Breaking News
Home / ਹਫ਼ਤਾਵਾਰੀ ਫੇਰੀ / ਮ੍ਰਿਤਕਾਂ ਦੀ ਪੈਨਸ਼ਨ ਲੈਣ ਵਾਲਿਆਂ ਦੀ ਖੈਰ ਨਹੀਂ!

ਮ੍ਰਿਤਕਾਂ ਦੀ ਪੈਨਸ਼ਨ ਲੈਣ ਵਾਲਿਆਂ ਦੀ ਖੈਰ ਨਹੀਂ!

91 ਹਜ਼ਾਰ ਵਿਚੋਂ 63 ਹਜ਼ਾਰ ਵਿਅਕਤੀਆਂ ਦੀ ਜਾਂਚ ਪੂਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ 91 ਹਜ਼ਾਰ ਮ੍ਰਿਤਕ ਵਿਅਕਤੀਆਂ ਦੇ ਨਾਮ ਬੁਢਾਪਾ ਪੈਨਸ਼ਨ ਜਾਰੀ ਰਹਿਣ ਦਾ ਭਾਂਡਾ ਭੰਨਣ ਤੋਂ ਬਾਅਦ ਹੁਣ ਸਮਾਜਿਕ ਸੁਰੱਖਿਆ ਵਿਭਾਗ ਨੇ ਇਸ ਸਮਾਜਿਕ ਕਲਿਆਣ ਯੋਜਨਾ ਦਾ ਲਾਭ ਲੈ ਰਹੇ ਵਿਅਕਤੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਅਜਿਹੇ ਪੈਨਸ਼ਨ ਲੈਣ ਵਾਲੇ ਵਿਅਕਤੀਆਂ ਕੋਲੋਂ ਰਿਕਵਰੀ ਵੀ ਕੀਤੀ ਜਾਏਗੀ। ਲੰਬੇ ਸਮੇਂ ਤੋਂ ਬੁਢਾਪਾ ਪੈਨਸ਼ਨ ਲੈ ਰਹੇ 63,124 ਵਿਅਕਤੀ, ਜਿਹੜੇ ਪਿੰਡਾਂ ਨਾਲ ਸਬੰਧਤ ਹਨ, ਵਿਭਾਗ ਵਲੋਂ ਉਨ੍ਹਾਂ ਦੇ ਜੇ-ਫਾਰਮ ਅਤੇ ਹੋਰ ਕਾਗਜ਼ਾਤਾਂ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ।
ਇਸ ਸਬੰਧ ਵਿਚ ਸਾਰੇ ਜ਼ਿਲ੍ਹਾ ਕਲਿਆਣ ਅਧਿਕਾਰੀਆਂ ਨੂੰ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਪਿੰਡ ਵਾਸੀ ਵਿਅਕਤੀਆਂ ਵਿਚ ਸ਼ਾਮਲ ਕਿਸਾਨਾਂ ਦੀ ਜਾਂਚ ਮੰਡੀ ਬੋਰਡ ਵਿਚ ਉਨ੍ਹਾਂ ਵਲੋਂ ਫਸਲ ਦੀ ਵਿਕਰੀ ਲਈ ਜਮ੍ਹਾ ਕਰਾਏ ਜੇ-ਫਾਰਮ ਦੇ ਅਧਾਰ ‘ਤੇ ਕੀਤੀ ਜਾ ਰਹੀ ਹੈ। ਵਿਭਾਗ ਦੇ ਸੂਤਰਾਂ ਦੇ ਅਨੁਸਾਰ ਬੁਢਾਪਾ ਪੈਨਸ਼ਨ ਲੈ ਰਹੇ 63,124 ਵਿਅਕਤੀਆਂ ਵਿਚੋਂ ਜ਼ਿਆਦਾ ਵਿਅਕਤੀ ਆਯੋਗ ਹਨ। ਇਨ੍ਹਾਂ ਵਿਚੋਂ ਕਿਸੇ ਵਿਅਕਤੀ ਦੀ ਸਲਾਨਾ ਆਮਦਨ 60 ਹਜ਼ਾਰ ਰੁਪਏ ਦੀ ਨਿਰਧਾਰਤ ਰਾਸ਼ੀ ਤੋਂ ਜ਼ਿਆਦਾ ਹੈ ਅਤੇ ਕਿਸੇ ਦੇ ਕੋਲ ਖੇਤੀ ਯੋਗ ਜ਼ਮੀਨ 2 ਏਕੜ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਕਈ ਲਾਭਪਾਤਰੀ ਮੁਫਤ ਆਟਾ-ਦਾਲ ਸਕੀਮ ਦਾ ਲਾਭ ਵੀ ਲੈ ਰਹੇ ਹਨ। ਸਾਰੇ ਜ਼ਿਲ੍ਹਿਆਂ ਵਿਚੋਂ ਇਸ ਸਬੰਧੀ ਰਿਪੋਰਟ ਜਲਦੀ ਮਿਲਣ ਦੀ ਉਮੀਦ ਹੈ ਅਤੇ ਵਿਭਾਗ ਤੁਰੰਤ ਹੀ ਆਯੋਗ ਵਿਅਕਤੀਆਂ ਦੀ ਪੈਨਸ਼ਨ ਬੰਦ ਕਰੇਗਾ।
ਗੌਰਤਲਬ ਹੈ ਕਿ ਵਿਭਾਗ ਵਲੋਂ ਇਸ ਤੋਂ ਪਹਿਲਾਂ ਕਰਾਈ ਗਈ ਜਾਂਚ ਵਿਚ ਬੁਢਾਪਾ ਪੈਨਸ਼ਨ ਦੇ 91 ਹਜ਼ਾਰ ਅਜਿਹੇ ਮਾਮਲੇ ਉਜਾਗਰ ਹੋਏ ਸੀ, ਜਿਨ੍ਹਾਂ ‘ਚ ਲਾਭਪਾਤਰੀਆਂ ਦੀ ਮੌਤ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੁਢਾਪਾ ਪੈਨਸ਼ਨ ਹਾਸਲ ਕਰਦੇ ਰਹੇ। ਵਿਭਾਗ ਨੇ ਇਹ ਖਾਤੇ ਬੰਦ ਕਰਨ ਦੇ ਨਾਲ ਹੀ ਸਬੰਧਿਤ ਪਰਿਵਾਰਾਂ ਕੋਲੋਂ ਭਰਪਾਈ ਵੀ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਵਿਚ ਪੇਂਡੂ ਪੈਨਸ਼ਨਧਾਰਕਾਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਬੁਢਾਪਾ ਪੈਨਸ਼ਨ ਦੇ ਲਈ ਜੋ ਵੀ ਨਿਯਮ ਬਣਾਏ ਗਏ ਹਨ, ਉਹ ਪਿਛਲੀਆਂ ਸਰਕਾਰਾਂ ਵਲੋਂ ਹੀ ਤੈਅ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਯੋਗ ਲਾਭਪਾਤਰੀਆਂ ਦੀ ਪਹਿਚਾਣ ਕਰਨ ਦੇ ਲਈ ਜਾਂਚ ਕਰਾਈ ਹੈ। ਨਿਯਮਾਂ ਦੇ ਖਿਲਾਫ ਜੇਕਰ ਕੋਈ ਵੀ ਵਿਅਕਤੀ ਸਮਾਜਿਕ ਪੈਨਸ਼ਨ ਦਾ ਲਾਭ ਲੈ ਰਿਹਾ ਹੋਵੇਗਾ, ਤਾਂ ਉਸ ਨੂੰ ਤੁਰੰਤ ਇਸ ਯੋਜਨਾ ਤੋਂ ਬਾਹਰ ਕੀਤਾ ਜਾਵੇਗਾ।
– ਡਾ. ਬਲਜੀਤ ਕੌਰ
ਸਮਾਜਿਕ ਸੁਰੱਖਿਆ ਮੰਤਰੀ

 

Check Also

ਭਾਰਤ ਤੋਂ ਵਿਦਿਆਰਥੀ ਘੱਟ ਆਉਣ ਨਾਲ ਕੈਨੇਡਾ ਦੇ ਕਾਲਜਾਂ ਨੂੰ ਆਈ ਤੰਗੀ

ਕੈਨੇਡੀਅਨ ਵਿਦਿਆਰਥੀਆਂ ਲਈ ਸਰਕਾਰ ਕੋਲੋਂ ਮੰਗਿਆ ਜਾਵੇਗਾ ਜ਼ਿਆਦਾ ਫੰਡ ਭਾਰਤੀ ਵਿਦਿਆਰਥੀਆਂ ਤੋਂ ਜ਼ਿਆਦਾ ਫੀਸ ਮਿਲਦੀ …