Breaking News
Home / ਦੁਨੀਆ / ਪਰਵਾਸ ਠੱਲ੍ਹਣ ਲਈ ਦੱਖਣੀ ਸਰਹੱਦ ‘ਤੇ ਸੁਰੱਖਿਆ ਵਧਾਏਗਾ ਅਮਰੀਕਾ

ਪਰਵਾਸ ਠੱਲ੍ਹਣ ਲਈ ਦੱਖਣੀ ਸਰਹੱਦ ‘ਤੇ ਸੁਰੱਖਿਆ ਵਧਾਏਗਾ ਅਮਰੀਕਾ

ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਮਗਰੋਂ ਟਰੰਪ ਵੱਲੋਂ ਕਈ ਹੁਕਮਾਂ ‘ਤੇ ਦਸਤਖ਼ਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਸਹੁੰ ਚੁੱਕ ਸਮਾਗਮ ਮਗਰੋਂ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਨੂੰ ਬਾਹਰ ਕਰਨ, ਸਰਹੱਦੀ ਸੁਰੱਖਿਆ, ਟਿਕਟੌਕ ਦੇ ਸੰਚਾਲਨ ਦੀ ਸਮਾਂ ਸੀਮਾ ਵਧਾਉਣ ਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਜਿਹੇ ਕਈ ਕਾਰਜਕਾਰੀ ਹੁਕਮਾਂ ‘ਤੇ ਦਸਤਖ਼ਤ ਕੀਤੇ ਹਨ। ਇਨ੍ਹਾਂ ‘ਚੋਂ ਕਈਆਂ ਦਾ ਜ਼ਿਕਰ ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕੀਤਾ ਸੀ।
ਰਾਸ਼ਟਰਪਤੀ ਟਰੰਪ ਨੇ ਦੱਖਣੀ ਸਰਹੱਦ ‘ਤੇ ਸੁਰੱਖਿਆ ਵਧਾਉਣ ਸਬੰਧੀ ਕਾਰਜਕਾਰੀ ਹੁਕਮਾਂ ‘ਤੇ ਦਸਤਖ਼ਤ ਕੀਤੇ ਜੋ ਉਨ੍ਹਾਂ ਦੇ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਅਮਲ ‘ਚ ਆ ਗਿਆ। ਇਸ ਤਰ੍ਹਾਂ ਉਨ੍ਹਾਂ ਪਰਵਾਸ ‘ਤੇ ਠੱਲ੍ਹ ਪਾਉਣ ਦਾ ਆਪਣਾ ਵਾਅਦਾ ਪੂਰਾ ਕੀਤਾ ਅਤੇ ਵੰਡਪਾਊ ਮੁੱਦੇ ‘ਤੇ ਵ੍ਹਾਈਟ ਹਾਊਸ ਦੀ ਨੀਤੀ ‘ਚ ਇੱਕ ਹੋਰ ਵੱਡੀ ਤਬਦੀਲੀ ਕੀਤੀ। ਇਸ ਵਿੱਚ ਪਰਵਾਸੀਆਂ ਨੂੰ ਮੈਕਸੀਕੋ ਦੀ ਸਰਹੱਦ ‘ਤੇ ਉਡੀਕ ਲਈ ਮਜਬੂਰ ਕਰਨਾ, ਸਰਹੱਦੀ ਕੰਧ ਪੂਰੀ ਕਰਨੀ, ਅਮਰੀਕਾ ‘ਚ ਜਨਮ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਖੁਦ ਹੀ ਮਿਲਣ ਵਾਲੀ ਨਾਗਰਿਕਤਾ ਖਤਮ ਕਰਨ ਦੀ ਕੋਸ਼ਿਸ਼ ਕਰਨਾ, ਸਰਹੱਦੀ ਸੁਰੱਖਿਆ ‘ਚ ਸੈਨਾ ਨੂੰ ਸ਼ਾਮਲ ਕਰਨਾ ਸ਼ਾਮਲ ਹੈ।
ਟਰੰਪ ਨੇ ‘ਸੀਬੀਪੀ ਵਨ’ ਨਾਂ ਦੀ ਇੱਕ ਸਰਹੱਦੀ ਐਪ ਦੀ ਵਰਤੋਂ ਵੀ ਬੰਦ ਕਰ ਦਿੱਤੀ ਜਿਸ ਨਾਲ ਤਕਰੀਬਨ 10 ਲੱਖ ਲੋਕਾਂ ਨੂੰ ਕੰਮ ਕਰਨ ਦੀ ਯੋਗਤਾ ਨਾਲ ਕਾਨੂੰਨੀ ਤੌਰ ‘ਤੇ ਅਮਰੀਕਾ ਅੰਦਰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਟਰੰਪ ਨੇ ਮੌਤ ਦੀ ਸਜ਼ਾ ਸਬੰਧੀ ਹੁਕਮਾਂ ‘ਤੇ ਵੀ ਦਸਤਖ਼ਤ ਕੀਤੇ ਹਨ।
ਉਨ੍ਹਾਂ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ‘ਚੋਂ ਅਮਰੀਕਾ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰਨ ਵਾਲੇ ਹੁਕਮਾਂ ‘ਤੇ ਵੀ ਦਸਤਖ਼ਤ ਕੀਤੇ ਹਨ।
ਪਿਛਲੇ ਪੰਜ ਸਾਲਾਂ ‘ਚ ਇਹ ਦੂਜੀ ਵਾਰ ਹੈ ਜਦੋਂ ਅਮਰੀਕਾ ਨੂੰ ਡਬਲਿਊਐੱਚਓ ‘ਚੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਹੈ। ਇਸੇ ਤਰ੍ਹਾਂ ਟਰੰਪ ਨੇ ਪੈਰਿਸ ਸਮਝੌਤੇ ਤੋਂ ਹਟਣ ਸਬੰਧੀ ਹੁਕਮਾਂ ‘ਤੇ ਦਸਤਖਤ ਕੀਤੇ ਤੇ ਕਿਹਾ ਕਿ ਉਹ ਇੱਕ ਇੱਕਪਾਸੜ ਸਮਝੌਤੇ ਤੋਂ ਤੁਰੰਤ ਹੱਟ ਰਹੇ ਹਨ।
ਉਨ੍ਹਾਂ ਟਰਾਂਸਜੈਂਡਰ ਲੋਕਾਂ ਤੋਂ ਸੁਰੱਖਿਆ ਵਾਪਸ ਲੈਣ ਅਤੇ ਨਸ਼ਾ ਤਸਕਰ ਗਰੋਹਾਂ ਨੂੰ ਅਤਿਵਾਦੀ ਸੰਗਠਨ ਐਲਾਨੇ ਜਾਣ ਸਬੰਧੀ ਹੁਕਮਾਂ ‘ਤੇ ਵੀ ਦਸਤਖਤ ਕੀਤੇ।
ਸੈਨੇਟ ਨੇ ਇੱਕ ਬਿੱਲ ਵੀ ਪਾਸ ਕੀਤਾ ਹੈ ਜਿਸ ਤਹਿਤ ਫੈਡਰਲ ਅਧਿਕਾਰੀਆਂ ਨੂੰ ਚੋਰੀ ਤੇ ਹਿੰਸਕ ਅਪਰਾਧਾਂ ਲਈ ਦੋਸ਼ੀ ਪਰਵਾਸੀਆਂ ਨੂੰ ਹਿਰਾਸਤ ‘ਚ ਲੈਣ ਦੀ ਲੋੜ ਹੋਵੇਗੀ।
ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਇਸ ਆਲਮੀ ਸੰਸਥਾ ਤੋਂ ਅਮਰੀਕਾ ਦੇ ਵੱਖ ਹੋਣ ਸਬੰਧੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਐਲਾਨ ‘ਤੇ ਨਾਖੁਸ਼ੀ ਜ਼ਾਹਿਰ ਕਰਦਿਆਂ ਉਮੀਦ ਪ੍ਰਗਟਾਈ ਕਿ ਅਮਰੀਕਾ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰੇਗਾ ਤੇ ਭਾਈਵਾਲੀ ਬਣਾਏ ਰੱਖਣ ਲਈ ਰਚਨਾਤਮਕ ਗੱਲਬਾਤ ‘ਚ ਸ਼ਾਮਲ ਹੋਵੇਗਾ।

Check Also

ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੈਰਿਸ ਵਾਤਾਵਰਣ ਸਮਝੌਤੇ ਤੋਂ ਬਾਹਰ ਆਉਣ ਬਾਰੇ ਆਦੇਸ਼ ਜਾਰੀ

ਪਹਿਲੇ ਦਿਨ ਬਾਈਡਨ ਕਾਰਜਕਾਲ ਦੌਰਾਨ ਜਾਰੀ ਹੋਏ 78 ਆਦੇਸ਼ ਕੀਤੇ ਰੱਦ ਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ …