Breaking News
Home / ਕੈਨੇਡਾ / ਸਾਊਥਲੇਕ ਸੀਨੀਅਰਜ਼ ਕਲੱਬ ਨੇ ਅੱਖਾਂ ਦੀ ਸਾਂਭ-ਸੰਭਾਲ ਬਾਰੇ ਆਯੋਜਿਤ ਕੀਤਾ ਸ਼ਾਨਦਾਰ ਸੈਮੀਨਾਰ

ਸਾਊਥਲੇਕ ਸੀਨੀਅਰਜ਼ ਕਲੱਬ ਨੇ ਅੱਖਾਂ ਦੀ ਸਾਂਭ-ਸੰਭਾਲ ਬਾਰੇ ਆਯੋਜਿਤ ਕੀਤਾ ਸ਼ਾਨਦਾਰ ਸੈਮੀਨਾਰ

ਬਰੈਂਪਟਨ/ਡਾ. ਝੰਡ : ਪਿਛਲੇ ਕੁਝ ਸਮੇਂ ਤੋਂ ਬਰੈਂਪਟਨ ਵਿੱਚ ਵਿਚਰ ਰਹੀ ਸਾਊਥਲੇਕ ਸੀਨੀਅਰਜ਼ ਕਲੱਬ ਵੱਲੋਂ ਆਪਣੇ ਮੈਂਬਰਾਂ ਨੂੰ ਅੱਖਾਂ ਦੀ ਸੰਭਾਲ ਬਾਰੇ ਜਾਗਰੂਕ ਕਰਨ ਲਈ ਸਥਾਨਕ ਸੈਂਚਰੀ ਗਾਰਡਨਜ਼ ਕਮਿਊਨਿਟੀ ਸੈਂਟਰ ਵਿੱਚ ਇਕ ਸ਼ਾਨਦਾਰ ਸੈਮੀਨਾਰ ਦਾ ਆਯੋਜਨ ਲੰਘੇ 5 ਦਸੰਬਰ ਸੋਮਵਾਰ ਨੂੰ ਕੀਤਾ ਗਿਆ। ਕਲੱਬ ਦੇ 135 ਮੈਂਬਰਾਂ ਵੱਲੋਂ ਇਸ ਵਿੱਚ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਸੈਮੀਨਾਰ ਦੇ ਮੁੱਖ-ਬੁਲਾਰੇ ਔਪਟੋਮੀਟਰੀ ਦੇ ਮਾਹਿਰ ਡਾ. ਹੇਤਲ ਪਟੇਲ ਸਨ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਅੱਖਾਂ ਦੀਆਂ ਬੀਮਾਰੀਆਂ, ਇਨ੍ਹਾਂ ਤੋਂ ਬਚਣ ਲਈ ਵਰਤਣਯੋਗ ਸਾਵਧਾਨੀਆਂ, ਅੱਖਾਂ ਦੀ ਸਾਂਭ-ਸੰਭਾਲ ਅਤੇ ਇਨ੍ਹਾਂ ਨੂੰ ਨਵਾਂ-ਨਰੋਆ ਰੱਖਣ ਬਾਰੇ ਵੱਡਮੁੱਲੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਨੂੰ ਹਾਜ਼ਰ ਸਾਰੇ ਮੈਂਬਰਾਂ ਨੇ ਬੜੇ ਧਿਆਨ ਨਾਲ ਸੁਣਿਆ। ਸੈਮੀਨਾਰ ਦਾ ਇਹ ਸੈਸ਼ਨ ਲੱਗਭੱਗ ਡੇਢ ਘੰਟਾ ਚੱਲਿਆ। ਉਪਰੰਤ, ਮੈਂਬਰਾਂ ਵੱਲੋਂ ਕੀਤੇ ਗਏ ਸੁਆਲਾਂ ਦੇ ਜੁਆਬ ਵਿਸਥਾਰ ਪੂਰਵਕ ਡਾ. ਪਟੇਲ ਵੱਲੋਂ ਸੁਆਲ-ਕਰਤਾਵਾਂ ਦੀ ਪੂਰੀ ਤਸੱਲੀ ਕਰਵਾਉਣ ਵਾਲੇ ਦਿੱਤੇ ਗਏ। ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਗਿਆਨ ਪਾਲ ਨੇ ਮੁੱਖ-ਬੁਲਾਰੇ ਅਤੇ ਕਲੱਬ ਦੇ ਮੈਂਬਰਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਦੱਸਿਆ ਕਿ ਇਸ ਕਲੱਬ ਦੇ ਇਸ ਸਮੇਂ 450 ਮੈਂਬਰ ਹਨ ਅਤੇ ਇਹ ਬਰੈਂਪਟਨ ਦੀਆਂ ਮਹੱਤਵਪੂਰਨ ਕਲੱਬਾਂ ਵਿੱਚ ਸ਼ਾਮਲ ਹੈ। ਇਸ ਦੇ ਮੈਬਰਾਂ ਵਿੱਚ ਪੰਜਾਬੀ, ਗੁਜਰਾਤੀ, ਮੁਸਲਿਮ ਅਤੇ ਸਾਊਥ ਇੰਡੀਅਨ ਸ਼ਾਮਲ ਹਨ ਅਤੇ ਇਨ੍ਹਾਂ ਮੈਂਬਰਾਂ ਦੀ ਗਿਣਤੀ ਦਿਨੋਂ-ਦਿਨ ਹੋਰ ਵੱਧ ਰਹੀ ਹੈ। ਇਸ ਕਲੱਬ ਨੂੰ ਬਰੈਂਪਟਨ ਸਿਟੀ ਵੱਲੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਦੱਸਿਆ ਕਿ ਇਸ ਕਲੱਬ ਦਾ ਉਦੇਸ਼ ਲੋਕਾਂ ਵਿੱਚ ਰਲ਼-ਮਿਲ਼ ਕੇ ਰਹਿਣ ਦਾ ਪ੍ਰਚਾਰ ਕਰਨਾ, ਉਨ੍ਹਾਂ ਵਿੱਚ ਇੱਕਜੁਟਤਾ ਕਾਇਮ ਕਰਨਾ, ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਕੈਨੇਡਾ ਵਿੱਚ ਬਹੁ-ਸੱਭਿਆਚਾਰੀ ਸਮਾਜ ਦੀ ਸਿਰਜਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕਲੱਬ ਦੇ ਮੈਂਬਰ ਸਾਰੀਆਂ ਕਮਿਊਨਿਟੀਆਂ ਦੇ ਤਿਓਹਾਰ ਰਲ਼-ਮਿਲ਼ ਕੇ ਮਨਾਉਂਦੇ ਹਨ ਅਤੇ ਆਪਸੀ ਭਾਈਚਾਰੇ ਵਿਚ ਹੋਰ ਵਾਧਾ ਕਰਦੇ ਹਨ। ਅਖ਼ੀਰ ਵਿਚ ਉਨ੍ਹਾਂ ਵੱਲੋਂ ਇਸ ਸ਼ਾਨਦਾਰ ਸੈਮੀਨਾਰ ਸੈਮੀਨਾਰ ਲਈ ਇਸ ਦੇ ਮੁੱਖ-ਬੁਲਾਰੇ ਡਾ. ਪਟੇਲ ਅਤੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …