Breaking News
Home / ਕੈਨੇਡਾ / ਜਦੋਂ ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸਨ ਦੀ ਜਨਰਲ-ਬਾਡੀ ਮੀਟਿੰਗ ਸ਼ਾਨਦਾਰ ਸੈਮੀਨਾਰ ਦਾ ਰੂਪ ਧਾਰ ਗਈ

ਜਦੋਂ ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸਨ ਦੀ ਜਨਰਲ-ਬਾਡੀ ਮੀਟਿੰਗ ਸ਼ਾਨਦਾਰ ਸੈਮੀਨਾਰ ਦਾ ਰੂਪ ਧਾਰ ਗਈ

ਵੱਖ-ਵੱਖ ਬੁਲਾਰਿਆਂ ਨੇ ਪੈੱਨਸ਼ਨਰਾਂ ਤੇ ਸੀਨੀਅਰਾਂ ਦੀਆਂ ਸਥਾਨਕ, ਪ੍ਰੋਵਿੰਸ਼ੀਅਲ, ਫ਼ੈੱਡਰਲ ਅਤੇ ਪੰਜਾਬ ਪੱਧਰ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 8 ਅਕਤੂਬਰ ਨੂੰ ਕੈਨੇਡੀ ਰੋਡ ਸਥਿਤ ઑਵਿਲੇਜ ਆਫ਼ ਇੰਡੀਆ਼ ਦੇ ਪਿਛਵਾੜੇ ਬਣਾਏ ਗਏ ઑਵਿਸ਼ਵ ਪੰਜਾਬੀ ਭਵਨ਼ ਵਿਚ ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 1.30 ਵਜੇ ਤੱਕ ਚੱਲੀ ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਵਿਚ ਪੰਜਾਬ ਸਰਕਾਰ ਦੇ ਪੈੱਨਸ਼ਨਰਾਂ ਅਤੇ ਸੀਨੀਅਰਜ਼ ਦੀਆਂ ਮੰਗਾਂ ਬਾਰੇ ਖੁੱਲ੍ਹਾ ਵਿਚਾਰ-ਵਟਾਂਦਰਾ ਹੋਇਆ। ਇਸ ਦੇ ਨਾਲ ਹੀ ਐੱਨ.ਆਰ.ਆਈਜ਼ ਵੱਲੋਂ ਭਾਰਤ ਦੇ ਬੈਂਕਾਂ ਵਿਚ ਐੱਨ.ਆਰ.ਓ. ਖ਼ਾਤਾ ਖੋਲ੍ਹਣ ਅਤੇ ਉੱਥੋਂ ਪੈਸੇ ਲਿਆਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਸੀਨੀਅਰਜ਼ ਦੀ ਮੈਂਟਲ ਹੈੱਲਥ ਅਤੇ ਹੋਰ ਮਸਲਿਆਂ ਬਾਰੇ ਵੀ ਗੱਲਬਾਤ ਹੋਈ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਬਲਦੇਵ ਸਿੰਘ ਬਰਾੜ, ਚੇਅਰਮੈਨ ਪਰਮਜੀਤ ਸਿੰਘ ਢਿੱਲੋਂ, ਉਪ-ਪ੍ਰਧਾਨ ਮੋਹਿੰਦਰ ਸਿੰਘ ਮੋਹੀ, ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਅਤੇ ਸਕੱਤਰ ਪ੍ਰਿਤਪਾਲ ਸਿੰਘ ਸਚਦੇਵਾ, ਅੰਮ੍ਰਿਤਪਾਲ ਸਿੰਘ ਸ਼ਾਮਲ ਸਨ।
ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਬਰਾੜ ਵੱਲੋਂ ਆਏ ਮੈਂਬਰਾਂ ਨੂੰ ਰਸਮੀ ઑਜੀ-ਆਇਆਂ਼ ਕਹਿਣ ਤੋਂ ਬਾਅਦ ਮੀਟਿੰਗ ਦੀ ਕਾਰਵਾਈ ਆਰੰਭ ਕਰਦਿਆਂ ਮੰਚ-ਸੰਚਾਲਕ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਐਸੋਸੀਏਸ਼ਨ ਦੀ ਪਿਛਲੇ ਸਾਲਾਂ ਦੀ ਕਾਰਗ਼ੁਜ਼ਾਰੀ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਕਰੋਨਾ ਕਾਲ਼ ਦੌਰਾਨ ਐਸੋਸੀਏਸ਼ਨ ਦੀਆਂ ਜ਼ੂਮ ਮਾਧਿਅਮ ਉੱਪਰ ਬਾਕਾਇਦਾ ਸਮੇਂ-ਸਮੇਂ ਮੀਟਿੰਗਾਂ ਹੁੰਦੀਆਂ ਰਹੀਆਂ ਅਤੇ ਉਸ ਤੋਂ ਬਾਅਦ ਹਾਲਾਤ ਨਾਰਮਲ ਹੋਣ ਪਿੱਛੋਂ ਐਸੋਸੀਏਸ਼ਨ ਦੀ ਇਹ ਦੂਸਰੀ ਜਨਰਲ ਮੀਟਿੰਗ ਹੈ। ਪਹਿਲੀ ਮੀਟਿੰਗ ਸਤੰਬਰ 2022 ਵਿਚ ਕੀਤੀ ਗਈ ਸੀ। ਮੀਟਿੰਗ ਦੇ ਆਰੰਭ ਵਿਚ ਪਿਛਲੇ ਸਾਲ ਤੋਂ ਹੁਣ ਤੱਕ ਵਿੱਛੜੇ ਸਾਥੀਆਂ ਨੂੰ ਦੋ ਮਿੰਟ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇੱਥੇ ਇਹ ਵਰਨਣਯੋਗ ਹੈ ਕਿ ਇਸ ਪੈੱਨਸ਼ਨਰਜ਼ ਐਸੋਸੀਏਸ਼ਨ ਦੇ ਸਾਰੇ ਮੈਂਬਰ ਸੀਨੀਅਰ ਸਿਟੀਜ਼ਨ ਹਨ। ਉਹ ਕਨੇਡਾ ਦੇ ਨਾਗਰਿਕ ਜਾਂ ਪੀ.ਆਰ. ਹਨ ਅਤੇ ਭਾਰਤ ਦੇਸ਼ ਦੇ ਐੱਨ.ਆਰ.ਆਈਜ. ਵੀ ਹਨ। ਕਾਰਜਕਾਰਨੀ ਦੀ ਪਿਛਲੀ ਮੀਟਿੰਗ ਵਿਚ ਵਿਚਾਰ-ਵਟਾਂਦਰੇ ਤੋਂ ਬਾਅਦ ਉਨ੍ਹਾਂ ਦੀਆਂ ਸਮੂਹ ਮੰਗਾਂ ਨੂੰ ਵੱਖ-ਵੱਖ ਕੈਟਾਗਰੀਆਂ ਵਿਚ ਵੰਡ ਕੇ ਕਨੇਡਾ ਦੀ ਫ਼ੈੱਡਰਲ ਸਰਕਾਰ ਨੂੰ ਔਟਵਾ, ਪ੍ਰੋਵਿੰਸ਼ੀਅਲ ਸਰਕਾਰ ਨੂੰ ਟੋਰਾਂਟੋ ਅਤੇ ਸਥਾਨਕ ਸਰਕਾਰ ਨੂੰ ਬਰੈਂਪਟਨ ਦੇ ਸਿਟੀ ਹਾਲ ਵਿਚ ਭੇਜਿਆ ਗਿਆ ਹੈ। ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਮੁੱਖ-ਮੰਤਰੀ, ਵਿੱਤ-ਮੰਤਰੀ, ਆਦਿ ਨੂੰ ਚੰਡੀਗੜ੍ਹ ਭੇਜੀਆਂ ਗਈਆਂ ਹਨ। ਜਨਰਲ ਸਕੱਤਰ ਦੀ ਰਿਪੋਰਟ ਅਤੇ ਸਟੇਟਮੈਂਟ ਆਫ਼ ਅਕਾਊਂਟਸ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤੀਆਂ ਗਈਆਂ।
ਉਪਰੰਤ, ਐਸੋਸੀਏਸ਼ਨ ਦੇ ਸਕੱਤਰ ਪ੍ਰਿਤਪਾਲ ਸਿੰਘ ਸਚਦੇਵਾ ਨੂੰ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਬਾਰੇ ਬੋਲਣ ਲਈ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਪੰਜਾਬ ਸਰਕਾਰ ਤੋਂ ਪਿਛਲੇ ਲੰਮੇਂ ਸਮੇਂ ਤੋਂ ਪੈਂਡਿੰਗ ਡੀ.ਏ. ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਗਏ ਅਦੇਸ਼ਾਂ ਅਨੁਸਾਰ ਵਧੀ ਹੋਈ ਪੈੱਨਸ਼ਨ ਦੇ ਏਰੀਅਰ ਦੇਣ ਦੀ ਮੰਗ ਕੀਤੀ। ਏਸੇ ਤਰ੍ਹਾਂ ਸਥਾਨਕ ਸਿਟੀ ਪੱਧਰ ਦੀਆਂ ਮੰਗਾਂ ਉਠਾਉਂਦਿਆਂ ਹੋਇਆਂ ਐਸੋਸੀਏਸ਼ਨ ਦੇ ਚੇਅਰਪਰਸਨ ਪਰਮਜੀਤ ਸਿੰਘ ਢਿੱਲੋਂ ਨੇ ਸੀਨੀਅਰਾਂ ਲਈ ઑਸੈੱਲਫ ਓਨਡ ਸਬਸਿਡਾਈਜਡ ਹੋਮਜ਼਼ ਬਨਾਉਣ, ਹੋਰ ਓਲਡ ਏਜ ਹੋਮ ਤਿਆਰ ਕਰਨ ਦੀ ਮੰਗ ਕੀਤੀ। ਉਨ੍ਹਾਂ ਸੀਨੀਅਰਾਂ ਲਈ ਪ੍ਰਾਪਰਟੀ ਟੈਕਸ 1000 ਡਾਲਰ ਤੋਂ ਘਟਾ ਕੇ 500 ਡਾਲਰ ਕਰਨ ਦੀ ਵੀ ਮੰਗ ਕੀਤੀ।
ਪ੍ਰੋਵਿੰਸ਼ੀਅਲ ਪੱਧਰ ਦੀਆਂ ਮੰਗਾਂ ਬਾਰੇ ਮੰਚ-ਸੰਚਾਲਕ ਕਾਹਲੋਂ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਬੋਲਣ ਲਈ ਬੇਨਤੀ ਕੀਤੀ ਗਈ। ਉਨ੍ਹਾਂ ਵੱਲੋਂ ਆਪਣੇ ਸੰਬੋਧਨ ਵਿਚ ਸੀਨੀਅਰਜ਼ ਲਈ ਇੱਕ ਬੈੱਡ-ਰੂਮ ਵਾਲੇ ਅਪਾਰਟਮੈਂਟ ਬਨਾਉਣ, ਉਨ੍ਹਾਂ ਲਈ ਆਟੋ ਇਨਸ਼ੋਅਰੈਂਸ ਘੱਟ ਕਰਨ ਅਤੇ ਸੱਤ ਲੱਖ ਦੀ ਆਬਾਦੀ ਵਾਲੇ ਸ਼ਹਿਰ ਬਰੈਂਪਟਨ ਜਿੱਥੇ ਕੇਵਕ ਇੱਕ ਹੀ ਹਸਪਤਾਲ ਹੀ ਕੰਮ ਕਰ ਰਿਹਾ ਹੈ, ਵਿਚ ਜਲਦੀ ਤੋਂ ਜਲਦੀ ਹੋਰ ਹਸਪਤਾਲ ਬਨਾਉਣ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਉਠਾਈ। ਉਨ੍ਹਾਂ ਸੂਬਾ ਸਰਕਾਰ ਤੋਂ ਸੰਪੂਰਨ ਡੈਂਟਲ ਕੇਅਰ ਤੇ ਕੰਪਲੀਟ ਸਰਜਰੀ ਦੀ ਵੀ ਮੰਗ ਕੀਤੀ ਅਤੇ ਲੋੜਵੰਦਾਂ ਨੂੰ ਫਿਜ਼ੀਓਥੈਰੇਪੀ ਅਤੇ ਕਾਇਰੋਪ੍ਰੈਕਟਰ, ਆਦਿ ਦੀਆਂ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਵੀ ਸਰਕਾਰ ਨੂੰ ਕਿਹਾ।
ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਬਰਾੜ ਨੇ ਫ਼ੈੱਡਰਲ ਲੈਵਲ ਦੀਆਂ ਮੰਗਾਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਓ.ਏ.ਐੱਸ. ਅਤੇ ਜੀ.ਆਈ ਐੱਸ. ਦੀਆਂ ਦਰਾਂ ਬਹੁਤ ਪੁਰਾਣੀਆਂ ਹਨ ਅਤੇ ਇਹ ਅੱਜ ਦੇ ਹਾਲਾਤ ਮੁਤਾਬਿਕ ਅਨੁਕੂਲ (ਕੰਪੈਟੀਬਲ) ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਹੁਣ ਕਨੇਡਾ ਵਿਚ 10 ਸਾਲ ਰਹਿਣ ਵਾਲਿਆਂ ਲਈ 10/40 ਅਤੇ 40 ਸਾਲ ਵਾਲਿਆਂ ਲਈ ਪੂਰੀ ਹੈ, ਜਦਕਿ ਓ.ਅੇ.ਐੱਸ. ਦੀ ਇਹ ਸਹੂਲਤ ਸਾਲਾਂ ਦੇ ਪੈਮਾਨੇ ਨਾਲ ਨਹੀਂ, ਸਗੋਂ ਸਾਰਿਆਂ ਦੇ ਲਈ ઑਫੁੱਲ਼ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ 75 ਸਾਲ ਤੋਂ ਉੱਪਰਲੇ ਸੀਨੀਅਰਾਂ ਦੀ ਓਲਡ ਏਜ ਸਕਿਉਰਿਟੀ ਵਿਚ 15 ਫੀਸਦੀ ਦਾ ਵਾਧਾ ਕੀਤਾ ਗਿਆ ਅਤੇ ਇਹ ਹੋਰ ਵੀ ਚੰਗਾ ਹੋਵੇ ਜੇਕਰ 85 ਸਾਲ ਤੋਂ ਵੱਧ ਉਮਰ ਵਾਲੇ ਸੀਨੀਅਰਜ਼ ਲਈ ਇਸ ਵਿਚ ਹੋਰ 15 ਫੀਸਦੀ ਵਾਧਾ ਕੀਤਾ ਜਾਵੇ।
ਇਸ ਦੌਰਾਨ ਸਟੇਟ ਬੈਂਕ ਆਫ਼ ਇੰਡੀਆ ਦੇ ਸੇਵਾ-ਮੁਕਤ ਅਧਿਕਾਰੀ ਸੁਰਿੰਦਰ ਸਿੰਘ ਨੇ ਐੱਨ.ਆਰ.ਆਈਜ਼ ਨੂੰ ਭਾਰਤ ਵਿਚ ਆਪਣੇ ਸੇਵਿੰਗ ਬੈਂਕ ਖ਼ਾਤੇ ਐੱਨ.ਆਰ.ਓ. ਵਿਚ ਬਦਲਾਉਣ ਅਤੇ ਭਾਰਤ ਤੋਂ ਆਪਣਾ ਪੈਸਾ ਇੱਥੇ ਲਿਆਉਣ ਬਾਰੇ ਵੱਡਮੁੱਲੀ ਤਕਨੀਕੀ ਜਾਣਕਾਰੀ ਪ੍ਰਦਾਨ ਕੀਤੀ ਗਈ। ਸਕੂਲ-ਟਰੱਸਟੀ ਸੱਤਪਾਲ ਸਿੰਘ ਜੌਹਲ ਵੱਲੋਂ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਦੇ ਯੋਗ ਹੱਲ ਬਾਰੇ ਵਿਚਾਰ ਪੇਸ਼ ਕੀਤੇ ਗਏ।
ਐਸੋਸੀਏਸ਼ਨ ਦੇ ਉਪ-ਪ੍ਰਧਾਨ ਮੁਹਿੰਦਰ ਸਿੰਘ ਮੋਹੀ ਵੱਲੋਂ ਸੀਨੀਅਰਾਂ ਲਈ ਮੈਂਟਲ ਹੈੱਲਥ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਸੁਖਦੇਵ ਸਿੰਘ ਝੰਡ ਵੱਲੋਂ ਐਸੋਸੀਏਸ਼ਨ ਦੀ ਇਸ ਜਨਰਲ ਬਾਡੀ ਮੀਟਿੰਗ ਵਿਚ ਹੋਰ ਵੀ ਕਈ ਕਿਸਮ ਦੀਆਂ ਜਾਣਕਾਰੀਆਂ ਮੁਹੱਈਆ ਲਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਬੜੀ ਸੂਝ ਅਤੇ ਸਿਆਣਪ ਨਾਲ ਉਲੀਕਿਆ। ਉਨ੍ਹਾਂ ਕਿਹਾ ਕਿ ਜਨਰਲ ਬਾਡੀ ਦੀ ਇਹ ਮੀਟਿੰਗ ਇਕ ਤਰ੍ਹਾਂ ਵਧੀਆ ਸੈਮੀਨਾਰ ਦਾ ਰੂਪ ਧਾਰਨ ਕਰ ਗਈ ਹੈ। ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਇਸ ਐਸੋਸੀਏਸ਼ਨ ਵੱਲੋਂ ਵੱਖ-ਵੱਖ ਪੱਧਰ ‘ઑਤੇ ਸੀਨੀਅਰਜ਼ ਦੀਆਂ ਮੰਗਾਂ ਉਠਾਉਣ ਲਈ ਧੰਨਵਾਦ ਕੀਤਾ ਗਿਆ। ਐਸੋਸੀਏਸ਼ਨ ਦੇ ਵਿੱਤ ਸਕੱਤਰ ਹਰੀ ਸਿੰਘ ਵੱਲੋਂ ਵਿਸਥਾਰ ਪੂਰਵਕ ਵਿੱਤੀ ਰੀਪੋਰਟ ਪੇਸ਼ ਕੀਤੀ ਗਈ ਜਿਸ ਨੂੰ ਮੈਂਬਰਾਂ ਵੱਲੋਂ ਹੱਥ ਖੜੇ ਕਰਕੇ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਮੀਟਿੰਗ ਦੇ ਅਖ਼ੀਰ ਵੱਲ ਵੱਧਦਿਆਂ ਮੰਚ-ਸੰਚਾਲਕ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਭਾਰਤ ਅਤੇ ਕਨੇਡਾ ਵਿਚਕਾਰ ਚੱਲ ਰਹੇ ਦੋਪਾਸੜ ਕੂਟਨੀਤਕ ਸਬੰਧਾਂ ਦੇ ਅਜੋਕੇ ਵਿਗਾੜ ઑਤੇ ਗੰਭੀਰ ਚਿੰਤਾ ਪ੍ਰਗਟਾਉਂਦਾ ਹੋਇਆ ਮਤਾ ਪੇਸ਼ ਕੀਤਾ ਗਿਆ। ਮਤੇ ਵਿਚ ਮੰਗ ਕੀਤੀ ਗਈ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਇਹ ਕੁੜੱਤਣ ਦੂਰ ਕਰਕੇ ਆਪਸੀ ਸਬੰਧ ਸੁਖਾਵੇਂ ਬਨਾਉਣ ਤਾਂ ਜੋ ਦੋਹਾਂ ਦੇਸ਼ਾਂ ਦੇ ਆਮ ਨਾਗਰਿਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮਤੇ ਨੂੰ ਹਾਜ਼ਰ ਮੈਂਬਰਾਂ ਵੱਲੋਂ ਦੋਵੇਂ ਹੱਥ ਖੜ੍ਹੇ ਕਰਕੇ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ। ਆਏ ਹੋਏ ਸਮੂਹ ਮੈਂਬਰਾਂ ਦਾ ਧੰਨਵਾਦ ਮੀਡੀਆ ਸਕੱਤਰ ਇੰਦਰਦੀਪ ਸਿੰਘ ਵੱਲੋਂ ਕੀਤਾ ਗਿਆ ਜਿਸ ਵਿਚ ਵਿਸ਼ਵ ਪੰਜਾਬੀ ਭਵਨ ਦੇ ਮਾਲਕ ਦਲਬੀਰ ਸਿੰਘ ਕਥੂਰੀਆ ਵੀ ਸ਼ਾਮਲ ਸੀ ਜਿਨ੍ਹਾਂ ਵੱਲੋਂ ਇਹ ਭਵਨ ਅਜਿਹੀਆਂ ਕਮਿਊਨਿਟੀ ਮੀਟਿੰਗਾਂ ਲਈ ਨਿਰਸ਼ੁਲਕ ਮੁਹੱਈਆ ਕਰਵਾਇਆ ਜਾ ਰਿਹਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …