ਯਾਤਰਾ ਦੌਰਾਨ ਚੰਨੀ ਦਾ ਪਰਿਵਾਰ ਵੀ ਰਿਹਾ ਹਾਜ਼ਰ
ਮੋਰਿੰਡਾ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਅੱਜ ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਪੈਦਲ ਯਾਤਰਾ ਕੀਤੀ। ਧਿਆਨ ਰਹੇ ਕਿ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਸਭਾ ਦਾ ਪਹਿਲਾ ਦਿਨ ਹੈ। ਇਸ ਪੈਦਲ ਯਾਤਰਾ ਦੌਰਾਨ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਸੀ। ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਾਨਸਾ ਦੀ ਅਦਾਲਤ ਵੱਲੋਂ ਪੰਜਾਬ ਪੁਲਿਸ ਰਾਹੀਂ ਸੰਮਨ ਵੀ ਸੌਂਪੇ ਗਏ ਹਨ। ਮਾਨਸਾ ਪੁਲਿਸ ਅਨੁਸਾਰ ਚੰਨੀ ਨੂੰ ਮਾਨਸਾ ਦੀ ਅਦਾਲਤ ਵਿਚ 12 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚੰਨੀ ਵਿਦੇਸ਼ ਫੇਰੀ ’ਤੇ ਸਨ, ਜਿਸ ਕਾਰਨ ਉਨ੍ਹਾਂ ਨੂੰ ਪਹਿਲਾਂ ਸੰਮਨ ਨਹੀਂ ਸੌਂਪੇ ਜਾ ਸਕੇ ਅਤੇ ਹੁਣ ਉਹ ਵਿਦੇਸ਼ ਤੋਂ ਪਰਤ ਆਏ ਹਨ ਜਿਸ ਦੇ ਚਲਦਿਆਂ ਚੰਨੀ ਨੂੰ ਇਹ ਸੰਮਨ ਸੌਂਪੇ ਗਏ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।