Breaking News
Home / ਭਾਰਤ / ਪੁਲਵਾਮਾ ਹਮਲੇ ਦੇ ਸਾਜਿਸ਼ਕਾਰਾਂ ਨੂੰ ਸਜ਼ਾ ਜ਼ਰੂਰ ਮਿਲੇਗੀ : ਮੋਦੀ

ਪੁਲਵਾਮਾ ਹਮਲੇ ਦੇ ਸਾਜਿਸ਼ਕਾਰਾਂ ਨੂੰ ਸਜ਼ਾ ਜ਼ਰੂਰ ਮਿਲੇਗੀ : ਮੋਦੀ

ਕਿਹਾ : ਜਿੰਨੀ ਅੱਗ ਭਾਰਤੀਆਂ ਦੇ ਦਿਲਾਂ ਵਿਚ, ਓਨੀ ਹੀ ਅੱਗ ਮੇਰੇ ਅੰਦਰ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਹਮਲੇ ਕਰਵਾ ਕੇ ਭਾਰਤ ਨੂੰ ਕਮਜ਼ੋਰ ਨਹੀਂ ਕਰ ਸਕਦਾ ਹੈ। ਮੋਦੀ ਨੇ ਕਿਹਾ ਕਿ ਜਿਨੀ ਅੱਗ ਭਾਰਤੀਆਂ ਦੇ ਦਿਲਾਂ ਵਿਚ, ਓਨੀ ਹੀ ਅੱਗ ਮਰੇ ਅੰਦਰ ਹੈ। ਦੋਸ਼ੀਆਂ ਨੂੰ ਬਖਸ਼ਾਂਗੇ ਨਹੀਂ। ਉਨ੍ਹਾਂ ਕਿਹਾ ਕਿ ਹਮਲੇ ਦੇ ਜ਼ਿੰਮੇਵਾਰਾਂ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਏਗੀ। ਪੁਲਵਾਮਾ ਜ਼ਿਲ੍ਹੇ ਵਿਚ ਸੀਆਰਪੀਐਫ ਦੇ 40 ਜਵਾਨਾਂ ਦੀ ਸ਼ਹਾਦਤ ਮਗਰੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਨਾਲ ਸਿੱਝਣ ਲਈ ਖੁੱਲ੍ਹੀ ਛੁੱਟੀ ਦਿੱਤੀ ਜਾਵੇਗੀ। ਦਿੱਲੀ ਤੋਂ ਵਾਰਾਨਸੀ ਤਕ ਚੱਲਣ ਵਾਲੀ ਸਭ ਤੋਂ ਤੇਜ਼ ਰੇਲਗੱਡੀ ‘ਵੰਦੇ ਭਾਰਤ ਐਕਸਪ੍ਰੈੱਸ’ ਨੂੰ ਹਰੀ ਝੰਡੀ ਦਿਖਾਉਣ ਦੇ ਸਮਾਗਮ ਦੌਰਾਨ ਮੋਦੀ ਨੇ ਕਿਹਾ, ”ਮੈਂ ਦਹਿਸ਼ਤੀ ਜਥੇਬੰਦੀਆਂ ਅਤੇ ਉਨ੍ਹਾਂ ਨੂੰ ਸਹਾਇਤਾ ਦੇਣ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਬਹੁਤ ਭਾਰੀ ਗਲਤੀ ਕੀਤੀ ਹੈ। ਉਨ੍ਹਾਂ ਨੂੰ ਹਮਲਿਆਂ ਲਈ ਬਹੁਤ ਭਾਰੀ ਕੀਮਤ ਚੁਕਾਉਣੀ ਪਏਗੀ। ਮੈਂ ਮੁਲਕ ਨੂੰ ਭਰੋਸਾ ਦਿੰਦਾ ਹਾਂ ਕਿ ਹਮਲੇ ਦੇ ਸਾਜ਼ਿਸ਼ਕਾਰਾਂ ਨੂੰ ਸਜ਼ਾ ਮਿਲੇਗੀ।” ਆਪਣੇ ਸਖ਼ਤ ਭਾਸ਼ਨ ਵਿਚ ਉਨ੍ਹਾਂ ਕਿਹਾ ਕਿ ਲੋਕਾਂ ਦਾ ਖੂਨ ਖੌਲ ਰਿਹਾ ਹੈ ਅਤੇ ਗੁਆਂਢੀ ਮੁਲਕ ਸੋਚਦਾ ਹੈ ਕਿ ਅਜਿਹੇ ਦਹਿਸ਼ਤੀ ਹਮਲਿਆਂ ਨਾਲ ਉਹ ਭਾਰਤ ਨੂੰ ਅਸਥਿਰ ਕਰ ਦੇਵੇਗਾ ਪਰ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋਣਗੇ। ਬਾਅਦ ਵਿਚ ਝਾਂਸੀ ਵਿਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦਾ ਨਾਮ ਲਏ ਬਿਨਾ ਕਿਹਾ ਕਿ ਉਹ ‘ਠੂਠਾ ਫੜ’ ਕੇ ਵੱਖ ਵੱਖ ਮੁਲਕਾਂ ਕੋਲ ਜਾਣ ਲਈ ਮਜਬੂਰ ਹੋ ਗਏ ਹਨ ਅਤੇ ਇਹ ਹਮਲਾ ਉਸੇ ਲਾਚਾਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੀਆਰਪੀਐਫ ਦੇ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਏਗੀ ਅਤੇ ਸੁਰੱਖਿਆ ਬਲਾਂ ਨੂੰ ਆਪਣੇ ਸਮੇਂ, ਸਥਿਤੀ ਅਤੇ ਸਥਾਨ ਦੇ ਹਿਸਾਬ ਨਾਲ ਫ਼ੈਸਲਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ।
ਕਈ ਗਾਜ਼ੀ ਆਏ ਤੇ ਚਲੇ ਗਏ, ਕਸ਼ਮੀਰ ‘ਚ ਜੋ ਅੱਤਵਾਦੀ ਦਾਖਲ ਹੋਵੇਗਾ, ਜ਼ਿੰਦਾ ਨਹੀਂ ਬਚੇਗਾ : ਭਾਰਤੀ ਫੌਜ
ਸ੍ਰੀਨਗਰ : ਭਾਰਤੀ ਫੌਜ ਨੇ ਅੱਜ ਚਿਤਾਵਨੀ ਦਿੱਤੀ ਕਿ ਕਸ਼ਮੀਰ ਵਿਚ ਕਈ ਗਾਜ਼ੀ ਆਏ ਅਤੇ ਚਲੇ ਗਏ, ਕਸ਼ਮੀਰ ਵਿਚ ਜੋ ਅੱਤਵਾਦੀ ਦਾਖਲ ਹੋਵੇਗਾ ਉਹ ਜ਼ਿੰਦਾ ਨਹੀਂ ਬਚੇਗਾ। ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਕੰਵਲਜੀਤ ਸਿੰਘ ਢਿੱਲੋਂ ਨੇ ਕਸ਼ਮੀਰ ਦੀਆਂ ਮਾਵਾਂ ਨੂੰ ਅਪੀਲ ਕੀਤੀ ਉਹ ਆਪਣੇ ਬੱਚਿਆਂ ਨੂੰ ਅੱਤਵਾਦ ਦਾ ਰਸਤਾ ਛੱਡਣ ਲਈ ਕਹਿਣ। ਜੇਕਰ ਉਹ ਬੱਚੇ ਬੰਦੂਕ ਚੁੱਕਣਗੇ ਤਾਂ ਮਾਰੇ ਜਾਣਗੇ। ਸੁਰੱਖਿਆ ਬਲਾਂ ਨੇ ਅੱਜ ਸ੍ਰੀਨਗਰ ਵਿਚ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਮੀਟਿੰਗ ਵਿਚ ਕਿਹਾ ਗਿਆ ਕਿ ਜੈਸ਼ ਏ ਮੁਹੰਮਦ ਪਾਕਿਸਤਾਨ ਆਰਮੀ ਦਾ ਹੀ ਹਿੱਸਾ ਹੈ ਅਤੇ ਜੈਸ਼ ਨੇ ਹਮੇਸ਼ਾ ਭਾਰਤੀ ਸੁਰੱਖਿਆ ਬਲਾਂ ‘ਤੇ ਹੀ ਹਮਲਾ ਕੀਤਾ ਹੈ। ਲੈਫਟੀਨੈਂਟ ਜਨਰਲ ਢਿੱਲੋਂ ਨੇ ਕਿਹਾ ਕਿ ਪੁਲਵਾਮਾ ਹਮਲੇ ਵਿਚ ਪਾਕਿਸਤਾਨ ਦਾ ਸੌ ਫੀਸਦੀ ਹੱਥ ਸੀ, ਇਸ ਵਿਚ ਸਾਨੂੰ ਕੋਈ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਹੈ।
ਪੂਰੀ ਵਿਰੋਧੀ ਧਿਰ ਸੁਰੱਖਿਆ ਬਲਾਂ ਤੇ ਸਰਕਾਰ ਦੇ ਨਾਲ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੁਲਵਾਮਾ ਦਹਿਸ਼ਤੀ ਹਮਲੇ ਨੂੰ ਭਾਰਤ ਦੀ ਰੂਹ ‘ਤੇ ਹਮਲਾ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਮੇਤ ਪੂਰੀ ਵਿਰੋਧੀ ਧਿਰ ਸਰਕਾਰ ਅਤੇ ਸੁਰੱਖਿਆ ਬਲਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਜਾਂ ਗੁੱਸੇ ਨਾਲ ਭਾਰਤ ਵਿੱਚ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ। ਉਧਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਦਹਿਸ਼ਤੀ ਤਾਕਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਤੇ ਇਸ ਅਲਾਮਤ ਨਾਲ ਮਿਲ ਕੇ ਸਿੱਝਿਆ ਜਾਵੇਗਾ।
ਇਥੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸੀਨੀਅਰ ਪਾਰਟੀ ਆਗੂਆਂ ਗੁਲਾਮ ਨਬੀ ਆਜ਼ਾਦ ਤੇ ਏ.ਕੇ.ਐਂਟਨੀ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘ਇਹ ਬਹੁਤ ਖ਼ੌਫਨਾਕ ਘਟਨਾ ਹੈ। ਅਜਿਹੀ ਹਿੰਸਾ ਸਾਡੇ ਸਭ ਤੋਂ ਅਹਿਮ ਭਾਰਤੀਆਂ, ਸਾਡੇ ਫ਼ੌਜੀਆਂ ਖ਼ਿਲਾਫ਼ ਕੀਤੀ ਗਈ ਹੈ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …