ਬਰੈਂਪਟਨ/ਬਿਊਰੋ ਨਿਊਜ਼
ਹੈਟਸ-ਅੱਪ ਟੀਮ ਇੱਕ ਵਾਰ ਫਿਰ ਕੈਨੇਡੀਅਨ ਜ਼ਿੰਦਗੀ ਨਾਲ਼ ਸਬੰਧਤ ਮਸਲਿਆਂ ‘ਤੇ ਨਾਟਕ ਲੈ ਕੇ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਪੇਸ਼ ਹੋ ਰਹੀ ਹੈ। ਇਹ ਨਾਟਕ 22 ਅਕਤੂਬਰ ਨੂੰ ਖੇਡਿਆ ਜਾਵੇਗਾ। ਕੁਲਵਿੰਦਰ ਖਹਿਰਾ ਦਾ ਲਿਖਿਆ ਨਾਟਕ ‘ਗੋਲਡਨ ਟ੍ਰੀ’ ਬ੍ਰਿਟਿਸ਼ ਕੋਲੰਬੀਆ ‘ਚ ਵਾਪਰੇ ਇੱਕ ਸੜਕ ਹਾਦਸੇ ‘ਤੇ ਅਧਾਰਿਤ ਹੈ ਅਤੇ ਕੈਨੇਡੀਅਨ ਖ਼ੇਤ-ਮਜ਼ਦੂਰਾਂ ਦੇ ਹੋ ਰਹੇ ਸੋਸ਼ਣ ਨੂੰ ਬਹੁਤ ਹੀ ਗਹਿਰਾਈ ਵਿੱਚ ਜਾ ਕੇ ਬਿਆਨ ਕਰਦਾ ਹੈ। ਨਾਟਕ ਦੇ ਨਿਰਦੇਸ਼ਕ ਹੀਰਾ ਰੰਧਾਵਾ ਦਾ ਕਹਿਣਾ ਹੈ ਕਿ ਕਲਾਕਾਰਾਂ ਦੀ ਦੋ ਮਹੀਨੇਂ ਦੀ ਅਣਥੱਕ ਮਿਹਨਤ ਨਾਲ਼ ਇਹ ਨਾਟਕ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ਼ ਖ਼ੇਤ-ਮਜ਼ਦੂਰਾਂ ਦੇ ਹੋ ਰਹੇ ਘਾਣ ਅਤੇ ਇਸ ਨਾਲ਼ ਪਰਵਾਰਾਂ ਦੀ ਜ਼ਿੰਦਗੀ ‘ਤੇ ਪੈਣ ਵਾਲ਼ੇ ਮਾਰੂ ਅਸਰਾਂ ਨੂੰ ਮੂਰਤੀਮਾਨ ਕਰੇਗਾ।
ਨਾਟਕ ਦੇ ਲੇਖਕ ਕੁਲਵਿੰਦਰ ਖਹਿਰਾ ਦਾ ਕਹਿਣਾ ਹੈ ਇਹ ਨਾਟਕ ਮਹਿਜ਼ ਇੱਕ ਨਾਟਕ ਨਹੀਂ ਸਗੋਂ ਜ਼ਿੰਦਗੀ ਦੀ ਤਲਖ਼ ਸਚਾਈ ਹੈ। ਉਨ੍ਹਾਂ ਕਿਹਾ ਕਿ ਇਸ ਨਾਟਕ ਦੀਆਂ ਘਟਨਾਵਾਂ ਅਸਲੀ ਹੋਣ ਦੇ ਬਾਵਜੂਦ ਏਨੀਆਂ ਨਾਟਕੀ ਨੇ ਕਿ ਪੜਾਅ-ਦਰ-ਪੜਾਅ ਦ੍ਰਸ਼ਕ ਨੂੰ ਅਚੰਭਤ ਕਰਦੀਆਂ ਜਾਂਦੀਆਂ ਨੇ। ਉਨ੍ਹਾਂ ਕਿਹਾ ਕਿ ਇਸ ਨਾਟਕ ਨੂੰ ਵੇਖਣ ਵਾਲ਼ੇ ਦ੍ਰਸ਼ਕ ਇਸ ਗੱਲ ਤੋਂ ਤਕਰੀਬਨ ਪੂਰੀ ਤਰ੍ਹਾਂ ਵਾਕਫ਼ ਹੋ ਜਾਣਗੇ ਕਿ ਕੈਨੇਡਾ ਵਿੱਚ ਖ਼ੇਤ ਮਜ਼ਦੂਰਾਂ ਦੀ ਕੀ ਹਾਲਤ ਹੁੰਦੀ ਹੈ।
ਯਾਦ ਰਹੇ ਕਿ ਕੁਲਵਿੰਦਰ ਖਹਿਰਾ ਇਸ ਤੋਂ ਪਹਿਲਾਂ ਵੀ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਬਿਆਨਦਾ ਨਾਟਕ ‘ਇੱਕ ਜੰਗ ਇਹ ਵੀ’ (ਨਿਰਦੇਸ਼ਕ ਹਰਦੀਪ ਗਿੱਲ), ਅਸਿੱਧੇ ਢੰਗ ਨਾਲ਼ ਕੈਨੇਡਾ ਆ ਕੇ ਦੋ-ਪੁੜਾਂ ਵਿਚਾਲੇ ਪਿਸਦੀ ਜ਼ਿੰਦਗੀ ‘ਤੇ ਅਧਾਰਿਤ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ (ਨਿਰਦੇਸ਼ਕ ਹੀਰਾ ਰੰਧਾਵਾ), ਅਤੇ ਸਮਾਜਿਕ ਮਸਲਿਆਂ ‘ਤੇ ਨਾਟਕ ‘ਸੁਪਨੇ ਬਣੇ ਪ੍ਰੇਤ’ (ਨਿਰਦੇਸ਼ਕ ਹਰਕੇਸ਼ ਚੌਧਰੀ) ਲਿਖ ਕੇ ਆਪਣਾ ਨਾਮ ਕਮਾ ਚੁੱਕੇ ਹਨ।
ਇਸ ਨਾਟਕ ਵਿੱਚ ਪਰਮਜੀਤ ਦਿਓਲ, ਤਰੁਨ ਵਾਲੀਆ, ਅੰਤਰਪ੍ਰੀਤ, ਸ਼ਿੰਗਾਰਾ ਸਮਰਾ, ਜੋਗੀ ਸੰਘੇੜਾ, ਜੋਵਨ ਦਿਓਲ, ਰਾਬੀਆ ਰੰਧਾਵਾ, ਡੇਵਿਡ ਸੰਧੂ, ਜਗਵਿੰਦਰ ਸਿੰਘ, ਕਰਮਜੀਤ ਗਿੱਲ, ਭੁਪਿੰਦਰ ਸਿੰਘ, ਅਤੇ ਛੋਟੀ ਬੱਚੀ ਚੰਨਰੂਪ ਰੋਲ ਨਿਭਾ ਰਹੇ ਨੇ ਜਦਕਿ ਗੀਤਾਂ ਨੂੰ ਆਵਾਜ਼ ਹਰਿੰਦਰ ਸੋਹਲ ਅਤੇ ਰਿੰਟੂ ਭਾਟੀਆ ਜੀ ਦੇਣਗੇ।
ਇਸ ਨਾਟਕ ਦੀ ਟਿਕਟ ਸਿਰਫ $15 ਰੱਖੀ ਗਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਹੀਰਾ ਰੰਧਾਵਾ (416.319.0551), ਸ਼ਿੰਗਾਰਾ ਸਮਰਾ (416.710.2615), ਜਾਂ ਪਰਮਜੀਤ ਦਿਓਲ (647.295.7351) ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।