ਟੋਰਾਂਟੋ : ਟਾਈਗਰ ਫ਼ਿਲਮ 30 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਦੇ ਡਾਇਰੈਕਟਰ ਅਲਿਸਟਰ ਗਰੀਰਸਨ ਹਨ। ਇਸ ਫ਼ਿਲਮ ਦੀ ਕਹਾਣੀ ਪਰਦੀਪ ਨਾਗਰਾ, ਜੋ ਉਨਟਾਰੀਓ ਫ਼ਲਾਈਵੇਟ ਬਾਕਸਿੰਗ ਦੇ ਸਾਬਕਾ ਚੈਂਪੀਅਨ ਹਨ, ਦੇ ਜੀਵਨ ‘ਤੇ ਅਧਾਰਿਤ ਹੈ। ਪਰਦੀਪ ਨਾਗਰਾ, ਜੋ ਕਿ ਇਕ ਅੰਮ੍ਰਿਤਧਾਰੀ ਸਿੱਖ ਹਨ, ਨੂੰ ਸਿੱਖੀ ਸਰੂਪ ਵਿਚ ਹੋਣ ਕਾਰਣ ਵਿਸ਼ਵ ਪੱਧਰੀ ਬਾਕਸਿੰਗ ਪ੍ਰਤਿਯੋਗਿਤਾਵਾਂ ‘ਚ ਹਿੱਸਾ ਲੈਣ ਤੋਂ ਬੈਨ ਕਰ ਦਿੱਤਾ ਗਿਆ ਸੀ। ਪਰਦੀਪ ਨੇ ਇਸ ਫੈਸਲੇ ਦੇ ਖਿਲਾਫ਼ ਲੜਣ ਦਾ ਫ਼ੈਸਲਾ ਕੀਤਾ ਤੇ ਇਸ ਵਿਚ ਉਨ੍ਹਾਂ ਦੇ ਕੋਚ ਮਿੱਕੀ ਰੁਰਕੇ ਨੇ ਉਨ੍ਹਾਂ ਦਾ ਪੂਰਾ ਸਾਥ ਅਤੇ ਸਮਰਥਨ ਦਿੱਤਾ। ਇਹ ਫ਼ਿਲਮ ਇਸ ਪੂਰੀ ਹੱਕ ਦੀ ਲੜਾਈ ਦੀ ਸੱਚੀ ਕਹਾਣੀ ਹੈ। ਪਰਦੀਪ ਨੇ ਖੁਦ ਵਿਸਥਾਰ ਨਾਲ ਇਸ ਬਾਬਤ ਦੱਸਿਆ। ਪਰਦੀਪ ਨਾਗਰਾ ਨੇ ਕਿਹਾ ਕਿ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਕਈ ਹੋਰ ਖੇਡਾਂ ਵਿੱਚ ਖਿਡਾਰੀਆਂ ਨੂੰ ਦਾੜ੍ਹੀ ਰੱਖ ਕੇ ਵੀ ਹਿੱਸਾ ਲੈਣ ਦੀ ਇਜਾਜ਼ਤ ਹੈ ਪਰੰਤੂ ਇੰਟਰਨੈਸ਼ਨਲ ਬਾਕਸਿੰਗ ਫੈਡਰੇਸ਼ਨ ਵਿੱਚ ਇਸ ‘ਤੇ ਪਾਬੰਦੀ ਹੈ। ਉਨ੍ਹਾਂ ਨੇ ਇਸਦੇ ਖਿਲਾਫ ਕਈ ਅਦਾਲਤਾਂ ਵਿੱਚ ਲੜਾਈ ਲੜੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਸ ਮਹੀਨੇ ਇਹ ਪਾਬੰਦੀ ਹਟਾ ਲਈ ਜਾਵੇਗੀ। ਆਪਣੇ ਕਿਰਦਾਰ ਨੂੰ ਵਧੀਆ ਨਿਭਾਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਨਹੀਂ ਹੈ। ਬਲਕਿ ਇਸ ਫਿਲਮ ਦਾ ਵੱਡਾ ਮਕਸਦ ਹੱਕ ਲਈ ਲੜਾਈ ਨੂੰ ਦਰਸਾਉਣਾ ਸੀ, ਜਿਸ ਤੋਂ ਉਹ ਬਹੁਤ ਖੁਸ਼ ਹਨ। ਪਰਦੇ ‘ਤੇ ਪ੍ਰੇਮ ਸਿੰਘ, ਪਰਦੀਪ ਦਾ ਕਿਰਦਾਰ ਨਿਭਾ ਰਹੇ ਹਨ, ਉਨ੍ਹਾਂ ਦੱਸਿਆ ਕਿ ਇਹ ਕਿਰਦਾਰ ਉਨ੍ਹਾਂ ਲਈ ਇਕ ਚੈਲੇਂਜ ਸੀ। ਉਨ੍ਹਾਂ ਜ਼ਿੰਦਗੀ ‘ਚ ਕਦੀ ਵੀ ਮੁੱਕੇਬਾਜ਼ੀ ਨਹੀਂ ਕੀਤੀ ਸੀ। ਇਸ ਪੱਧਰ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਕਈ ਸਾਲ ਮਿਹਨਤ ਕਰਨੀ ਪਈ, ਨਾ ਸਿਰਫ਼ ਬਾਕਸਿੰਗ ਰਿੰਗ ਵਿਚ ਬਲਕਿ ਆਪਣੀ ਨਿੱਜੀ ਜ਼ਿੰਦਗੀ, ਖਾਣ-ਪਾਣ ਤੇ ਰਹਿਣ ਸਹਿਣ ਦੇ ਤਰੀਕਿਆਂ ‘ਚ ਵੀ ਕਾਫ਼ੀ ਬਦਲਾਵ ਲਿਆਉਣਾ ਪਿਆ। ਉਨ੍ਹਾਂ ਨੇ ਪੂਰੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਟਾਈਗਰ ਮਾਤਰ ਇਕ ਫ਼ਿਲਮ ਨਹੀਂ, ਇਹ ਸੱਚ ਤੇ ਹੱਕ ਦੀ ਲੜਾਈ ਦਾ ਮਿਸ਼ਨ ਹੈ ਅਤੇ ਸਭਦਾ ਫ਼ਰਜ਼ ਬਣਦਾ ਹੈ ਕਿ ਇਸ ਨੂੰ ਪੂਰਾ ਹੁੰਗਾਰਾ ਦੇਣ ਤੇ ਸਫਲ ਬਨਾਉਣ। ਫ਼ਿਲਮ ਅੰਗ੍ਰੇਜ਼ੀ ‘ਚ ਬਣਾਈ ਗਈ ਹੈ ਤਾਂ ਜੋ ਬਾਕੀ ਦੁਨਿਆਂ ਦੇ ਇਨਸਾਫ਼ ਪਸੰਦ ਲੋਕ ਸਿੱਖੀ ਸਰੂਪ ਦੀ ਮਹੱਤਤਾ ਨੂੰ ਸਮਝ ਸਕਣ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …