Breaking News
Home / ਹਫ਼ਤਾਵਾਰੀ ਫੇਰੀ / ਕੌਮੀ ਕਮਿਸ਼ਨ ਵੱਲੋਂ ਲਾਲ ਚੰਦ ਕਟਾਰੂਚੱਕ ਖਿਲਾਫ ਕੇਸ ਬੰਦ

ਕੌਮੀ ਕਮਿਸ਼ਨ ਵੱਲੋਂ ਲਾਲ ਚੰਦ ਕਟਾਰੂਚੱਕ ਖਿਲਾਫ ਕੇਸ ਬੰਦ

ਪੀੜਤ ਨੇ ਕੌਮੀ ਕਮਿਸ਼ਨ ਵਿੱਚ ਦਿੱਤੀ ਸ਼ਿਕਾਇਤ ਵਾਪਸ ਲਈ
ਚੰਡੀਗੜ੍ਹ/ਬਿਊਰੋ ਨਿਊਜ਼ : ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਖਿਲਾਫ ਜਿਨਸੀ ਸ਼ੋਸ਼ਣ ਵਾਲੇ ਕੇਸ ਨੂੰ ਬੰਦ ਕਰ ਦਿੱਤਾ ਹੈ। ਕੌਮੀ ਕਮਿਸ਼ਨ ਦੀ ਇਸ ਕਾਰਵਾਈ ਨਾਲ ਕੈਬਨਿਟ ਮੰਤਰੀ ਕਟਾਰੂਚੱਕ ਨੂੰ ਰਾਹਤ ਮਿਲੀ ਹੈ। ਸ਼ਿਕਾਇਤ ਕਰਨ ਵਾਲੇ ਪੀੜਤ ਕੇਸ਼ਵ ਕੁਮਾਰ ਨੇ 11 ਜੁਲਾਈ ਨੂੰ ਕੌਮੀ ਕਮਿਸ਼ਨ ਨੂੰ ਪੱਤਰ ਭੇਜ ਕੇ ਕਟਾਰੂਚੱਕ ਖਿਲਾਫ ਦਰਜ ਕਰਾਈ ਸ਼ਿਕਾਇਤ ਨੂੰ ਵਾਪਸ ਲੈ ਲਿਆ ਸੀ ਜਿਸ ਮਗਰੋਂ ਕਮਿਸ਼ਨ ਨੇ ਇਸ ਕੇਸ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ 10 ਅਗਸਤ ਨੂੰ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਪੱਤਰ ਭੇਜ ਕੇ ਜਾਣੂ ਕਰਾਇਆ ਹੈ ਕਿ ਕੇਸ਼ਵ ਕੁਮਾਰ ਦੇ ਕੇਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਚੇਤੇ ਰਹੇ ਕਿ ਕੌਮੀ ਕਮਿਸ਼ਨ ਕੋਲ ਕੇਸ਼ਵ ਕੁਮਾਰ ਨੇ 5 ਮਈ 2023 ਨੂੰ ਸ਼ਿਕਾਇਤ ਦਿੱਤੀ ਸੀ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਉਸ ਦਾ 2013 ਤੋਂ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਰਿਹਾ ਹੈ ਤੇ ਉਹ ਹੁਣ ਤੱਕ ਖ਼ੌਫ਼ ਵਿਚ ਰਹਿਣ ਕਰਕੇ ਸ਼ਿਕਾਇਤ ਦਰਜ ਨਹੀਂ ਕਰਾ ਸਕਿਆ ਸੀ ਕਿਉਂਕਿ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦੇ ਡਰਾਵੇ ਦਿੱਤੇ ਜਾ ਰਹੇ ਸਨ। ਕੌਮੀ ਕਮਿਸ਼ਨ ਨੇ ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੂੰ ਜਾਂਚ ਵਾਸਤੇ ਲਿਖਿਆ ਸੀ। ਪੰਜਾਬ ਪੁਲਿਸ ਨੇ ਬਾਰਡਰ ਰੇਂਜ ਦੇ ਡੀ.ਆਈ.ਜੀ ਨਰਿੰਦਰ ਭਾਰਗਵ ਦੀ ਅਗਵਾਈ ਵਿਚ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵੱਲੋਂ ਇਹ ਮਾਮਲਾ ਪੜਤਾਲਿਆ ਜਾਣਾ ਸੀ। ਜਾਂਚ ਦੌਰਾਨ ਹੀ ਕੇਸ਼ਵ ਕੁਮਾਰ ਨੇ ਵਿਸ਼ੇਸ਼ ਜਾਂਚ ਟੀਮ ਕੋਲ ਦਰਖਾਸਤ ਦੇ ਦਿੱਤੀ ਸੀ ਕਿ ਉਹ ਆਪਣੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ।
ਕੇਸ਼ਵ ਕੁਮਾਰ ਦੀ ਇਸ ਦਰਖਾਸਤ ਨਾਲ ਕੈਬਨਿਟ ਮੰਤਰੀ ਕਟਾਰੂਚੱਕ ਨੂੰ ਰਾਹਤ ਮਿਲੀ ਸੀ। ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰਨ ਵਾਲੇ ਡੀ.ਆਈ.ਜੀ ਨਰਿੰਦਰ ਭਾਰਗਵ ਨੇ ਕੇਸ਼ਵ ਕੁਮਾਰ ਵੱਲੋਂ ਲਾਏ ਇਲਜ਼ਾਮਾਂ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਮੁਢਲੇ ਪੜਾਅ ‘ਤੇ ਕੇਸ਼ਵ ਕੁਮਾਰ ਦੇ ਸਕੂਲ ਚੋਂ ਜਨਮ ਤਰੀਕ ਵਾਲਾ ਸਰਟੀਫਿਕੇਟ ਹਾਸਲ ਕੀਤਾ ਗਿਆ ਸੀ ਜਿਸ ਵਿਚ ਕੇਸ਼ਵ ਕੁਮਾਰ ਦੇ ਜਿਨਸੀ ਸ਼ੋਸ਼ਣ ਵਾਲੇ ਸਮੇਂ ਦੌਰਾਨ ਨਾਬਾਲਗ ਹੋਣ ਦੀ ਪੁਸ਼ਟੀ ਹੋ ਗਈ ਸੀ।
ਵਿਸ਼ੇਸ਼ ਜਾਂਚ ਟੀਮ ਵੱਲੋਂ ਕੇਸ਼ਵ ਦੇ ਨਾਬਾਲਗ ਹੋਣ ਦੀ ਪੁਸ਼ਟੀ ਕੀਤੇ ਜਾਣ ਮਗਰੋਂ ਪੰਜਾਬ ਸਰਕਾਰ ਨੂੰ ਸੰਕਟ ਦੀ ਘੜੀ ਵਿਚ ਹੁਣ ਰਾਹਤ ਦੇਣ ਵਾਲਾ ਪਲ ਆਇਆ ਸੀ।
ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਨੂੰ ਸਭ ਤੋਂ ਪਹਿਲਾਂ ਉਜਾਗਰ ਕੀਤਾ ਸੀ। ਖਹਿਰਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ ਜਿਸ ਦੇ ਅਧਾਰ ‘ਤੇ ਰਾਜਪਾਲ ਨੇ ਮਾਮਲੇ ਦੀ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਪੜਤਾਲ ਕਰਾਈ ਸੀ। ਕੌਮੀ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਫ਼ੌਰੀ ਨੋਟਿਸ ਲਿਆ ਸੀ ਅਤੇ ਹੁਣ ਜਦੋਂ ਕੇਸ਼ਵ ਕੁਮਾਰ ਨੇ ਆਪਣੀ ਸ਼ਿਕਾਇਤ ਹੀ ਵਾਪਸ ਲੈ ਲਈ ਹੈ ਤਾਂ ਕੌਮੀ ਕਮਿਸ਼ਨ ਕੋਲ ਕੇਸ ਨੂੰ ਬੰਦ ਕਰਨ ਤੋਂ ਸਿਵਾਏ ਕੋਈ ਚਾਰਾ ਨਹੀਂ ਬਚਿਆ ਹੈ।
ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖਿਲਾਫ ਜਿਨਸੀ ਸੋਸ਼ਣ ਦਾ ਆਰੋਪ ਲਾਉਣ ਵਾਲੀ ਕੋਚ ਮੁਅੱਤਲ
ਚੰਡੀਗੜ੍ਹ : ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਆਰੋਪ ਲਗਾਉਣ ਵਾਲੀ ਜੂਨੀਅਰ ਅਥਲੈਟਿਕਸ ਕੋਚ ਨੂੰ ਕਥਿਤ ਤੌਰ ‘ਤੇ ਅਨੁਸ਼ਾਸ਼ਨ ਤੋੜਨ ਦੇ ਮਾਮਲੇ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਹੁਕਮ ਹਰਿਆਣਾ ਦੇ ਖੇਡ ਵਿਭਾਗ ਦੇ ਡਾਇਰੈਕਟਰ ਯਸ਼ੇਂਦਰ ਸਿੰਘ ਨੇ 11 ਅਗਸਤ ਨੂੰ ਜਾਰੀ ਕੀਤੇ ਸਨ। ਹਾਲਾਂਕਿ ਮੁਅੱਤਲੀ ਦੇ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਉਸ ਦੀਆਂ ਸੇਵਾਵਾਂ ਕਥਿਤ ਅਨੁਸ਼ਾਸਨਹੀਣਤਾ ਅਤੇ ਸੇਵਾ ਆਚਰਣ ਨਿਯਮਾਂ ਦੀ ਉਲੰਘਣਾ ਕਾਰਨ ਮੁਅੱਤਲ ਕੀਤੀਆਂ ਗਈਆਂ ਹਨ। ਆਦੇਸ਼ ਵਿੱਚ ਕਿਹਾ ਗਿਆ ਹੈ, ‘ਜੂਨੀਅਰ ਅਥਲੈਟਿਕ ਕੋਚ ਦੀਆਂ ਸੇਵਾਵਾਂ ਤੁਰੰਤ ਮੁਅੱਤਲ ਕੀਤੀਆਂ ਗਈਆਂ ਹਨ।’
ਇਸ ਦੌਰਾਨ ਮਹਿਲਾ ਕੋਚ ਨੇ ਆਰੋਪ ਲਾਇਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਸ ‘ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਕਿਹਾ ਕਿ ਭਾਵੇਂ ਉਸ ਦੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਜਾਣ ਤਾਂ ਵੀ ਉਹ ਕੇਸ ਲੜਦੀ ਰਹੇਗੀ। ਉਸ ਨੇ ਕਿਹਾ ਕਿ ਉਹ ਆਪਣੀ ਨਾਜਾਇਜ਼ ਮੁਅੱਤਲੀ ਵਿਰੁੱਧ ਅਦਾਲਤ ਵਿੱਚ ਜਾਣ ਬਾਰੇ ਵਿਚਾਰ ਕਰ ਰਹੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਹ ਦਬਾਅ ਕੌਣ ਪਾ ਰਿਹਾ ਹੈ, ਤਾਂ ਉਸਨੇ ਕਿਹਾ ਕਿ ਮੀਡੀਆ ਸਭ ਕੁਝ ਜਾਣਦਾ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …