ਬਰੈਂਪਟਨ/ਬਿਊਰੋ ਨਿਊਜ਼ : ਫ਼ੈੱਡਰਲ ਸਰਕਾਰ ਵੱਲੋਂ ਡਾਰਲਿੰਗਟਨ ਦੇ ਨਵੇਂ ਨਿਊਕਲੀਅਰ ਪ੍ਰਾਜੈੱਕਟ ਵਿੱਚ ਕੀਤਾ ਜਾ ਰਿਹਾ ਪੂੰਜੀ-ਨਿਵੇਸ਼ ਕੈਨੇਡਾ ਦਾ ‘ਨਵਾਂ ਮੀਲ-ਪੱਥਰ’ ਹੈ। ਸਰਕਾਰ ਦਾ ਇਹ ਉਪਰਾਲਾ ਓਨਟਾਰੀਓ ਦੇ ‘ਐਨੱਰਜੀ ਗਰਿੱਡ’ ਨੂੰ ਮਜ਼ਬੂਤ ਕਰੇਗਾ, ਹਜ਼ਾਰਾਂ ਨਵੀਆਂ ਉੱਚ-ਦਰਜੇ ਦੀਆਂ ਨੌਕਰੀਆਂ ਪੈਦਾ ਕਰੇਗਾ ਅਤੇ ਸਾਫ਼-ਸੁਥਰੀ ਐਟਮੀ ਊਰਜਾ ਦੀ ਖੋਜ ਵਿਚ ਸੰਸਾਰ-ਭਰ ਵਿੱਚ ਕੈਨੇਡਾ ਨੂੰ ਮੋਹਰੀ ਦੇਸ਼ ਬਣਾਏਗਾ।
ਬੌਮਨਵਿਲ ਵਿੱਚ ਡਾਰਲਿੰਗਟਨ ਵਿਖੇ ਚਾਰ ਛੋਟੇ ‘ਮੌਡੂਲਰ ਰੀਐੱਕਟਰਾਂ’ ਦੀ ਕੰਸਟਰੱਕਸ਼ਨ ਤੇ ਓਪਰੇਸ਼ਨ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ‘ਕੈਨੇਡਾ ਗਰੋਥ ਫ਼ੰਡ’ ਰਾਹੀਂ 2 ਬਿਲੀਅਨ ਡਾਲਰ ਰਾਸ਼ੀ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪ੍ਰਾਜੈੱਕਟ ਕੈਨੇਡਾ ਦੀ ਕਲੀਨ ਐਨੱਰਜੀ ਦੇ ਭਵਿੱਖ ਲਈ ‘ਮੀਲ-ਪੱਥਰ’ ਸਾਬਤ ਹੋਵੇਗਾ ਅਤੇ ਇਸ ਦੇ ਨਾਲ ਕੈਨੇਡਾ ‘ਐੱਸ.ਐੱਮ.ਆਰ.’ (ਸਮਾਲ ਮੌਡੂਲਰ ਰੀਐੱਕਟਰਜ਼) ਟੈਕਨਾਲੌਜੀ ਨੂੰ ‘ਔਨ-ਲਾਈਨ’ ਲਿਆਉਣ ਵਾਲਾ ਜੀ-7 ਗਰੁੱਪ ਦਾ ਪਹਿਲਾ ਦੇਸ਼ ਹੋਵੇਗਾ।
ਇਸਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਇਹ ਕੈਨੇਡਾ ਦੀ ਊਰਜਾ, ਖ਼ੁਦ-ਮੁਖ਼ਤਿਆਰੀ ਅਤੇ ਅਰਥਚਾਰੇ ਦੀ ਮਜ਼ਬੂਤੀ ਲਈ ਮਹੱਤਵਪੂਰਨ ਪੂੰਜੀ-ਨਿਵੇਸ਼ ਹੈ। ਡਾਰਲਿੰਗਟਨ ਨਿਊਕਲੀਅਰ ਪ੍ਰਾਜੈੱਕਟ ਨਾਲ 300,000 ਘਰਾਂ ਨੂੰ ਸਾਫ਼-ਸੁਥਰੀ ਤੇ ਭਰੋਸੇਯੋਗ ਊਰਜਾ ਮਿਲੇਗੀ ਅਤੇ ਇਸਦੇ ਨਾਲ ਓਨਟਾਰੀਓ ਦੇ ਖੇਤਰ ਵਿੱਚ ਹਜ਼ਾਰਾਂ ਹੀ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਜਿਨ੍ਹਾਂ ਵਿੱਚ ਬਰੈਂਪਟਨ ਵੀ ਸ਼ਾਮਲ ਹੈ ਅਤੇ ਜਿੱਥੇ ਬਹੁਤ ਸਾਰੇ ਪਰਿਵਾਰ ਇਸ ਸੂਬੇ ਦੀ ਨਿਊਕਲੀਅਰ ਸਪਲਾਈ-ਚੇਨ ਦਾ ਅਹਿਮ ਹਿੱਸਾ ਹਨ।”
ਇਸ ਪ੍ਰਾਜੈੱਕਟ ਨਾਲ ਹਰ ਸਾਲ 3700 ਨੌਕਰੀਆਂ ਨਾਲੋ-ਨਾਲ ਚੱਲਣਗੀਆਂ ਅਤੇ ਇਸ ਦੀ ਕੰਸਟਰੱਕਸ਼ਨ ਸਮੇਂ 18,000 ਨੌਕਰੀਆਂ ਪੈਦਾ ਹੋਣਗੀਆਂ ਜਿਨ੍ਹਾਂ ਨਾਲ ਓਨਟਾਰੀਓ ਦੇ ਨਿਊਕਲੀਅਰ ਸੈੱਕਟਰ ਵਿੱਚ ਹਰ ਸਾਲ 500 ਮਿਲੀਅਨ ਡਾਲਰ ਆਇਆ ਕਰਨਗੇ। ‘ਓਨਟਾਰੀਓ ਪਾਵਰ ਜੈੱਨਰੇਸ਼ਨ’ ਇਸ ਦਾ ਮੁੱਖ ‘ਓਨਰ ਤੇ ਓਪਰੇਟਰ’ ਰਹੇਗਾ, ਜਦਕਿ ‘ਕੈਨੇਡਾ ਗਰੋਥ ਫ਼ੰਡ’ ਅਤੇ ਓਨਟਾਰੀਓ ਸਰਕਾਰ ਦਾ ‘ਬਿਲਡਿੰਗ ਓਟਾਰੀਓ ਫ਼ੰਡ’ ਇਸ ਦੇ ‘ਮਿਨਿਆਰਿਟੀ ਸਟੇਕਸ’ ਹੋਣਗੇ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਪੂੰਜੀ ਨਿਵੇਸ਼ ਦੀ ਕੌਮੀ ਅਹਿਮੀਅਤ ਉੱਪਰ ਜ਼ੋਰ ਦਿੰਦਿਆਂ ਕਿਹਾ, ”ਡਾਰਲਿੰਗਟਨ ਨਿਊਕਲੀਅਰ ਪ੍ਰਾਜੈੱਕਟ ਹਜ਼ਾਰਾਂ ਉਚੇਰੇ ਅਹੁਦੇ ਕਾਇਮ ਕਰੇਗਾ ਅਤੇ ਓਨਟਾਰੀਓ ਦੇ ਹਜ਼ਾਰਾਂ ਘਰਾਂ ਨੂੰ ਸਾਫ਼ ਸੁਥਰੀ ਊਰਜਾ ਪ੍ਰਦਾਨ ਕਰੇਗਾ। ਇਹ ਪੀੜ੍ਹੀ-ਵਾਰ ਪੂੰਜੀ-ਨਿਵੇਸ਼ ਹੈ ਜਿਸ ਨਾਲ ਆਉਂਦੇ ਸਮੇਂ ਵਿੱਚ ਸੁਰੱਖਿਆ, ਖ਼ੁਸ਼ਹਾਲੀ ਅਤੇ ਤਰੱਕੀ ਦੇ ਮੌਕੇ ਆਉਣਗੇ। ਅਸੀਂ ਕੈਨੇਡਾ ਨੂੰ ਮਜ਼ਬੂਤ ਦੇਸ਼ ਬਨਾਉਣ ਲਈ ਵੱਡੇ ਪ੍ਰਾਜੈੱਕਟ ਲਿਆ ਰਹੇ ਹਾਂ।”
ਇਸ ਨੂੰ ਅੱਗੇ ਵਧਾਉਂਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਇਹ ਦੇਸ਼ ਦਾ ਭਵਿੱਖ ਬਨਾਉਣ ਵਾਲੀ ਗੱਲ ਹੈ ਜਿਸ ਨਾਲ ਕੈਨੇਡਾ-ਵਾਸੀ ਯਥਾਯੋਗ ਊਰਜਾ ‘ਤੇ ਨਿਰਭਰ ਕਰ ਸਕਦੇ ਹਨ ਅਤੇ ਚੰਗੀਆਂ ਨੌਕਰੀਆਂ ਤੇ ਸਾਫ਼-ਸੁਥਰੇ ਵਾਤਾਵਰਣ ਦਾ ਅਨੰਦ ਮਾਣ ਸਕਦੇ ਹਨ।”
ਡਾਰਲਿੰਗਟਨ ਪ੍ਰਾਜੈੱਕਟ ਵਿੱਚ ਕੀਤਾ ਜਾ ਰਿਹਾ ਇਹ ਨਿਵੇਸ਼ ਨਵੇਂ ਆਰੰਭ ਕੀਤੇ ਗਏ ‘ਮੇਜਰ ਪ੍ਰਾਜੈੱਕਟਸ ਆਫ਼ਿਸ’ ਹੇਠ ਤੇਜ਼ੀ ਨਾਲ ਚਲਾਏ ਜਾਣ ਵਾਲੇ ਪ੍ਰਾਜੈਕਟਾਂ ਦਾ ਅਹਿਮ ਭਾਗ ਹੈ ਜਿਸ ਦਾ ਉਦੇਸ਼ ‘ਲਾਲ ਫ਼ੀਤਾ-ਸ਼ਾਹੀ’ ਦੇ ਦਖ਼ਲ ਨੂੰ ਘੱਟ ਕਰਨਾ ਅਤੇ ਨਾਜ਼ੁਕ ਇਨਫ਼ਰਾਸਟਰੱਕਚਰ ਕਾਇਮ ਕਰਨ ਵਿੱਚ ਤੇਜ਼ੀ ਲਿਆਉਣਾ ਹੈ। ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਕੈਨੇਡਾ ਵਿੱਚ ਸਾਫ਼ ਸੁਥਰੇ ਊਰਜਾ ਸਰੋਤਾਂ ਦੀ ਤਬਦੀਲੀ ਲਈ ਕੇਂਦਰੀ ਏਜੰਸੀਆ ਤੇ ਸੰਸਥਾਵਾਂ ਕੋਲ਼ ਬਰੈਂਪਟਨ ਅਤੇ ਪੀਲ ਰੀਜਨ ਦੀ ਵਕਾਲਤ ਕਰਦੇ ਰਹਿੰਦੇ ਹਨ। ਉਹ ਹਮੇਸ਼ਾ ਇਹ ਯਕੀਨੀ ਬਨਾਉਂਦੇ ਹਨ ਕਿ ਸਥਾਨਕ ਵਰਕਰਾਂ, ਉੱਦਮੀਆਂ ਅਤੇ ਬਿਜ਼ਨੈੱਸਾਂ ਨੂੰ ਇਨ੍ਹਾਂ ਨਵੀਆਂ ਟੈੱਕਨਾਲੌਜੀਆਂ ਦਾ ਲਾਭ ਪਹੁੰਚੇ।
ਡਾਰਲਿੰਗਟਨ ਨਿਊਕਲੀਅਰ ਕੈਨੇਡਾ ਦੇ ‘ਕਲੀਨ ਐਨੱਰਜੀ ਊਰਜਾ ਭਵਿੱਖ’ ਵਾਲੇ ਪ੍ਰਾਜੈੱਕਟ ਨਾਲ ਹਜ਼ਾਰਾਂ ਉਚੇਰੀਆਂ ਨੌਕਰੀਆਂ ਪੈਦਾ ਹੋਣਗੀਆਂ : ਸੋਨੀਆ ਸਿੱਧੂ
RELATED ARTICLES

