰ ਵਾਪਸ ਜਾਂ ਕੈਂਸਲ ਵੀ ਨਹੀਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਇਹ ਵਿਦਿਆਰਥੀ ਕੈਨੇਡਾ ਵਿਚ ਆਪਣੇ ਰਹਿਣ ਲਈ ਕਿਰਾਇਆ ਵੀ ਅਦਾ ਕਰ ਚੁੱਕੇ ਹਨ। ਕਾਲਜ ਤੋਂ ਰਿਫੰਡ ਵੀ ਕੁਝ ਕਟੌਤੀ ਤੋਂ ਬਾਅਦ ਹੀ ਮਿਲੇਗਾ। ਜਨਵਰੀ ‘ਚ ਅਗਲੇ ਸੈਸ਼ਨ ਦੇ ਲਈ ਮੈਡੀਕਲ ਜਾਂਚ ਅਤੇ ਆਈਲੈਟਸ ਵੀ ਦੁਬਾਰਾ ਕਰਨੀ ਪੈ ਸਕਦੀ ਹੈ। ਇਸ ‘ਤੇ ਫਿਰ ਤੋਂ ਹਜ਼ਾਰਾਂ ਰੁਪਏ ਖਰਚ ਹੋਣਗੇ।
ਆਸਟਰੇਲੀਆ ਦੇ ਕੁਈਨਜ਼ਲੈਂਡ ‘ਚ ਸਿੱਖ ਬੱਚਿਆਂ ਨੂੰ ਸਕੂਲ ‘ਚ ਗਾਤਰਾ ਪਾਉਣ ਦੀ ਇਜਾਜ਼ਤ ਮਿਲੀ
ਮੈਲਬਰਨ : ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਅਦਾਲਤ ਨੇ ਸਕੂਲ ਕੈਂਪਸ ਵਿੱਚ ਸਿੱਖ ਵਿਦਿਆਰਥੀਆਂ ਨੂੰ ਗਾਤਰਾ ਪਾਉਣ ‘ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਨੂੰ ‘ਅਸੰਵਿਧਾਨਕ’ ਕਰਾਰ ਦਿੰਦਿਆਂ ਪਲਟ ਦਿੱਤਾ ਹੈ। ਰਾਜ ਦੀ ਸਰਵਉੱਚ ਅਦਾਲਤ ਦਾ ਇਹ ਫੈਸਲਾ ਕਮਲਜੀਤ ਕੌਰ ਅਠਵਾਲ ਵੱਲੋਂ ਪਿਛਲੇ ਸਾਲ ਰਾਜ ਸਰਕਾਰ ਨੂੰ ਅਦਾਲਤ ਵਿੱਚ ਲੈ ਜਾਣ ਤੋਂ ਬਾਅਦ ਆਇਆ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਗਾਤਰੇ ‘ਤੇ ਪਾਬੰਦੀ ਉਨ੍ਹਾਂ ਨਾਲ ਵਿਤਕਰਾ ਹੈ। ਕੁਈਨਜ਼ਲੈਂਡ ਦੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਨਸਲੀ ਭੇਦਭਾਵ ਐਕਟ (ਆਰਡੀਏ) ਤਹਿਤ ਪਾਬੰਦੀ ਗੈਰ-ਸੰਵਿਧਾਨਕ ਹੈ।
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਸਟਰੇਲੀਆ ਦੇ ਸਿੱਖਾਂ ਨੂੰ ਦਿੱਤੀ ਵਧਾਈ : ਕੁਈਨਜ਼ਲੈਂਡ ਦੇ ਸਕੂਲਾਂ ‘ਚ ਕਿਰਪਾਨ ਪਾਉਣ ਦੀ ਪਾਬੰਦੀ ਖਿਲਾਫ ਅਦਾਲਤੀ ਕੇਸ ਜਿੱਤਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਸਟਰੇਲੀਆ ਦੇ ਸਿੱਖਾਂ ਨੂੰ ਵਧਾਈ ਦਿੱਤੀ ਹੈ। ਜਥੇਦਾਰ ਨੇ ਕਿਹਾ ਕਿ ਕੁਈਨਜ਼ਲੈਂਡ ਦੀ ਅਦਾਲਤ ਵਲੋਂ ਸਿੱਖਾਂ ਨੂੰ ਕਕਾਰ ਵਜੋਂ ਕਿਰਪਾਨ ਧਾਰਨ ਕਰਨ ਦੀ ਖੁੱਲ੍ਹ ਦੇਣ ਨਾਲ ਮਿਲਵਰਤਣ ਦੀ ਭਾਵਨਾ ਵੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਕਿਰਪਾਨ ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਕਕਾਰ ਵਜੋਂ ਬਖਸ਼ਿਸ਼ ਕੀਤੀ ਗਈ ਹੈ ਜੋ ਸਿੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਉਨ੍ਹਾਂ ਦੱਸਿਆ ਕਿ ਕੁਈਨਜ਼ਲੈਂਡ ਦੇ ਸਕੂਲਾਂ ਅੰਦਰ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਕਿਰਪਾਨ ਪਹਿਨ ਕੇ ਆਉਣ ਤੋਂ ਰੋਕਿਆ ਗਿਆ ਸੀ ਪਰ ਬੀਬੀ ਕਮਲਜੀਤ ਕੌਰ ਨੇ ਇਸ ਪਾਬੰਦੀ ਨੂੰ ਕੁਈਨਜ਼ਲੈਂਡ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ।