Breaking News
Home / ਹਫ਼ਤਾਵਾਰੀ ਫੇਰੀ / ’84 ਸਿੱਖ ਕਤਲੇਆਮ : ਇਨਸਾਫ਼ ਮੰਗਦਿਆਂ ‘ਆਪ’ ਨੇ ਕੀਤੀ ਇਕ ਰੋਜ਼ਾ ਭੁੱਖ ਹੜਤਾਲ

’84 ਸਿੱਖ ਕਤਲੇਆਮ : ਇਨਸਾਫ਼ ਮੰਗਦਿਆਂ ‘ਆਪ’ ਨੇ ਕੀਤੀ ਇਕ ਰੋਜ਼ਾ ਭੁੱਖ ਹੜਤਾਲ

1-1-copy-copyਮੰਗ : ਕੈਪਟਨ ਅਮਰਿੰਦਰ ਸਿੰਘ 15 ਦਿਨਾਂ ਵਿਚ ਮੰਗਣ ਮੁਆਫੀ
ਚੰਡੀਗੜ੍ਹ/ਬਿਊਰੋ ਨਿਊਜ਼
1984 ਦੇ ਸਿੱਖ ਕਤਲੇਆਮ ਪੀੜਤਾਂ ਲਈ ਇਨਸਾਫ ਮੰਗਣ ਦੇ ਮੁੱਦੇ ‘ਤੇ ਮੋਹਾਲੀ ਵਿਚ ਇਕ ਦਿਨਾਂ ਭੁੱਖ ਹੜਤਾਲ ਤੇ ਬੈਠੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ 15 ਦਿਨਾਂ ਦੇ ਅੰਦਰ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿਚ ਪਾਰਟੀ ਅਮਰਿੰਦਰ ਦੇ ਖਿਲਾਫ ਸੂਬੇ ਭਰ ਵਿਚ ਰੋਸ ਪ੍ਰਦਰਸ਼ਨ ਕਰੇਗੀ।
ਆਪ ਦੇ ਸੀਨੀਅਰ ਆਗੂ ਜਿਨ੍ਹਾਂ ਵਿਚ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਐਚਐਸ ਫੂਲਕਾ, ਪੰਜਾਬ ਦੇ ਕੋ ਇੰਚਾਰਜ ਜਰਨੈਲ ਸਿੰਘ, ਸੰਗਰੂਰ ਤੋਂ ਐਮਪੀ ਭਗਵੰਤ ਮਾਨ, ਮੈਨੀਫੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ, ਸੁਖਪਾਲ ਖਹਿਰਾ, ਹਿੰਮਤ ਸਿੰਘ ਸ਼ੇਰਗਿੱਲ ਸਮੇਤ ‘ਆਪ’ ਦੇ ਕਈ ਹੋਰ ਕਈ ਸੀਨੀਅਰ ਆਗੂ ਮੋਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਸਾਹਮਣੇ ਭੁੱਖ ਹੜਤਾਲ ‘ਤੇ ਬੈਠੇ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਫੂਲਕਾ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕਤਲੇਆਮ ਦੇ 32 ਵਰੇ ਬੀਤ ਜਾਣ ਤੋਂ ਬਾਅਦ ਵੀ ਕਾਤਲਾਂ ਨੂੰ ਸਜਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਨੇ ਉਨ੍ਹਾਂ ਦੀ ਡਿਊਟੀ ਸੱਚ ਦੀ ਅਵਾਜ਼ ਬੁਲੰਦ ਕਰਨ ‘ਤੇ ਲਗਾਈ ਹੈ ਅਤੇ ਉਹ ਆਪਣੇ ਜੀਵਨ ਦੇ ਅੰਤ ਤੱਕ ਅਜਿਹਾ ਕਰਦੇ ਰਹਿਣਗੇ। ਫੂਲਕਾ ਨੇ ਕਿਹਾ ਕਿ ਇਹ ਕੋਈ ਹਿੰਦੂ-ਸਿੱਖ ਮੁੱਦਾ ਨਹੀਂ ਸੀ ਬਲਕਿ ਕਾਂਗਰਸ ਵਲੋਂ ਕਰਵਾਇਆ ਗਿਆ ਕਤਲੇਆਮ ਸੀ।
ਫੂਲਕਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਅਕਾਲੀ ਦਲ, ਬੀਜੇਪੀ ਅਤੇ ਕਾਂਗਰਸ ਲੋਕਾਂ ਵਿਚ ਇਹ ਭਰਮ ਪੈਦਾ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਵੋਟਾਂ ਦੀ ਖਾਤਿਰ 1984 ਦਾ ਮੁੱਦਾ ਚੁੱਕ ਰਹੀ ਹੈ ਪਰੰਤੂ ਸੱਚ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਜਿਨ੍ਹਾਂ ਵਿਚ ਖੁਦ ਅਤੇ ਜਰਨੈਲ ਸਿੰਘ ਸ਼ਾਮਲ ਹਨ ਇਹ ਲੜਾਈ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਹੀ ਲੜਦੇ ਆਏ ਹਨ।
ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਗਦੀਸ਼ ਟਾਇਟਲਰ, ਕਮਲ ਨਾਥ ਅਤੇ ਸੱਜਣ ਕੁਮਾਰ ਵਰਗੇ ਹੱਤਿਆਰਿਆਂ ਦਾ ਸਾਥ ਦੇ ਕੇ ਅਮਰਿੰਦਰ ਸਿੰਘ ਨੇ ਸਿੱਖਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਅਤੇ ਉਸ ਨੂੰ ਸਿੱਖਾਂ ਦੇ ਗਦਾਰ ਵਜੋਂ ਯਾਦ ਰੱਖਿਆ ਜਾਵੇਗਾ। ਫੂਲਕਾ ਨੇ ਕਿਹਾ ਕਿ ਹੁਣ ਤੱਕ ਬਿਠਾਏ ਗਏ ਲਗਭਗ ਸਾਰੇ ਕਮਿਸ਼ਨਾਂ ਨੇ ਸਿੱਖ ਕਤਲੇਆਮ ਲਈ ਕਾਂਗਰਸ ਆਗੂ ਜਗਦੀਸ਼ ਟਾਇਟਲਰ, ਕਮਲ ਨਾਥ ਅਤੇ ਸੱਜਣ ਕੁਮਾਰ ਦੇ ਨਾਵਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਪੁੱਛਿਆ ਕਿ ਅਮਰਿੰਦਰ ਸਿੰਘ ਇਨ੍ਹਾਂ ਆਗੂਆਂ ਨੂੰ ਕਲੀਨ ਚਿੱਟਾਂ ਵੰਡਣ ਵਾਲਾ ਕੌਣ ਹੁੰਦਾ ਹੈ।
ਫੂਲਕਾ ਨੇ ਕਿਹਾ ਕਿ ਅਮਰਿੰਦਰ ਸਿੰਘ ਦਾ ਇਹ ਕਹਿਣਾ ਕਿ ਉਹ ਕਤਲੇਆਮ ਦੇ ਸਮੇਂ ਦਿੱਲੀ ਵਿਚ ਸਿੱਖ ਪਰਿਵਾਰਾਂ ਨੂੰ ਮਿਲ ਰਿਹਾ ਸੀ ਝੂਠ ਦਾ ਪੂਲੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ‘ਤੇ ਜਦੋਂ ਜਨਰਲ ਗੁਰਬਖਸ਼ ਸਿੰਘ ਅਰੋੜਾ ਵਰਗੇ ਲੋਕ ਦਿੱਲੀ ਵਿਚ ਨਹੀਂ ਘੁੰਮ ਸਕਦੇ ਸਨ ਅਜਿਹੀ ਹਾਲਤ ਵਿਚ ਜਾਂ ਤਾਂ ਅਮਰਿੰਦਰ ਸਿੰਘ ਝੂਠ ਬੋਲ ਰਹੇ ਸਨ ਜਾਂ ਫਿਰ ਉਹ ਸਿੱਖਾਂ ਦੇ ਕਾਤਲ ਕਾਂਗਰਸੀ ਆਗੂਆਂ ਦੀਆਂ ਕਾਰਾਂ ਵਿਚ ਘੁੰਮ ਰਹੇ ਸਨ। ਹੁਣ ਤੱਕ ਕਿਸੇ ਵੀ ਇੱਕ ਗਵਾਹ ਨੇ ਅਮਰਿੰਦਰ ਸਿੰਘ ਦੇ ਉਸ ਸਮੇਂ ਦੌਰਾਨ ਦਿੱਲੀ ਵਿਚ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ।
ਫੂਲਕਾ ਨੇ ਕਿਹਾ ਕਿ 5 ਨਵੰਬਰ 1984 ਦੇ ਲਗਭਗ ਸਾਰੇ ਅਖਬਾਰਾਂ ਵਿਚ ਜਗਦੀਸ਼ ਟਾਇਟਲਰ ਦੁਆਰਾ ਕਾਤਲਾਂ ਦੇ ਝੁੰਡ ਦੀ ਅਗਵਾਈ ਕਰਨ ਦੀਆਂ ਖਬਰਾਂ ਲੱਗੀਆਂ ਸਨ। ਸੋ ਅਮਰਿੰਦਰ ਸਿੰਘ ਦਾ ਇਹ ਕਹਿਣਾ ਕਿ ਟਾਇਟਲਰ ਦਾ ਨਾਮ ਮਦਨ ਲਾਲ ਖੁਰਾਣਾ ਦੀਆਂ ਚੋਣਾਂ ਦੌਰਾਨ ਸਾਹਮਣੇ ਆਇਆ ਸਰਾਸਰ ਝੂਠ ਹੈ।
ਜਰਨੈਲ ਸਿੰਘ ਨੇ ਕਿਹਾ ਕਿ 1984 ਦੇ ਮੁੱਦੇ ‘ਤੇ ਅਕਾਲੀ, ਬੀਜੇਪੀ ਅਤੇ ਕਾਂਗਰਸ ਮਿਲਕੇ ਦੋਸ਼ੀਆਂ ਨੂੰ ਬਚਾ ਰਹੇ ਹਨ। ઠਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਹੀ ਸਮੇਂ ‘ਤੇ 1984 ਦੇ ਕਾਤਲਾਂ ਨੂੰ ਸਜ਼ਾ ਮਿਲ ਜਾਂਦੀ ਤਾਂ ઠਗੋਧਰਾ ਅਤੇ ਹੋਰ ਫਰਜ਼ੀ ਮੁਕਾਬਲਿਆਂ ਵਰਗੀਆਂ ਘਟਨਾਵਾਂ ਨਹੀਂ ਹੋਣੀਆਂ ਸਨ। ਸੁਖਪਾਲ ਖਹਿਰਾ ਨੇ 1984 ਨੂੰ ਮਨੁੱਖੀ ਇਤਿਹਾਸ ਉਤੇ ਕਾਲਾ ਧੱਬਾ ਕਰਾਰ ਦਿੱਤਾ। ਇਸ ਮੌਕੇ ਆਪ ਆਗੂ ਯਾਮਿਨੀ ਗੌਮਰ, ਬੂਟਾ ਸਿੰਘ ਅਸ਼ਾਂਤ, ਡਾ. ਬਲਵੀਰ ਸਿੰਘ, ਸੱਜਣ ਸਿੰਘ ਚੀਮਾ, ਦਲਵੀਰ ਢਿਲੋਂ, ਬ੍ਰਿਗੇਡੀਅਰ ਰਾਜ ਕੁਮਾਰ, ਨਾਜਰ ਸਿੰਘ ਮਾਨਸ਼ਾਹੀਆ, ਜੱਸੀ ਸੇਖੋਂ, ਗੁਰਦਿੱਤ ਸੇਖੋਂ, ਅਨੂ ਰੰਧਾਵਾ, ਦੇਵ ਮਾਨ, ਸੁਖਦੀਪ ਅਪਰਾ, ਦਰਸ਼ਨ ਸਿੰਘ ਢਿੱਲੋਂ ਅਤੇ ਹੋਰ ਇਸ ਮੌਕੇ ਮੌਜੂਦ ਸਨ।
1984 ਦੇ ਸਿੱਖ ਕਤਲੇਆਮ ‘ਤੇ ਗਰਮਾਈ ਸਿਆਸਤ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ’84 ਕਤਲੇਆਮ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀਰਵਾਰ ਨੂੰ ਦਿੱਲੀ ਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ 84 ਕਤਲੇਆਮ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਕਈ ਥਾਵਾਂ ‘ਤੇ ਕਾਂਗਰਸੀ ਆਗੂਆਂ ਜਗਦੀਸ਼ ਟਾਇਟਲਰ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਪੁਤਲੇ ਸਾੜੇ ਗਏ। ਅਕਾਲੀ ਦਲ ਨੇ ਦੋਸ਼ ਲਾਇਆ ਕਿ ਇਹ ਕਤਲੇਆਮ ਕਾਂਗਰਸ ਸਰਕਾਰ ਨੇ ਕਰਵਾਇਆ ਸੀ ਤੇ ਅੱਜ ਵੀ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਦੂਜੇ ਪਾਸੇ ਕਾਂਗਰਸ ਨੇ ਕਿਹਾ ਹੈ ਕਿ ਅਕਾਲੀ ਦਲ ਸਿਆਸੀ ਰੋਟੀਆਂ ਸੇਕਣ ਲਈ ਅਜਿਹੇ ਹੱਥਕੰਡੇ ਵਰਤ ਰਿਹਾ ਹੈ। ਕਾਂਗਰਸੀ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਵਿੱਚ ਕਈ ਵਾਰ ਐਨ.ਡੀ.ਏ. ਸਰਕਾਰ ਰਹੀ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਖੁਦ ਚਾਰ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਫਿਰ ਵੀ ਉਹ ਪੀੜਤਾਂ ਨੂੰ ਇਨਸਾਫ ਕਿਉਂ ਨਹੀਂ ਦਵਾ ਸਕੇ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …