ਨਫ਼ਰਤ ਦੀ ਰਾਜਨੀਤੀ ‘ਤੇ ਭਾਰੀ ਪਿਆ ਕੰਮ, ਝਾੜੂ ਨੇ ਹੂੰਝਾ ਦਿੱਤਾ ਕਮਲ ਤੇ ਪੰਜਾ
ਕੁੱਲ ਸੀਟਾਂ : 70
‘ਆਪ’ : 62
ਭਾਜਪਾ : 08
ਕਾਂਗਰਸ : 00
ਨਵੀਂ ਦਿੱਲੀ : ਭਾਰਤ ਦਾ ਦਿਲ ਆਖੀ ਜਾਣ ਵਾਲੀ ਦਿੱਲੀ ਨੇ ਭਾਰਤੀ ਜਨਤਾ ਪਾਰਟੀ ਨੂੰ ਸ਼ੀਸ਼ਾ ਦਿਖਾਉਂਦਿਆਂ ਕੰਮ ਨੂੰ ਵੋਟ ਪਾਈ। ਦਿੱਲੀ ਵਾਸੀਆਂ ਨੇ ਨਫ਼ਰਤ, ਡਰ ਤੇ ਵੰਡ ਦੀ ਰਾਜਨੀਤੀ ਨੂੰ ਨਕਾਰਦਿਆਂ ਬਿਜਲੀ, ਪਾਣੀ, ਸਿਹਤ ਤੇ ਸਿੱਖਿਆ ਦੇ ਨਾਂ ‘ਤੇ ਆਪਣੇ ਲਈ ਸਰਕਾਰ ਚੁਣੀ। ਦਿਲ ਖੋਲ੍ਹ ਕੇ ਦਿੱਲੀ ਵਾਸੀਆਂ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ। ਕੁੱਲ ਵੋਟ ਫੀਸਦੀ ਵਿਚੋਂ 53.7 ਫੀਸਦੀ ਵੋਟ ਲੈ ਕੇ ਆਮ ਆਦਮੀ ਪਾਰਟੀ ਨੇ 89 ਫੀਸਦੀ ਸੀਟਾਂ ‘ਤੇ ਜਿੱਤ ਦਾ ਝੰਡਾ ਲਹਿਰਾਉਂਦਿਆਂ 62 ਸੀਟਾਂ ਜਿੱਤੀਆਂ। ਬੇਸ਼ੱਕ ਇਹ ਪਿਛਲੀ ਵਾਰ ਨਾਲ 5 ਘੱਟ ਸੀ ਪਰ ਪੂਰਾ ਤੰਤਰ ਝੋਕ ਕੇ ਵੀ ਭਾਜਪਾ 08 ਸੀਟਾਂ ਹੀ ਜਿੱਤ ਸਕੀ। ਜਦੋਂਕਿ ਕਾਂਗਰਸ ਆਪਣੀ ਜ਼ੀਰੋ ‘ਤੇ ਕਾਇਮ ਰਹੀ। ਦਿੱਲੀ ਵਿਚ ‘ਆਪ’ ਦੀ ਜਿੱਤ ਨੇ ਭਾਰਤ ਦੇ ਸਮੁੱਚੇ ਰਾਜਨੀਤਿਕ ਸਿਸਟਮ ਨੂੰ ਸੋਚਣ ਲਈ ਮਜਬੂਰ ਜ਼ਰੂਰ ਕੀਤਾ ਹੈ ਕਿ ਹੁਣ ਧਰਮ, ਜਾਤ, ਫਿਰਕਾ, ਵੰਡ ਤੇ ਨਫ਼ਰਤ ਦੀ ਰਾਜਨੀਤੀ ਨਹੀਂ ਚੱਲੇਗੀ, ਉਸ ਦੀ ਥਾਂ ‘ਤੇ ਕੰਮ, ਵਿਕਾਸ, ਸਮਾਜਿਕ ਤਰੱਕੀ ਤੇ ਇਕਸਾਰਤਾ ਦੀ ਗੱਲ ਨੂੰ ਰਾਜਨੀਤੀ ਵਿਚ ਸਥਾਨ ਮਿਲੇਗਾ। ਦਿੱਲੀ ਜਿੱਤਣ ਦੇ ਨਾਲ ਹੀ ਆਪ ਦੀ ਨਜ਼ਰ ਪੰਜਾਬ ‘ਤੇ ਟਿਕ ਗਈ ਹੈ।
16 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਚੁੱਕਣਗੇ ਸਹੁੰ
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ 16 ਫਰਵਰੀ 2020 ਦਿਨ ਐਤਵਾਰ ਨੂੰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਰਾਮਲੀਲਾ ਮੈਦਾਨ ‘ਚ ਹੋਵੇਗਾ, ਨਾਲ ਹੀ ਸਮੁੱਚਾ ਪੁਰਾਣਾ ਮੰਤਰੀ ਮੰਡਲ ਹੀ ਮੁੜ ਸਹੁੰ ਚੁੱਕੇਗਾ। ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਨੂੰ ਸੱਦਾ ਨਹੀਂ ਦਿੱਤਾ।
‘ਆਪ’ ਦੇ ਦੋ ਸਿੱਖ ਉਮੀਦਵਾਰ ਜਿੱਤੇ
ਨਵੀਂ ਦਿੱਲੀ : ‘ਆਪ’ ਦੇ ਦੋਵੇਂ ਸਿੱਖ ਉਮੀਦਵਾਰ ਜਰਨੈਲ ਸਿੰਘ (ਤਿਲਕ ਨਗਰ) ਤੇ ਪ੍ਰਹਿਲਾਦ ਸਿੰਘ ਸਾਹਨੀ (ਚਾਂਦਨੀ ਚੌਕ) ਭਾਜਪਾ ਉਮੀਦਵਾਰਾਂ ਕ੍ਰਮਵਾਰ ਰਾਜੀਵ ਬੱਬਰ ਤੇ ਸੁਮਨ ਗੁਪਤਾ ਨੂੰ ਹਰਾ ਕੇ ਦਿੱਲੀ ਵਿਧਾਨ ਸਭਾ ਵਿੱਚ ਪੁੱਜ ਗਏ ਹਨ। ਜਰਨੈਲ ਸਿੰਘ ਨੇ ਰਾਜੀਵ ਬੱਬਰ ਨੂੰ 28,000 ਤੋਂ ਵੱਧ ਵੋਟਾਂ ਨਾਲ ਹਰਾਇਆ ਜਦੋਂਕਿ 2015 ਵਿੱਚ ਉਨ੍ਹਾਂ ਦੀ ਜਿੱਤ ਦਾ ਫਾਸਲਾ 19,000 ਤੋਂ ਵੱਧ ਵੋਟਾਂ ਦਾ ਸੀ। ਚਾਂਦਨੀ ਚੌਕ ਤੋਂ ਦਲ ਬਦਲੀ ਕਰਕੇ ‘ਆਪ’ ਵਿੱਚ ਆਏ ਪ੍ਰਹਿਲਾਦ ਸਿੰਘ ਸਾਹਨੀ ਨੇ 29 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ।
ਭਾਜਪਾ ਦੇ ਮੈਂਬਰ 62 ਲੱਖ ਵੋਟਾਂ 35 ਲੱਖ
ਨਰਿੰਦਰ ਮੋਦੀ, ਅਮਿਤ ਸ਼ਾਹ ਤੋਂ ਲੈ ਕੇ ਸਮੁੱਚੀ ਮੋਦੀ ਕੈਬਨਿਟ, 240 ਭਾਜਪਾ ਦੇ ਸੰਸਦ ਮੈਂਬਰ ਤੇ 11 ਸੂਬਿਆਂ ਦੇ ਮੁੱਖ ਮੰਤਰੀਆਂ ਸਣੇ ਸੰਘ ਦੀਆਂ ਸੈਂਕੜੇ ਟੀਮਾਂ ਤੇ ਪੂਰੀ ਸੱਤਾ ਦੀ ਤਾਕਤ ਝੋਕ ਕੇ ਭਾਜਪਾ 70 ‘ਚੋਂ 08 ਸੀਟਾਂ ਹੀ ਜਿੱਤ ਸਕੀ। ਚੋਣਾਂ ਤੋਂ ਪਹਿਲਾਂ ਭਾਜਪਾ ਦਾ ਆਖਣਾ ਸੀ ਕਿ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੇ 62 ਲੱਖ 28 ਹਜ਼ਾਰ ਮੈਂਬਰ ਹਨ। ਪਰ ਜਿਸ ਦਿਨ ਵੋਟਾਂ ਦੀ ਗਿਣਤੀ ਹੋਈ ਉਸ ਦਿਨ ਪੂਰੀ ਦਿੱਲੀ ਵਿਚ ਭਾਜਪਾ ਦੀਆਂ ਕੁੱਲ ਵੋਟਾਂ 35 ਲੱਖ 6 ਹਜ਼ਾਰ ਹੀ ਨਿਕਲੀਆਂ। ਕਾਂਗਰਸ ਵੀ 7 ਲੱਖ ਤੋਂ ਵੱਧ ਮੈਂਬਰਾਂ ਦਾ ਦਾਅਵਾ ਕਰਦੀ ਸੀ ਪਰ ਉਸ ਦੀ ਕੁੱਲ ਵੋਟ 3 ਲੱਖ 95 ਹਜ਼ਾਰ ਹੀ ਨਿਕਲੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …