Breaking News
Home / ਭਾਰਤ / ਆਰਥਿਕ ਸੰਕਟ ਨਾਲ ਨਜਿੱਠਣ ਲਈ ਡਾ. ਮਨਮੋਹਨ ਸਿੰਘ ਆਏ ਅੱਗੇ

ਆਰਥਿਕ ਸੰਕਟ ਨਾਲ ਨਜਿੱਠਣ ਲਈ ਡਾ. ਮਨਮੋਹਨ ਸਿੰਘ ਆਏ ਅੱਗੇ

ਮੋਦੀ ਸਰਕਾਰ ਨੂੰ ਦਿੱਤੇ ਤਿੰਨ ਸੁਝਾਅ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਦੇਸ਼ ਦੀ ਮੌਜੂਦਾ ਆਰਥਿਕ ਹਾਲਤ ਦੇ ਆਧਾਰ ‘ਤੇ ਪੇਸ਼ੀਨਗੋਈ ਕਰਦਿਆਂ ਕਿਹਾ ਕਿ ਦੇਸ਼ ਵਿਚ ਮੰਦੀ ਆਉਣੀ ਤੈਅ ਹੈ। ਡਾ: ਸਿੰਘ ਨੇ ਪੇਸ਼ੀਨਗੋਈ ਕਰਨ ਦੇ ਨਾਲ ਹੀ ਮੋਦੀ ਸਰਕਾਰ ਨੂੰ ਅਰਥਵਿਵਸਥਾ ਸੰਭਾਲਣ ਲਈ ਕੁਝ ਵੱਡੇ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਡਾ: ਮਨਮੋਹਨ ਸਿੰਘ ਨੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਸਰਕਾਰ ਨੂੰ 3 ਵੱਡੇ ਕਦਮ ਚੁੱਕਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਭ ਤੋਂ ਪਹਿਲਾਂ ਲੋਕਾਂ ਦਾ ਰੁਜ਼ਗਾਰ ਸੁਰੱਖਿਅਤ ਬਣਾਈ ਰੱਖਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਆਰਥਿਕ ਮਦਦ ਦਿੱਤੀ ਜਾਵੇ, ਤਾਂ ਜੋ ਖ਼ਰਚ ਕਰਨ ਦੀ ਸਮਰੱਥਾ ਬਣੀ ਰਹੇ। ਡਾ: ਸਿੰਘ ਨੇ ਦੂਜੇ ਸਵਾਲ ਵਿਚ ਸਰਕਾਰ ਨੂੰ ਸਰਕਾਰੀ ਕ੍ਰੈਡਿਟ ਗਾਰੰਟੀ ਪ੍ਰੋਗਰਾਮਾਂ ਰਾਹੀਂ ਵਪਾਰ ਅਤੇ ਕਾਰੋਬਾਰਾਂ ਲਈ ਲੋੜੀਂਦੀ ਰਕਮ ਉਪਲਬਧ ਕਰਵਾਉਣ ਨੂੰ ਕਿਹਾ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਨੇ ਵਿੱਤੀ ਸੈਕਟਰ ਵਿਚ ਸੰਸਥਾਵਾਂ ‘ਚ ਖੁਦਮੁਖਤਿਆਰੀ ਅਤੇ ਅਮਲਾਂ ਰਾਹੀਂ ਸੁਧਾਰ ਲਿਆਉਣ ਨੂੰ ਵੀ ਕਿਹਾ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੱਖ-ਵੱਖ ਅਰਥ ਸ਼ਾਸਤਰੀਆਂ ਨਾਲ ਗੱਲ ਕਰਨ ਤੋਂ ਬਾਅਦ ਇਹ ਹੀ ਦੁਹਰਾਇਆ ਸੀ ਕਿ ਸਰਕਾਰ ਨੂੰ ਸਪਲਾਈ ਦਰੁਸਤ ਕਰਨ ਦੇ ਨਾਲ-ਨਾਲ ਮੰਗ ਵਧਾਉਣ ਵੱਲ ਧਿਆਨ ਦਿੰਦਿਆਂ ਲੋਕਾਂ ਦੇ ਹੱਥ ਵਿਚ ਨਕਦੀ ਦੇਣੀ ਚਾਹੀਦੀ ਹੈ। ਹਾਲਾਂਕਿ ਡਾ: ਸਿੰਘ ਨੇ ਨਕਦੀ ਤਬਾਦਲੇ ਪ੍ਰਤੀ ਵੀ ਸਰਕਾਰ ਨੂੰ ਸੰਭਲ ਕੇ ਕਦਮ ਚੁੱਕਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ) ਦਰ ਲਈ ਭਾਰਤ ਦਾ ਕਰਜ਼ਾ ਵਧ ਜਾਵੇਗਾ ਪਰ ਜੇਕਰ ਕਰਜ਼ੇ ਨਾਲ ਕਿਸੇ ਦੀ ਜ਼ਿੰਦਗੀ ਬਣਦੀ ਹੈ ਅਤੇ ਅਰਥਵਿਵਸਥਾ ਨੂੰ ਅੱਗੇ ਤੋਰਨ ਵਿਚ ਮਦਦ ਮਿਲਦੀ ਹੈ ਤਾਂ ਇਹ ਕੀਤਾ ਜਾ ਸਕਦਾ ਹੈ।

Check Also

ਕਰੋਨਾ ਦੇ ਗੰਭੀਰ ਮਾਮਲਿਆਂ ‘ਚ ਭਾਰਤ ਦਾ ਨੰਬਰ ਦੂਜਾ

ਸੰਸਾਰ ਭਰ ‘ਚ ਕਰੋਨਾ ਸਾਢੇ 9 ਲੱਖ ਵਿਅਕਤੀਆਂ ਦੀ ਲੈ ਚੁੱਕਾ ਹੈ ਜਾਨ ਪੰਜਾਬ ‘ਚ …