ਫਰੀਦਕੋਟ ਵਿਚ ਲੱਗੇ ‘ਕੈਪਟਨ ਇੱਕ ਹੀ ਹੁੰਦਾ ਹੈ…’ ਦੇ ਬੋਰਡ
ਫਰੀਦਕੋਟ/ਬਿਊਰੋ ਨਿਊਜ਼ : ਕਾਂਗਰਸ ਦੇ ਸੂਬਾਈ ਆਗੂਆਂ ਦੀ ਫੁੱਟ ਹੁਣ ਹਲਕਾ ਪੱਧਰ ‘ਤੇ ਪਹੁੰਚ ਗਈ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦਰਮਿਆਨ ਚੱਲੀ ਖਿੱਚੋਤਾਣ ਹੁਣ ਦੋ ਧੜਿਆਂ ਵਿੱਚ ਵੰਡੀ ਗਈ ਹੈ। ਪਤਾ ਲੱਗਾ ਹੈ ਕਿ ਮਾਲਵੇ ਦੇ 44 ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਨੂੰ ਕੇਂਦਰੀ ਟੀਮ ਅੱਗੇ ਰੱਜ ਕੇ ਭੰਡਿਆ।
ਉਪਰੰਤ ਕੈਪਟਨ ਅਮਰਿੰਦਰ ਸਿੰਘ ਨੇ ਨਾਰਾਜ਼ ਵਿਧਾਇਕਾਂ ਨਾਲ ਗੱਲਬਾਤ ਕਰਨ ਦੀ ਥਾਂ ਆਪਣੇ ਦਫ਼ਤਰ ਦੇ ਅਧਿਕਾਰੀਆਂ ਰਾਹੀਂ ਸ਼ਹਿਰਾਂ ਵਿੱਚ ”ਕੈਪਟਨ ਇੱਕ ਹੀ ਹੁੰਦਾ ਹੈ..” ਦੇ ਬੋਰਡ ਲਗਵਾ ਦਿੱਤੇ ਹਨ। ਇਨ੍ਹਾਂ ਬੋਰਡਾਂ ਉਪਰ ਮੁੱਖ ਮੰਤਰੀ ਦੇ ਓਐੱਸਡੀ ਸੰਦੀਪ ਸਿੰਘ ਸੰਨੀ ਬਰਾੜ ਦੀ ਤਸਵੀਰ ਛਾਪੀ ਗਈ ਹੈ ਅਤੇ ਇਹ ਬੋਰਡ ਲਵਾਏ ਵੀ ਉਨ੍ਹਾਂ ਵੱਲੋਂ ਹੀ ਗਏ ਹਨ। ਕੈਪਟਨ ਦੇ ਪ੍ਰਚਾਰ ਲਈ ਲੱਗੇ ਬੋਰਡਾਂ ਵਿੱਚ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਜਾਂ ਕਿਸੇ ਵੀ ਹੋਰ ਟਕਸਾਲੀ ਕਾਂਗਰਸੀ ਆਗੂ ਦਾ ਨਾਮ ਸ਼ਾਮਲ ਨਹੀਂ ਹੈ। ਫ਼ਰੀਦਕੋਟ ਜ਼ਿਲ੍ਹੇ ਵਿੱਚ ਕਾਂਗਰਸ ਦੀ ਸਥਿਤੀ ਸਿਆਸੀ ਤੌਰ ‘ਤੇ ਪਹਿਲਾਂ ਵੀ ਬਹੁਤੀ ਚੰਗੀ ਨਹੀਂ ਸੀ। ਤਿੰਨ ਵਿਧਾਨ ਸਭਾ ਹਲਕਿਆਂ ਵਿੱਚੋਂ ਦੋ ਵਿਧਾਨ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਕੁਸ਼ਲਦੀਪ ਸਿੰਘ ਢਿੱਲੋਂ ਇਕੱਲੇ ਅਜਿਹੇ ਉਮੀਦਵਾਰ ਸਨ, ਜੋ ਚੋਣ ਜਿੱਤੇ ਸਨ। ਫ਼ਰੀਦਕੋਟ ਦੇ ਇੱਕ ਸੀਨੀਅਰ ਟਕਸਾਲੀ ਕਾਂਗਰਸੀ ਨੇ ਆਖਿਆ ਕਿ ਕਾਂਗਰਸ ਕਿਸੇ ਇੱਕ ਵਿਅਕਤੀ ਦੀ ਨਹੀਂ ਬਲਕਿ ਇਹ ਸਮੁੱਚੇ ਦੇਸ਼ ਦੇ ਵਰਕਰਾਂ ਅਤੇ ਆਗੂਆਂ ਦੀ ਪਾਰਟੀ ਹੈ।
ਮੁੱਖ ਮੰਤਰੀ ਦੇ ਸਤਿਕਾਰ ਲਈ ਲਵਾਏ ਬੋਰਡ: ਓਐੱਸਡੀ
ਮੁੱਖ ਮੰਤਰੀ ਦੇ ਓਐੱਸਡੀ ਸੰਦੀਪ ਸਿੰਘ ਬਰਾੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੋਰਡ ਉਨ੍ਹਾਂ ਨੇ ਆਪਣੇ ਪੱਧਰ ‘ਤੇ ਲਗਵਾਏ ਹਨ ਅਤੇ ਇਸ ਸਬੰਧੀ ਮੁੱਖ ਮੰਤਰੀ ਦਫਤਰ ਨੇ ਉਨ੍ਹਾਂ ਨੂੰ ਕੋਈ ਹਦਾਇਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਬੋਰਡ ਸਿਰਫ ਉਨ੍ਹਾਂ ਨੇ ਮੁੱਖ ਮੰਤਰੀ ਦੇ ਸਤਿਕਾਰ ਲਈ ਲੁਆਏ ਹਨ ਅਤੇ ਇਨ੍ਹਾਂ ਪਿੱਛੇ ਕੋਈ ਵੀ ਹੋਰ ਮਨਸ਼ਾ ਨਹੀਂ ਹੈ।