ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਲੰਘੇ ਐਤਵਾਰ 15 ਅਕਤੂਬਰ ਨੂੰ ਹੋਈ ਮਹੀਨਾਵਾਰ ਇਕੱਤਰਤਾ ਵਿਚ ਉੱਘੇ ਕਵੀ, ਕਹਾਣੀਕਾਰ ਤੇ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ-ਸੰਪਾਦਕ ਸਿੱਧੂ ਦਮਦਮੀ ਅਤੇ ਜਲੰਧਰ ਤੋਂ ਆਈ ਕਵਿੱਤਰੀ ਪ੍ਰਕਾਸ਼ ਕੌਰ ਜਿਨ੍ਹਾਂ ਦੀਆਂ ਪੰਜਾਬੀ ਤੇ ਹਿੰਦੀ ਵਿਚ ਕਵਿਤਾਵਾਂ ਦੀਆਂ ਪੁਸਤਕਾਂ ਛਪੀਆਂ ਹਨ ਅਤੇ ਉਨ੍ਹਾਂ ਨੇ ਰੂਸੀ ਨਾਵਲ ‘ਕਰਾਈਮ ਐਂਡ ਪੱਨਿਸ਼ਮੈਂਟ’ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ ਹੈ, ਨਾਲ ਰੂ-ਬਰੂ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਇਨ੍ਹਾਂ ਮਹਿਮਾਨ-ਸਾਹਿਤਕਾਰਾਂ ਤੋਂ ਇਲਾਵਾ ਸਭਾ ਦੇ ਚੇਅਰਮੈਨ ਬਲਰਾਜ ਚੀਮਾ, ਉੱਘੇ ਚਿੰਤਕ ਪ੍ਰੋ. ਰਾਮ ਸਿੰਘ ਤੇ ਕਵਿੱਤਰੀ ਸੁਰਜੀਤ ਕੌਰ ਸ਼ਾਮਲ ਸਨ।
ਮਲੂਕ ਸਿੰਘ ਕਾਹਲੋਂ ਵੱਲੋਂ ਆਏ ਮਹਿਮਾਨਾਂ ਤੇ ਸਰੋਤਿਆਂ ਨੂੰ ਰਸਮੀ ‘ਜੀ-ਆਇਆਂ’ ਕਹਿਣ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਸੁਰਜੀਤ ਕੌਰ ਨੂੰ ਪ੍ਰਕਾਸ਼ ਕੌਰ ਸੰਧੂ ਬਾਰੇ ਜਾਣਕਾਰੀ ਦੇਣ ਲਈ ਸੱਦਾ ਦਿੱਤਾ। ਸਿੱਧੂ ਦਮਦਮੀ ਦੀ ਜਾਣ-ਪਛਾਣ ਹਾਜ਼ਰੀਨ ਨਾਲ ਕਰਵਾਉਂਦਿਆਂ ਕਵੀ ਗੁਰਦੇਵ ਚੌਹਾਨ ਨੇ ਦੱਸਿਆ ਕਿ ਸਿੱਧੂ ਦੀਆਂ ਕਵਿਤਾਵਾਂ ਤੇ ਕਹਾਣੀਆਂ ਸੱਤਰਵਿਆਂ ਵਿਚ ‘ਨਾਗਮਣੀ’ ਵਿਚ ਛਪਦੀਆਂ ਰਹੀਆਂ ਹਨ, ਉਹ ਕਈ ਸਾਲ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਰਹੇ ਤੇ ਕਈ ਪ੍ਰਾਈਵੇਟ ਟੀ.ਵੀ. ਚੈਨਲਾਂ ਨਾਲ ਵੀ ਜੁੜੇ ਰਹੇ ਹਨ। ਪ੍ਰੋ.ਰਾਮ ਸਿੰਘ ਨੇ ਕਵਿਤਾ ਵਿਚ ਵਿਚਾਰਧਾਰਾ ਦੀ ਗੱਲ ਕਰਦਿਆਂ ਹੋਇਆਂ ਲੇਖਕ ਨੂੰ ਇਕ ਦੂਰੀ ‘ਤੇ ਖੜ੍ਹ ਕੇ ਆਪਣੀਆਂ ਰਚਨਾਵਾਂ ਨੂੰ ਵਾਚਣ ਦਾ ਮਸ਼ਵਰਾ ਦਿੱਤਾ। ਇਸ ਮੌਕੇ ਪ੍ਰੋ.ਜਗੀਰ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ ਅਤੇ ਪ੍ਰੋ. ਸੁਰਿੰਦਰਜੀਤ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸਮਾਗ਼ਮ ਦੇ ਦੂਸਰੇ ਸੈਸ਼ਨ ਵਿਚ ਮੰਚ ਦੀ ਵਾਗਡੋਰ ਪਰਮਜੀਤ ਢਿੱਲੋਂ ਨੇ ਸੰਭਾਲੀ ਅਤੇ ਕਵੀ-ਦਰਬਾਰ ਦਾ ਆਰੰਭ ਕਰਦਿਆਂ ਹੋਇਆਂ ਇਕਬਾਲ ਬਰਾੜ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਸ ਨੇ ਆਪਣੀ ਸੁਰੀਲੀ ਤੇ ਸੋਜ਼ਮਈ ਆਵਾਜ਼ ਵਿਚ ਸ਼ਿਵ ਕੁਮਾਰ ਬਟਾਲਵੀ ਦਾ ਮਸ਼ਹੂਰ ਬਿਰਹਾ-ਗੀਤ ‘ਯਾਰੜਿਆ ਰੱਬ ਕਰਕੇ ਮੇਰੇ, ਪੈਣ ਬਿਰਹੋਂ ਦੇ ਕੀੜੇ ਵੇ’ ਗਾਇਆ। ਉਪਰੰਤ, ਵਾਰੋ-ਵਾਰੀ ਹਰਜਸਪ੍ਰੀਤ ਗਿੱਲ, ਪਰਮਜੀਤ ਗਿੱਲ, ਮਕਸੂਦ ਚੌਧਰੀ, ਕਰਨ ਅਜਾਇਬ ਸਿੰਘ ਸੰਘਾ, ਸਿੱਧੂ ਦਮਦਮੀ, ਪ੍ਰਕਾਸ਼ ਕੌਰ, ਮੋਨਿਕਾ, ਸੁਰਜੀਤ ਕੌਰ, ਅਮਰਜੀਤ ਪੰਛੀ, ਅਮਰ ਸਿੰਘ ਪੰਛੀ, ਦਲਜੀਤ ਕੌਰ ਬਨਵੈਤ, ਸੁਰਿੰਦਰਜੀਤ, ਸੁੰਦਰਪਾਲ ਰਾਜਾਸਾਂਸੀ, ਪ੍ਰੋ.ਆਸ਼ਿਕ ਰਹੀਲ, ਜਗੀਰ ਸਿੰਘ ਕਾਹਲੋਂ, ਸੁਖਦੇਵ ਝੰਡ, ਹਰਜੀਤ ਬੇਦੀ, ਜਹਾਨ ਜੀਤ, ਰੌਸ਼ਨ ਪਾਠਕ, ਗੁਰਬਚਨ ਸਿੰਘ ਚਿੰਤਕ, ਸੰਪੂਰਨ ਸਿੰਘ ਚਾਨੀਆ ਨੇ ਆਪੋ-ਆਪਣੀਆਂ ਕਵਿਤਾਵਾਂ ਤੇ ਗੀਤ ਸੁਣਾਏ। ਅਖ਼ੀਰ ਵਿਚ ਬਲਰਾਜ ਚੀਮਾ ਨੇ ਸਮਾਗ਼ਮ ਦੀ ਸਮੁੱਚੀ ਕਾਰਵਾਈ ਨੂੰ ਸਮੇਟਦਿਆਂ ਹੋਇਆਂ ਮਹਿਮਾਨ-ਸਾਹਿਤਕਾਰਾਂ, ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰੀਨ ਵਿਚ ਅਵਤਾਰ ਸਿੰਘ ਬੈਂਸ, ਪਿਆਰਾ ਸਿੰਘ ਤੂਰ, ਕ੍ਰਿਪਾਲ ਸਿੰਘ ਪੰਨੂੰ, ਡਾ. ਅਮਰਜੀਤ ਸਿੰਘ ਬਨਵੈਤ, ਮਹਿੰਦਰ ਸਿੰਘ ਵਾਲੀਆ, ਦਰਸ਼ਨ ਸਿੰਘ ਗਰੇਵਾਲ, ਸੁਰਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਸਾਹਿਤ-ਪ੍ਰੇਮੀ ਸ਼ਾਮਲ ਸਨ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪ੍ਰਕਾਸ਼ ਕੌਰ ਸੰਧੂ ਤੇ ਸਿੱਧੂ ਦਮਦਮੀ ਨਾਲ ਕੀਤਾ ਗਿਆ ਰੂ-ਬਰੂ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …