ਨੌਂ ਮਹੀਨੇ ਪੁਲਾੜ ‘ਚ ਰਹਿਣ ਮਗਰੋਂ ਸਾਥੀ ਬੁਚ ਵਿਲਮੋਰ ਨਾਲ ਪਰਤੀ ਭਾਰਤੀ ਮੂਲ ਦੀ ਪੁਲਾੜ ਯਾਤਰੀ
* ਪੁਲਾੜ ਮਿਸ਼ਨਾਂ ਵਿੱਚ ਸੁਨੀਤਾ ਵਿਲੀਅਮਜ਼ ਨਾਲ ਕੰਮ ਕਰਨਾ ਚਾਹੁੰਦੈ ਭਾਰਤ: ਨਾਰਾਇਣਨ
* ਰਾਸ਼ਟਰਪਤੀ ਮੁਰਮੂ, ਮੋਦੀ ਤੇ ਖੜਗੇ ਵੱਲੋਂ ਸੁਨੀਤਾ ਵਿਲੀਅਮਜ਼ ਨੂੰ ਵਧਾਈ
* ਵਿਲੀਅਮਜ਼ ਦੇ ਗੁਜਰਾਤ ਵਿਚਲੇ ਜੱਦੀ ਪਿੰਡ ਵਾਸੀਆਂ ਨੂੰ ਚੜ੍ਹਿਆ ਚਾਅ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਨੌਂ ਮਹੀਨੇ ਪੁਲਾੜ ਵਿਚ ਰਹਿਣ ਮਗਰੋਂ ਧਰਤੀ ‘ਤੇ ਪਰਤ ਆਏ ਹਨ। ਪੁਲਾੜ ਯਾਤਰੀਆਂ ਨੂੰ ਲੈ ਕੇ ਆਇਆ ‘ਸਪੇਸਐੱਕਸ’ ਦਾ ਕੈਪਸੂਲ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਅਮਰੀਕਾ ਦੇ ਫਲੋਰਿਡਾ ਪੈਨਹੈਂਡਲ ਦੇ ਜਲ ਖੇਤਰ ਵਿਚ ਉਤਾਰਿਆ ਗਿਆ। ਇਕ ਘੰਟੇ ਅੰਦਰ ਪੁਲਾੜ ਯਾਤਰੀ ਕੈਪਸੂਲ ‘ਚੋਂ ਬਾਹਰ ਆ ਗਏ। ਉਨ੍ਹਾਂ ਕੈਮਰਿਆਂ ਵੱਲ ਹੱਥ ਹਿਲਾਏ ਤੇ ਮੁਸਕਰਾਏ। ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਸਟਰੈਚਰ ‘ਤੇ ਲਿਜਾਇਆ ਗਿਆ। ਵਿਲਮੋਰ ਤੇ ਵਿਲੀਅਮਜ਼ ਪੁਲਾੜ ਵਿਚ 286 ਦਿਨ ਰਹੇ। ਉਨ੍ਹਾਂ ਧਰਤੀ ਦੀ 4,576 ਵਾਰ ਪਰਿਕਰਮਾ ਕੀਤੀ ਤੇ ਸਪਲੈਸ਼ਡਾਊਨ ਦੇ ਸਮੇਂ ਤੱਕ 12 ਕਰੋੜ 10 ਲੱਖ ਮੀਲ ਦਾ ਸਫ਼ਰ ਕੀਤਾ। ਕੈਪਸੂਲ ਅਮਰੀਕਾ ਦੇ ਪੂਰਬੀ ਸਾਹਿਲੀ ਸਮੇਂ ਮੁਤਾਬਕ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਇਕ ਵਜੇ (ਭਾਰਤੀ ਸਮੇਂ ਮੁਤਾਬਕ ਸਵੇਰੇ 10:30 ਵਜੇ) ਦੇ ਕਰੀਬ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਵੱਖ ਹੋਇਆ। ਕੈਪਸੂਲ ਮੌਸਮ ਮੁਆਫ਼ਕ ਹੋਣ ਮਗਰੋਂ ਪੂਰਬੀ ਸਾਹਿਲੀ ਸਮੇਂ ਅਨੁਸਾਰ 5:57 ਵਜੇ (ਭਾਰਤੀ ਸਮੇਂ ਮੁਤਾਬਕ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ 3:27 ਵਜੇ) ਫਲੋਰਿਡਾ ਦੇ ਸਾਹਿਲ ‘ਤੇ ਉਤਰਿਆ। ਵਿਲੀਅਮਜ਼ ਅਤੇ ਵਿਲਮੋਰ ਨਾਸਾ ਦੇ ਨਿੱਕ ਹੇਗ ਅਤੇ ਰੂਸ ਦੇ ਅਲੈਗਜ਼ੈਂਡਰ ਗੋਰਬੁਨੋਵ ਨਾਲ ਵਾਪਸ ਆਏ। ਦੋਵੇਂ ਪੁਲਾੜ ਯਾਤਰੀ ਨੌਂ ਮਹੀਨੇ ਪਹਿਲਾਂ ਬੋਇੰਗ ਦੀ ਪ੍ਰੀਖਣ ਉਡਾਨ ਜ਼ਰੀਏ ਪੁਲਾੜ ਕੇਂਦਰ ਵਿਚ ਪਹੁੰਚੇ ਸੀ। ਦੋਵੇਂ 5 ਜੂਨ 2024 ਨੂੰ ਬੋਇੰਗ ਦੇ ਨਵੇਂ ਸਟਾਰਲਾਈਨਰ ਕਰੂ ਯਾਨ ਵਿਚ ਸਵਾਰ ਹੋ ਕੇ ਪੁਲਾੜ ਵਿਚ ਗਏ ਸਨ ਤੇ ਉਨ੍ਹਾਂ ਦੇ ਇਕ ਹਫਤੇ ਬਾਅਦ ਹੀ ਧਰਤੀ ‘ਤੇ ਮੁੜਨ ਦੀ ਉਮੀਦ ਸੀ। ਪੁਲਾੜ ਸਟੇਸ਼ਨ ਦੇ ਰਾਹ ਵਿਚ ਇੰਨੀਆਂ ਮੁਸ਼ਕਲਾਂ ਆਈਆਂ ਕਿ ਨਾਸਾ ਨੂੰ ਅਖੀਰ ਵਿਚ ਸਟਾਰਲਾਈਨਰ ਨੂੰ ਖਾਲੀ ਵਾਪਸ ਧਰਤੀ ‘ਤੇ ਲਿਆਉਣਾ ਪਿਆ ਤੇ ਪ੍ਰੀਖਣ ਪਾਇਲਟਾਂ ਨੂੰ ਸਪੇਸਐਕਸ ਵਿਚ ਤਬਦੀਲ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਘਰ ਵਾਪਸੀ ਫਰਵਰੀ ਤੱਕ ਟਲ ਗਈ।