-12.6 C
Toronto
Tuesday, January 20, 2026
spot_img
Homeਪੰਜਾਬਪਾਣੀਆਂ ਦੇ ਗੰਭੀਰ ਮੁੱਦੇ 'ਤੇ ਡਰਾਮੇਬਾਜ਼ੀ ਨਾ ਕਰਨ ਮੁੱਖ ਮੰਤਰੀ : ਸੁਨੀਲ...

ਪਾਣੀਆਂ ਦੇ ਗੰਭੀਰ ਮੁੱਦੇ ‘ਤੇ ਡਰਾਮੇਬਾਜ਼ੀ ਨਾ ਕਰਨ ਮੁੱਖ ਮੰਤਰੀ : ਸੁਨੀਲ ਜਾਖੜ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਾਣੀਆਂ ਦੇ ਗੰਭੀਰ ਮੁੱਦੇ ‘ਤੇ ਚਰਚਾ ਦੀ ਥਾਂ ਟੈਗੋਰ ਥੀਏਟਰ ਵਿੱਚ ਨਾਟਕ ਖੇਡਣ ਦੀ ਡਰਾਮੇਬਾਜ਼ੀ ਨਾ ਕਰਨ। ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਲੋਕਾਂ ਨੂੰ ਜਵਾਬ ਦੇਣ ਕਿ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਐੱਸਵਾਈਐੱਲ ਦੇ ਮਸਲੇ ‘ਤੇ ਗੋਡੇ ਕਿਉਂ ਤੇ ਕਿਹੜੇ ਹਿੱਤਾਂ ਦੀ ਪੂਰਤੀ ਲਈ ਟੇਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਕੋਈ ਮਸਲਾ ਉੱਠਦਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦਾ ਧਿਆਨ ਵੰਡਾਉਣ ਲਈ ਉਦੋਂ ਕੋਈ ਨਾ ਕੋਈ ਸ਼ਗੂਫ਼ਾ ਛੱਡ ਦਿੰਦੇ ਹਨ। ਉਨ੍ਹਾਂ ਕਿਹਾ, ”ਪੰਜਾਬ ਦੇ ਲੋਕਾਂ ਨੇ ਦੋ-ਤਿਹਾਈ ਬਹੁਮਤ ਨਾਲ ਸਰਕਾਰ ਬਣਾਈ ਹੈ ਤੇ ਤੁਹਾਨੂੰ ਲੋਕਾਂ ਨੂੰ ਜਵਾਬ ਤਾਂ ਦੇਣੇ ਪੈਣਗੇ, ਭੱਜਿਆਂ ਨਹੀਂ ਸਰਨਾ।” ਜਾਖੜ ਨੇ ਕਿਹਾ ਕਿ ਜੇਕਰ ਅਸਲ ਵਿੱਚ ਹੀ ਪੰਜਾਬ ਦੇ ਪਾਣੀਆਂ ਤੇ ਲੋਕ ਮੁੱਦਿਆਂ ਦੀ ਗੱਲ ਕਰਨੀ ਹੈ ਤਾਂ ਆਓ ਅਬੋਹਰ ਦੀਆਂ ਟੇਲਾਂ ‘ਤੇ ਜਾ ਕੇ ਗੱਲ ਕਰੀਏ ਜਿੱਥੇ ਪਾਣੀ ਦੀ ਮਾਰ ਸਭ ਤੋਂ ਵੱਧ ਪੈਂਦੀ ਹੈ ਤੇ ਅੱਗੇ ਵੀ ਪੈਣੀ ਹੈ ਜਾਂ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚਰਚਾ ਰੱਖੋ ਜਿੱਥੇ ਇਸ ਦੇ ਸਾਰਥਕ ਹੱਲ ਨਿਕਲ ਸਕਣ। ਜਾਖੜ ਨੇ ਕਿਹਾ ਕਿ ਨਰਿੰਦਰ ਮੋਦੀ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਉਹ ਦੂਜੇ ਸੂਬਿਆਂ ਨੂੰ ਪਾਣੀ ਜਿੱਥੋਂ ਮਰਜ਼ੀ ਦੇਣ, ਪਰ ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਹੈ। ਮੁੱਖ ਮੰਤਰੀ ਮਾਨ ਵੱਲੋਂ ਮਰਹੂਮ ਡਾ. ਬਲਰਾਮ ਜਾਖੜ ਬਾਰੇ ਕੀਤੀ ਟਿੱਪਣੀ ‘ਤੇ ਸੁਨੀਲ ਜਾਖੜ ਨੇ ਕਿਹਾ ਕਿ 8 ਅਪਰੈਲ 1982 ਨੂੰ ਬਲਰਾਮ ਜਾਖੜ ਲੋਕ ਸਭਾ ਦੇ ਸਪੀਕਰ ਸਨ ਤੇ ਉਨ੍ਹਾਂ ਦੀ ਮੌਜੂਦਗੀ ਕਪੂਰੀ ‘ਚ ਨਹੀਂ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਬਿਨਾ ਤੱਥਾਂ ਤੇ ਮਰਿਆਦਾ ਤੋਂ ਬਾਹਰ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਇਨ੍ਹਾਂ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ। ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਸ਼ਰਾਬ ਘੁਟਾਲੇ ਦੀਆਂ ਤਾਰਾਂ ਇਨ੍ਹਾਂ ਦੇ ਕੇਂਦਰੀ ਲੀਡਰਾਂ ਤੋਂ ਪੰਜਾਬ ਵੱਲ ਜੁੜ ਰਹੀਆਂ ਹਨ ਤੇ ਗਰੀਬ ਕਹਾਉਣ ਵਾਲਿਆਂ ਦੇ ਮਕਾਨ ਖਤਰੇ ਵਿੱਚ ਜਾਪਦੇ ਹੋਏ ਇਨ੍ਹਾਂ ਵਲੋਂ ਅਦਾਲਤ ਵਿੱਚ ਜ਼ੋਰ ਲਾਇਆ ਜਾ ਰਿਹਾ ਹੈ, ਲੋਕ ਸਾਰੇ ਜਵਾਬ ਲੈ ਕੇ ਰਹਿਣਗੇ। ਜਾਖੜ ਨੇ ਕਿਹਾ ਕਿ ਭਾਜਪਾ ਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਆਉਂਦੀ ਹੈ।

 

RELATED ARTICLES
POPULAR POSTS