Breaking News
Home / ਹਫ਼ਤਾਵਾਰੀ ਫੇਰੀ / ‘ਇੰਡੀਆ’ ਦੇ ਮੁਕਾਬਲੇ ਲਈ ਮੋਦੀ ਦੀ ਅਗਵਾਈ ‘ਚ ਐਨਡੀਏ ਨੇ ਮੀਟਿੰਗ ਦੌਰਾਨ ਘੜੀ ਨੀਤੀ

‘ਇੰਡੀਆ’ ਦੇ ਮੁਕਾਬਲੇ ਲਈ ਮੋਦੀ ਦੀ ਅਗਵਾਈ ‘ਚ ਐਨਡੀਏ ਨੇ ਮੀਟਿੰਗ ਦੌਰਾਨ ਘੜੀ ਨੀਤੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰਾਂ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਐੱਨਡੀਏ ਦੇ ਟਾਕਰੇ ਲਈ ‘ਇੰਡੀਆ’ ਨਾਂ ਦਾ ਗੱਠਜੋੜ ਕਾਇਮ ਕੀਤੇ ਜਾਣ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੱਤਾ ਹਾਸਲ ਕਰਨ ਦੀ ਲਾਲਸਾ ਨਾਲ ਕਾਇਮ ਗੱਠਜੋੜ, ਜੋ ਪਰਿਵਾਰਵਾਦ ਦੀ ਸਿਆਸਤ ‘ਤੇ ਅਧਾਰਿਤ ਹੋਵੇ ਤੇ ਜਿਸ ਨੂੰ ਜਾਤੀਵਾਦ ਤੇ ਖੇਤਰਵਾਦ ਜ਼ਿਹਨ ਵਿੱਚ ਰੱਖ ਕੇ ਬਣਾਇਆ ਗਿਆ ਹੋਵੇ, ਦੇਸ਼ ਲਈ ਨੁਕਸਾਨਦੇਹ ਹੈ।
ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਦੀ ਨਵੀਂ ਦਿੱਲੀ ‘ਚ ਅਹਿਮ ਬੈਠਕ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਐੱਨਡੀਏ ਨੇ ਦੇਸ਼ ਦੇ ਲੋਕਾਂ ਨੂੰ ਜੋੜਿਆ ਹੈ ਜਦੋਂਕਿ ਵਿਰੋਧੀ ਧਿਰਾਂ ਨੇ ਵੰਡਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਨਡੀਏ ਨੇ ਹਾਲ ਹੀ ਵਿੱਚ 25 ਸਾਲ ਪੂਰੇ ਕੀਤੇ ਹਨ ਤੇ ਇਹ ਇਕ ਅਰਸਾ ਹੈ, ਜਿਸ ਨੇ ਦੇਸ਼ ਦੀ ਤਰੱਕੀ ਨੂੰ ਰਫ਼ਤਾਰ ਦਿੱਤੀ ਤੇ ਖੇਤਰੀ ਖਾਹਿਸ਼ਾਂ ਨੂੰ ਪੂਰਾ ਕੀਤਾ। ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਸਿਆਸੀ ਗੱਠਜੋੜਾਂ ਦੀ ਲੰਮੇ ਸਮੇਂ ਤੋਂ ਰਵਾਇਤ ਰਹੀ ਹੈ, ਪਰ ਜਿਹੜਾ ਵੀ ਗੱਠਜੋੜ ਨਕਾਰਾਤਮਕਤਾ ‘ਤੇ ਅਧਾਰਿਤ ਰਿਹਾ, ਉਹ ਕਦੇ ਸਫਲ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਐੱਨਡੀਏ ਦੀ ਮੀਟਿੰਗ ਵਿੱਚ 38 ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਭਾਜਪਾ ਪ੍ਰਧਾਨ ਜੇ.ਪੀ.ਨੱਢਾ, ਸ਼ਿਵ ਸੈਨਾ ਆਗੂ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਤਾਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਤੇ ਅੰਨਾ ਡੀਐੱਮਕੇ ਆਗੂ ਕੇ.ਪਲਾਨੀਸਵਾਮੀ ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰੀਓ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਹਿੰਦੁਸਤਾਨੀ ਅਵਾਮ ਮੋਰਚਾ ਦੇ ਆਗੂ ਜੀਤਨ ਰਾਮ ਮਾਂਝੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਐੱਨਡੀਏ ਬੈਠਕ ਵਿੱਚ ਸਵਾਗਤ ਕੀਤਾ। ਮੋਦੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਆਗੂ ਚਿਰਾਗ ਪਾਸਵਾਨ ਨੂੰ ਜੱਫੀ ਪਾ ਕੇ ਮਿਲੇ। ਪਾਸਵਾਨ ਨੇ ਮੋਦੀ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ।

 

Check Also

ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …