Breaking News
Home / ਨਜ਼ਰੀਆ / ਖਿੱਲਰ ਰਹੀਆਂ ਕਦਰਾਂ-ਕੀਮਤਾਂ

ਖਿੱਲਰ ਰਹੀਆਂ ਕਦਰਾਂ-ਕੀਮਤਾਂ

ਕਲਵੰਤ ਸਿੰਘ ਸਹੋਤਾ
ਪਰਿਵਾਰਕ ਰਿਸ਼ਤਾ ਤੇ ਜਿੰਮੇਵਾਰੀ ਬਹੁਤ ਸੂਖਮਤਾ ਨਾਲ ਜੁੜੇ ਹੋਏ ਹਨ। ਸਾਂਝੇ ਪਰਿਵਾਰਾਂ ਦੇ ਸੰਧਰਵ ਵਿਚ ਇਹ ਦੋਵੇਂ ਗੱਲਾਂ ਨਾਲੋ ਨਾਲ ਚੱਲਦੀਆਂ ਹਨ। ਪੰਜਾਬੀ ਪਰਿਵਾਰਾਂ ਤੇ ਪੱਛਮੀਂ ਮੁਲਕਾਂ ਦੇ ਪਰਿਵਾਰਾਂ ਨਾਲੋਂ ਇਹ ਗੱਲ ਥੋੜੀ ਵਿਲੱਖਣ ਹੈ। ਘਰ ਦਾ ਕੋਈ ਜ਼ਿੰਮੇਵਾਰ ਬੰਦਾ ਆਪਣੇ ਆਪ ਹੀ ਪੰਜਾਲੀ ਗਲ ‘ਚ ਪਾ ਬੀਂਡੀ ਜੁੜ ਤੁਰਦਾ ਹੈ ਤੇ ਬਾਕੀ ਸਾਰਾ ਪਰਿਵਾਰ ਆਪਣੇ ਵਿੱਤ ਅਤੇ ਸਮਰੱਥਾ ਮੁਤਾਬਿਕ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ ਅਤੇ ਇੰਝ ਪਰਿਵਾਰਿਕ ਜ਼ੁਮੇਵਾਰੀ ਰੂਪੀ ਗੱਡੇ ਮੁਹਰੇ ਬੀਂਡੀ ਜੁੜਿਆ ਬੰਦਾ ਆਪਣੀ ਜ਼ਿੰਮੇਵਾਰੀ ਦੇ ਨਾਲ ਘੜੀਸਿਆ ਜਾਣ ਦੇ ਬਾਵਜੂਦ,  ਕੁੱਝ ਰਾਹਿਤ ਤੇ ਸੰਤੁਸ਼ਟਤਾ ਦੀ ਅਨੁਭਵਤਾ ਥੱਲੇ, ਥੋੜੀ ਥੋੜੀ ਤਾਕਤ ਮਿਲਦੀ ਭੀ ਮਹਿਸੂਸ ਕਰਦਾ ਹੈ। ਇਸ ਤ੍ਹਰਾਂ ਉਹ ਸਾਲਾਂ ਵੱਧੀ ਇਸੇ ਜਾਲ਼ ‘ਚ ਜਕੜਿਆ, ਆਪ ਸੁਹੇੜੀ ਕੈਦ ‘ਚ ਆਪੇ ਹੀ ਕੈਦ ਕੱਟਦਾ ਰਹਿੰਦਾ ਹੈ, ਪਰ ਉਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਉਮਰ ਕੈਦ ਕੱਟ ਰਿਹਾ ਹੈ: ਪਰ ਜਦੋਂ ਪਤਾ ਲੱਗਦਾ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
ਭਾਵੇਂ ਉਪੱਰ ਦੱਸਿਆ ਬਿਰਤਾਂਤ ਹੁਣ ਬਹੁਤ ਤੇਜੀ ਨਾਲ ਅਲੋਪ ਹੋ ਚੁੱਕਾ ਹੈ ਤੇ ਹੋ ਰਿਹਾ ਹੈ ਪਰ ਫਿਰ ਭੀ ਸਾਡੇ ਮਨਾਂ ਤੇ ਇਸ ਦਾ ਗਹਿਰਾ ਪਰਭਾਵ ਹੈ। ਲਗਣ ਨਾਲ ਕੋਈ ਭੀ ਕੰਮ ਕਰਦੇ ਕਰਦੇ ਉਸ ਵਿਚ ਇਤਨਾ ਲੀਨ ਹੋ ਹੋ ਜਾਂਦਾ ਹੈ ਕਿ ਅਨੁਭਵ ਹੋਣ ਲੱਗਣ ਲੱਗ ਪੈਂਦਾ ਹੈ ਕਿ ਮੇਰੇ ਬਿਨਾਂ ਇਹ ਕੰਮ ਹੋਰ ਕੋਈ ਕਰ ਹੀ ਨਹੀਂ ਸਕਦਾ, ਇਸੇ ਕਰਕੇ ਬੰਦਾ ਅਗਿਆਨਤਾ ਦੇ ਹਨੇਰੇ ‘ਚ ਹੀ ਗੇੜੇ ਦੇਈ ਜਾਂਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੋਈ ਇਹ ਦੁਨੀਆਂ ਛੱਡ ਕੇ ਤੁਰ ਜਾਂਦਾ ਹੈ ਤਾਂ ਕਦੇ ਭੀ ਕਿਤੇ ਦੇਖਿਆ ਕਿ ਮਗਰੋਂ ਕੋਈ ਕੰਮ ਖੜਿਆ ਹੋਵੇ? ਇਕ ਕਹਾਵਤ ਪ੍ਰਚੱਲਤ ਹੈ ਕਿ ਟਟਹਿਰੀ (ਇਕ ਪੰਛੀ) ਰਾਤ ਨੂੰ ਲੱਤਾਂ ਉਪਰ ਕਰ ਕੇ ਸੌਂਦਾ ਹੈ ਕਿ ਅਸਮਾਨ ਨਾਂ ਡਿਗ ਪਏ, ਤੇ ਲੱਤਾਂ ਨਾਲ ਅਸਮਾਨ ਥੱਲੇ, ਉਸ ਨੂੰ ਥੰਮੀਂ ਦਿੱਤੀ ਹੋਣ ਦਾ ਭਰਮ ਹੈ। ਬੰਦਾ ਭੀ ਇਸੇ ਭਰਮ ਜਾਲ ‘ਚ ਗ੍ਰਸਤ ਹੈ। ਬੰਦਾ ਆਪਣੇ ਵਿਚਾਰਾਂ ਦੇ ਦਾੲਰੇ ਵਿਚੋਂ ਨਹੀਂ ਨਿਕਲਦਾ, ਨਿਕਲਣਾਂ ਚਾਹੁੰਦਾ ਭੀ ਨਿਕਲ ਨਹੀਂ ਸਕਦਾ, ਇਹ ਇਕ ਭੁਲੇਖਾ ਹੀ ਬਣਿਆਂ ਰਹਿੰਦਾ ਹੈ। ਸੁਣਦੇ ਰਹੇ ਹਾਂ, ਪੁਰਾਣੇਂ ਜ਼ਮਾਨਿਆਂ ‘ਚ ਘਰ ਦੇ ਕਾਰ ਮੁਖਤਿਅਆਰੀ ਬਜੁਰਗ ਪੈਸੇ ਧੇਲੇ ਵਾਲੀ ਪਟਾਰੀ ਅਤੇ ਅੰਨ ਬਸਤ ਵਾਲ਼ੀ ਕੋਠੀ ਨੂੰ ਜੰਦਰਾ ਮਾਰਕੇ ਚਾਬੀ ਆਪਣੀ ਲੰਗੋਟੀ ਨਾਲ ਬੰਨ੍ਹ ਕੇ ਰੱਖਦੇ ਸੀ। ਘਰ ਦੇ ਹੋਰ ਕਿਸੇ ਜੀਅ ਨੂੰ ਜ਼ੁਮੇਵਾਰੀ ‘ਚ ਭਾਗੀਦਾਰ ਬਣਾਉਣ ਤੋਂ ਕਤਰਾਉਦੇ ਸਨ, ਤਰਕ ਇਹੀ ਦਿੰਦੇ ਸਨ ਕਿ ਉਨ੍ਹਾਂ ਤੋਂ ਬਿਨਾਂ ਕੁਸ਼ਲਤਾ ਨਾਲ ਹੋਰ ਕੋਈ ਘਰ ਦੇ ਕੰਮ ਨੂੰ ਚਲਊਣ ਦੇ ਯੋਗ ਹੀ ਨਹੀਂ। ਬੇਸ਼ੱਕ ਬਜ਼ੁਰਗ ਦੇ ਇਸ ਵਤੀਰੇ ਦੇ ਵਿਰੋਧ ‘ਚ ਘਰ ਦੇ ਜੀਅ ਕਿੰਨੀ ਵੀ ਹਾਲ ਪਹੁਰਿਆ ਕਰਦੇ ਰਹਿਣ, ਸਿਵਿਆਂ ‘ਚ ਜਾ ਕੇ ਹੀ ਲੰਗੋਟੀ ਨਾਲ ਬੰਨੀ ਚਾਬੀ ਖੁਲਦੀ ਸੀ। ਸਾਰੀ ਉਮਰ ਬਜ਼ੁਰਗ ਇਹੀ ਸੋਚਦਾ ਚਾਬੀ ਦਾ ਖਹਿੜਾ ਨਹੀਂ ਸੀ ਛੱਡਦਾ ਕਿ ਅਸਮਾਨ ਉਸੇ ਹੀ ਥੰਮ ਰੱਖਿਆ ਹੈ ਟਟਿਹਰੀ ਵਾਂਗ।  ਜਿਹੜੀਆਂ ਗੱਲਾਂ ਹੁਣ ਤੇਜ਼ੀ ਨਾਲ ਅਲੋਪ ਹੋ ਰਹੀਆਂ,ਇਹ ਪਰਿਵਾਰਿਕ ਰਿਸਂਤਿਆਂ ਦਾ ਥੰਮ ਹੁੰਦੀਆਂ ਸਨ। ਰਿਸ਼ਤੇਦਾਰ ਇਕ ਦੂਸਰੇ ਦੀਆਂ ਧਿਰਾਂ ਹੁੰਦੇ ਸਨ। ਦੁਖਦੇ ਸੁਖਦੇ ਇੱਕ ਦੂਸਰੇ ਲਈ ਥੰਮ ਬਣਕੇ ਖੜਦੇ ਸਨ। ਬਚਨਾਂ ਦੇ ਪੱਕੇ ਤੇ ਉਹਨਾਂ ਨੂੰ ਤੋੜ ਨਿਭਾਉਂਦੇ ਸਨ। ਜਿਹਨਾਂ ਲਈ ਇਹ ਬਚਨ ਤੋੜ ਨਿਭਾਏ ਜਾਂਦੇ ਸਨ, ਉਹ ਤੇ ਉਹਨਾਂ ਦੀ ਉਲਾਦ ਵੀ ਇਸ ਅਹਿਸਾਨ ਨੂੰ ਭੁਲਾਇਆ ਨਹੀਂ ਸਨ ਕਰਦੇ। ਇਉਂ ਰਿਸ਼ਤੇ ਪੁਸ਼ਤ ਦਰ ਪੁਸ਼ਤ ਨਿਭਦੇ ਤੇ ਨਿੱਘ ਦਿੰਦੇ ਸਨ। ਸਤਿਕਾਰ ਮਾਣ ਦੀ ਇਕ ਭਾਵਨਾਂ ਪ੍ਰਬਲ ਹੁੰਦੀ ਸੀ। ਰਿਸ਼ਤੇ ਪਿਆਰਾਂ ਦੇ ਨਿੱਘ ਦੇ ਹੋਇਆ ਕਰਦੇ ਸਨ। ਇੰਝ ਬਹੁਤੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦਾ ਮੁਖੀਆ ਇਕ ਸਤਿਕਾਰ ਦੀ ਅੱਖ ਨਾਲ ਦੇਖਿਆ ਜਾਂਦਾ ਸੀ ਤੇ ਇਉਂ ਉਸ ਨੂੰ ਲੋੜੋਂ ਵੱਧ ਜ਼ੁੰਮੇਂਵਾਰੀ ਕਦੇ ਵੀ ਅਕੇਵਾਂ ਨਹੀਂ ਸੀ ਮਹਿਸੂਸ ਹੋਣ ਦਿੰਦੀ। ਉਸ ਜ਼ੁਮੇਂਵਾਰ ਪੁਰਸ਼ ਨੂੰ ਕਦੇ ਲਗਦਾ ਹੀ ਨਹੀਂ ਸੀ ਕਿ ਉਹ ਕਿਸੇ ਤੇ ਅਹਿਸਾਨ ਕਰਦਾ ਹੋਵੇ ਸਗੋਂ ਮੁਹਰੇ ਹੋ ਪਰਿਵਾਰਿਕ ਸਦਭਾਵਨਾਂ ਲਈ ਕੀਤੇ ਯਤਨ ਹੀ ਉਸ ਦੀ ਖੁਸ਼ੀ ਦਾ ਸੋਮਾਂ ਬਣੇ ਰਹਿੰਦੇ ਸਨ। ਇਹ ਫਰਜ਼ ਨਿਭਾਉਂਦਿਆਂ ਨਿਭਾਉਂਦਿਆਂ, ਜ਼ਿਮੇਵਾਰੀ ਦੀ ਚਾਬੀ ਅਗਾਊਂ ਕਿਸੇ ਅਗਲੀ ਪੀੜ੍ਹੀ ਦੇ ਸੁਘੜ ਸਿਆਣੇ ਜੀਅ ਹਵਾਲੇ ਕਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਤੁਰ ਜਾਂਦਾ ਸੀ।  ਇਕੱਠੇ ਰਹਿੰਦੇ ਪਰਿਵਾਰਾਂ ਦੀਆਂ ਬਰਕਤਾਂ ਅਤੇ ਰੌਣਕਾਂ ਅਲੌਕਿਕ ਹੀ ਹੋਇਆ ਕਰਦੀਆਂ ਸਨ। ਰਿਸ਼ਤੇਦਾਰਾਂ ਦਾ ਆਉਣਾਂ ਤੇ ਸਾਕਾਂ ਸਬੰਧੀਆਂ ਦੇ ਜਾਣਾਂ ਇਕ ਆਹਰ ਤੇ ਮਨੋਰੰਜਨ ਦਾ ਸਾਧਨ ਬਣਿਆਂ ਰਹਿਦਾ ਸੀ। ਅਜਿਹੇ ਮਹੌਲ ‘ਚ ਪਲ਼ੇ ਬੱਚਿਆਂ ‘ਚ ਪਰਿਵਾਰ ਦੇ ਸੁਘੜ ਸਿਆਣਿਆਂ ਦੇ ਸੰਸਕਾਰ ਆਪ ਹੁਦਰੇ ਹੀ ਪ੍ਰਵੇਸ਼ ਹੋ ਜਾਇਆ ਕਰਦੇ ਸਨ। ਕੋਈ ਅਕਲ ਸ਼ਹੂਰ ਸਿੱਖਣ ਲਈ ਕਿਸੇ ਸਕੂਲ ‘ਚ ਜਾਣ ਦੀ ਲੋੜ ਨਹੀਂ ਸੀ ਰਹਿ ਜਾਂਦੀ ਤੇ ਇੰਝ ਕਦਰਾਂ ਕੀਮਤਾਂ ਦੀ ਡਿਗਰੀ ਘਰੇ ਹੀ ਮਿਲ ਜਾਂਦੀ ਸੀ। ਇਹ ਇਕ ਘੱਟੋ ਘੱਟ ਨੈਤਿਕਤਾ ਦਾ ਜ਼ਰੂਰੀ ਹੋਣਾਂ ਮਿਆਰ ਸਮਝਿਆ ਜਾਂਦਾ ਸੀ।
ਥੋੜ੍ਹੇ ਸਮੇਂ ‘ਚ ਹੋਈ ਤੇਜ਼ੀ ਨਾਲ ਤਬਦੀਲੀ ਨੇ ਅੱਜ ਬੰਦੇ ਨੂੰ ਲੀਹੋਂ ਲਾਹ ਕੇ ਰੱਖ ਦਿਤਾ ਹੈ। ਜਿਸ ਲੀਹ ਤੇ ਸਦੀਆਂ ਤੋਂ ਤੁਰਦੇ ਆਏ ਹਾਂ,ਉਹ ਲੀਹ ਸਾਨੂੰ ਪੁਰਾਣੀ ਹੋ ਗਈ ਲੱਗਣ ਲੱਗੀ ਹੈ। ਨਵੀਆਂ ਸੁੱਖ ਸਹੂਲਤਾਂ ਦੇ ਗੁਲਾਮ ਹੋ ਅਸੀਂ ਸਦੀਆਂ ਤੋਂ ਚਲੀਆਂ ਆ ਰਹੀਆਂ ਤੰਦਰੁਸਤ ਰਹਿਣ ਸਹਿਣ ਦੀਆਂ ਵਿਧੀਆਂ, ਰਿਵਾਜ਼ ਤੇ ਆਦਤਾਂ ਛੱਕੇ ਟੰਗ ਦਿੱਤੀਆਂ ਹਨ। ਪੁਰਾਣੇ ਬਜ਼ੁਰਗਾਂ ਦੀਆਂ ਤਜ਼ਰਬੇ ਤੋਂ ਸਿੱਖੀਆਂ ਗੱਲਾਂ ਤੇ ਰਵਾਇਤਾਂ ਨੂੰ ਅਸੀਂ ਤਲਾਂਜਲੀ ਦੇ ਦਿੱਤੀ ਹੈ, ਜਿਹੜੀਆਂ ਜੀਵਨ ਜਾਂਚ ਦਾ ਧੁਰਾ ਤੇ ਮੁੱਢ ਹਨ। ਮਨ ਦੀ ਸ਼ਾਂਤੀ ਖੰਭ ਲਾ ਕੇ ਉਡ ਗਈ ਹੈ, ਦਿਖਾਵੇ ਤੇ ਫੋਕੀ ਟੋਹਰ ਦੀ ਭਰਮਾਰ ਹੋ ਗਈ ਹੈ, ਪੈਸੇ ਦੀ ਦੌੜ ਤੇ ਹੋਰ ਪਦਾਰਥੀ ਵਸਤਾਂ ਮਗਰ ਅਸੀਂ ਵਾਹੋਦਾਹੀ ਭੱਜੇ ਜਾ ਰਹੇ ਹਾਂ। ਇਹ ਦੌੜ ਕਿੱਥੇ ਜਾ ਕੇ ਖ਼ਤਮ ਹੋਏਗੀ ਤੇ ਕਿੱਥੇ ਇਸ ਦਾ ਅੰਤ ਹੈ ਪਤਾ ਕੋਈ ਨਹੀਂ। ਨਵੇਂ ਜ਼ਮਾਨੇ ਦੀਆਂ ਸੁੱਖ ਸਹੂਲਤਾਂ ਨੇ ਸਾਡੇ ਮਨ ਦੀ ਸ਼ਾਂਤੀ, ਪਿਆਰ ਤੇ ਅਪਣੱਤ ਖੋਹ ਲਈ ਹੈ। ਸਾਨੂੰ ਅੰਦਰੋਂ ਖੋਖਲੇ ਕਰ ਕੇ ਰੱਖ ਦਿੱਤਾ ਹੈ। ਆਪਣਾਂ ਅਸੀਂ ਪਛੋਕੜ ਭੁੱਲ ਮੂੰਹ ਉਪਰ ਨੂੰ ਚੁੱਕ ਠਿਡੇ ਠੋਕਰਾਂ ਖਾਈ ਜਾ ਰਹੇ ਹਾਂ। ਜੋ ਪਿਆਰ ਸਨੇਹ ਦਾ ਅਨੰਦ ਸਾਡੇ ਬਜ਼ੁਰਗਾਂ ਲਿਆ ਅਸੀਂ ਉਸ ਤੋਂ ਸੱਖਣੇ ਹੋ ਖਾਲੀ ਖੋਲ ਪੋਲ ਹੋ ਕੇ ਰਹਿ ਗਏ ਹਾਂ। ਮਨ ਦੀ ਸ਼ਾਂਤੀ ਗੁਆਚ ਗਈ ਹੈ, ਡੌਰ ਭੌਰ ਹੋਏ ਅੱਕੀਂ ਪਲ਼ਾਹੀਂ ਹੱਥ ਮਾਰਦੇ ਫਿਰਦੇ ਹਾਂ। ਜੋ ਅਣਮੋਲ ਖਜ਼ਾਨਾ ਅਸੀਂ ਸਦੀਆਂ ਤੋਂ ਅਗਾਂਹ ਤੋਂ ਅਗਾਂਹ ਸਪੁਰਦ ਕਰਦੇ ਕਰਰਾਉਂਦੇ ਆਏ ਹਾਂ ਅੱਜ ਅਸੀਂ ਗੁਆ ਲਿਆ ਹੈ। ਬਜ਼ੁਰਗਾਂ ਦੇ ਤਜ਼ਰਬੇ ਦਾ ਅਰਕ ਅਸੀਂ ਖੋ ਲਿਆ ਹੈ ਤੇ ਫੋਕੇ ਪਾਣੀ ‘ਚੋਂ ਅਰਕ ਦਾ ਸੁਆਦ ਭਾਲਦੇ ਫਿਰਦੇ ਹਾਂ। ਉਪਰ ਦੱਸਿਆ ਵਿਰਤਾਂਤ  ਸਾਡੀਆਂ ਖਿਲਰ ਗਈਆਂ ਤੇ ਖਿਲਰ ਰਹੀਆਂ ਕਦਰਾਂ ਕੀਮਤਾਂ ਦਾ ਇਕ ਪ੍ਰਤੱਖ ਪ੍ਰਮਾਣ ਹੈ ਜੋ ਬੜੀ ਤੇਜ਼ੀ ਨਾਲ ਅਲੋਪ ਹੋ ਰਹੀਆਂ ਹਨ।
ਜਿਹੜਾ ਪਰਿਵਾਰ ਦਾ ਮੁਖੀਆ ਸਾਰੀ ਉਮਰ ਬੀਂਡੀ ਜੁੜਿਆ ਸਾਰੇ ਸਾਂਝੇ ਪਰਿਵਾਰ ਦਾ ਗੱਡਾ ਧੂਈ ਫਿਰਦਾ ਰਿਹਾ, ਅੱਜ ਉਸ ਦੇ ਗਲੋਂ ਕੋਈ ਪੰਜਾਲ਼ੀ ਲਹਾਉਣ ਵਾਲਾ ਨਹੀਂ। ਅੱਜ ਦੇ ਜ਼ਮਾਨੇ ਦੀਆਂ ਪੁਸ਼ਤਾਂ, ਜਿਹੜੇ ਸਾਡੇ ਬਜ਼ੁਰਗਾਂ ਪੀੜੀਆਂ ਬੱਧੀ ਸਿਰਾਂ ਤੇ ਸਿਰੜ ਨਿਭਾਏ ਨੂੰ ਉੱਕਾ ਹੀ ਭੁੱਲ ਵਿਸਾਰ ਚੱਕੇ ਹਨ। ਪੁੱਛੋ ਤਾਂ ਮੁਹਰਿਉਂ ਜੁਆਬ ਹੁੰਦਾ ਕਿ ਉਹ ਤੁਹਾਡਾ ਜ਼ਮਾਨਾਂ ਸੀ ਹੁਣ ਸਾਡਾ ਆਪਣਾਂ ਤਰੀਕਾ ਹੈ ਰਹਿਣ ਦਾ। ਜਿਹੜੀ ਸਦੀਆਂ ਤੋਂ ਚੱਕੀ ਪੰਜਾਲ਼ੀ ਦੇ ਕ੍ਹੰਨੇ ਦਾ ਦਰਦ ਹੀ ਮਹਿਸੂਸ ਨਹੀਂ ਸੀ ਹੋਇਆ ਅੱਜ ਇਨੇ ਕੁ ਜੁਆਬ ਨੇ ਉਸ ਕੰਨੇ ਦੇ ਜ਼ਖਮ ਤੇ ਲੂਣ ਮਲ਼ ਕੇ ਰੱਖ ਦਿੱਤਾ ਅਤੇ ਨਾਲ ਹੀ ਇਹ ਵਿਚਾਰ ਆਰੇ ਦੇ ਚੀਰੇ ਵਾਂਗੂੰ ਅੰਦਰ ਇਕ ਵਾਢ ਜਿਹੀ ਪਾਉਦਾ ਸੋਚਣ ਲਈ ਮਜ਼ਬੂਰ ਕਰਦਾ ਪਈ ਐਵੇਂ ਅਸਮਾਨ ਥੰਮਿਆਂ ਸਮਝਦੇ ਹੀ ਆਪਾ ਗੁਆਉਂਦੇ ਰਹੇ ਹੋਰਾਂ ਲਈ।
604-589-5919

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …