Breaking News
Home / ਪੰਜਾਬ / ਸ਼ਮਸ਼ੇਰ ਸਿੰਘ ਦੂਲੋਂ ਵੀ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੋਂ ਨਾਰਾਜ਼

ਸ਼ਮਸ਼ੇਰ ਸਿੰਘ ਦੂਲੋਂ ਵੀ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੋਂ ਨਾਰਾਜ਼

ਚੰਡੀਗੜ੍ਹ/ਬਿਊਰੋ ਨਿਊਜ਼ : ਦਲਿਤਾਂ ਦੇ ਮਾਮਲੇ ਵਿਚਾਰਨ ਵਾਲੀ ‘ਉੱਚ ਤਾਕਤੀ’ ਕਮੇਟੀ ਦੀ ਮੀਟਿੰਗ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ઠਗੈਰਹਾਜ਼ਰੀ ਨੂੰ ਕਾਂਗਰਸ ਦੇ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਮੁੱਦੇ ਵਜੋਂ ਉਭਾਰਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ, ਭਾਜਪਾ ਦੇ ਸੋਮ ਪ੍ਰਕਾਸ਼ (ਦੋਵੇਂ ਵਿਧਾਇਕ) ਅਤੇ ਦੂਲੋ ਨੇ ਇੱਕੋ ਸੁਰ ਵਿੱਚ ਕੈਪਟਨ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ‘ਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਲਾਏ ਹਨ। ਮੀਟਿੰਗ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਵਜੋਂ ਮੁੱਖ ਮੰਤਰੀ ਨੇ ਕਰਨੀ ਸੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਜਿਉਂ ਹੀ ਕਾਰਵਾਈ ਸ਼ੁਰੂ ਕਰਨ ਲੱਗੇ ਤਾਂ ਸਭ ਤੋਂ ਪਹਿਲਾਂ ਕਾਂਗਰਸ ਦੇ ਹੀ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਮੁੱਖ ਮੰਤਰੀ ਦੀ ਗੈਰਹਾਜ਼ਰੀ ‘ਤੇ ਸਵਾਲ ਖੜ੍ਹਾ ਕੀਤਾ। ਮੁੱਖ ਮੰਤਰੀ ਦੀ ਸਿਹਤ ਨਾਸਾਜ਼ ਹੋਣ ਦੀ ਦਲੀਲ ਦੇ ਕੇ ઠਮੀਟਿੰਗ ਕਰਨ ਦੀ ਵਿੱਤ ਮੰਤਰੀ ਦੀ ਬੇਨਤੀ ਨੂੰ ਦੂਲੋ ਅਤੇ ਤਿੰਨਾਂ ਵਿਧਾਇਕਾਂ ਪਵਨ ਕੁਮਾਰ ਟੀਨੂੰ, ਸੋਮ ਪਕਾਸ਼ ਅਤੇ ‘ਆਪ’ ਦੇ ਬੁਧ ਰਾਮ ਨੇ ਰੱਦ ਕਰ ਦਿੱਤਾ। ਇਨ੍ਹਾਂ ਚਾਰਾਂ ਦਲਿਤ ਆਗੂਆਂ ਨੇ ਆਪਣੀਆਂ ਦਲੀਲਾਂ ਰੱਖਣ ਤੋਂ ਬਾਅਦ ਮੀਟਿੰਗ ਵਿਚੋਂ ਵਾਕਆਊਟ ਕਰ ਦਿੱਤਾ।
ਦੂਲੋ ਨੇ ਤਾਂ ਇੱਥੋਂ ਤੱਕ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਲਿਤਾਂ ਦੇ ਮਾਮਲਿਆਂ ਪ੍ਰਤੀ ਗੰਭੀਰ ਨਹੀਂ ਤੇ ਪਹਿਲਾਂ ਵੀ ਸੂਬੇ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਭੇਜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਈ ਮਾਮਲੇ ਵਿੱਤ ਮੰਤਰੀ ਅਤੇ ਭਲਾਈ ਮੰਤਰੀ ਦੇ ਵਿਭਾਗਾਂ ਜਾਂ ਕਾਨੂੰਨ ਵਿਵਸਥਾ ਨਾਲ ਜੁੜੇ ਹੋਏ ਹਨ ਤੇ ਅਜਿਹੇ ਮਾਮਲਿਆਂ ‘ਤੇ ਸਮਰੱਥ ਅਥਾਰਟੀ ਮੁੱਖ ਮੰਤਰੀ ਨੂੰ ਹੀ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਮਿਸਾਲ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਕਹੀ ਜਾ ਸਕਦੀ ਹੈ ਤੇ ਇਹ ਮਾਮਲਾ ਮਨਪ੍ਰੀਤ ਸਿੰਘ ਬਾਦਲ ਅਤੇ ਧਰਮਸੋਤ (ਦੋਹਾਂ) ਦੇ ਵਿਭਾਗਾਂ ਨਾਲ ਸਬੰਧਤ ਹੈ। ਸਰਕਾਰ ਵੱਲੋਂ ਆਪਣੇ ਹਿੱਸੇ ਦੀ ਰਕਮ ਪਾਉਣੀ ਤਾਂ ਦੂਰ, ਕੇਂਦਰ ਤੋਂ ਆਈ ਰਕਮ ਵੀ ਲਾਭਪਾਤਰੀਆਂ ਨੂੰ ਦਿੱਤੀ ਨਹੀਂ ਜਾ ਰਹੀ। ਰਾਜ ਸਭਾ ਮੈਂਬਰ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਬਾਲਦ ਕਲਾਂ ਪਿੰਡ ਦੀ ਪੰਚਾਇਤੀ ਜ਼ਮੀਨ ਵਿਚ ਦਲਿਤਾਂ ਦੇ ਹਿੱਸੇ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਭਾਰੂ ਹੈ ਤੇ ਦਲਿਤਾਂ ਨੂੰ ਲਗਾਤਾਰ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਾਂਗਰਸ ਸ਼ਾਸ਼ਨ ਦੌਰਾਨ ਦਲਿਤਾਂ ‘ਤੇ ਅਤਿਆਚਾਰ ਹੋਣ ਦੇ ਦੋਸ਼ ਵੀ ਲਾਏ।
ਭਾਜਪਾ ਦੇ ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਵਿੱਚ ਦਲਿਤਾਂ ‘ਤੇ ਸਰਕਾਰੀ ਸ਼ਹਿ ‘ਤੇ ਤਸ਼ੱਦਦ ਦੇ ਮਾਮਲੇ ਵਧ ਰਹੇ ਹਨ ਤੇ ਮੁੱਖ ਮੰਤਰੀ ਨੇ ਉਚ-ਤਾਕਤੀ ਕਮੇਟੀ ਦੀ ਮੀਟਿੰਗ ਪ੍ਰਤੀ ਬੇਰੁਖ਼ੀ ਦਿਖਾ ਕੇ ਦਲਿਤ ਮਾਮਲਿਆਂ ਤੋਂ ਮੂੰਹ ਮੋੜਨ ਦਾ ਸਬੂਤ ਦਿੱਤਾ ਹੈ। ਇਹ ਵੀ ਦੱਸਣਯੋਗ ਹੈ ਕਿ ਇਹ ਮੀਟਿੰਗ ਕਰੀਬ ਢਾਈ ਸਾਲਾਂ ਬਾਅਦ ਹੋ ਰਹੀ ਸੀ। ਦੂਲੋ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ 2015 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੀਟਿੰਗ ਕੀਤੀ ਸੀ। ਕਾਂਗਰਸ ਹਕੂਮਤ ਵਿੱਚ ਪਹਿਲੀ ਵਾਰੀ ਮੀਟਿੰਗ ਹੋਣੀ ਸੀ ਪਰ ਮੁੱਖ ਮੰਤਰੀ ਗੈਰਹਾਜ਼ਰ ਹੋ ਗਏ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …