Breaking News
Home / ਦੁਨੀਆ / ਟਰੰਪ ਸਮਰਥਕ ਤੇ ਵਿਖਾਵਾਕਾਰੀ ਭਿੜੇ, 35 ਗ੍ਰਿਫ਼ਤਾਰ

ਟਰੰਪ ਸਮਰਥਕ ਤੇ ਵਿਖਾਵਾਕਾਰੀ ਭਿੜੇ, 35 ਗ੍ਰਿਫ਼ਤਾਰ

Donald Trump protestਸਾਂਤਿਆਗੋ ਵਿੱਚ ਚੋਣ ਰੈਲੀ ਵਾਲੇ ਸਥਾਨ ਬਾਹਰ ਵਾਪਰੀ ਘਟਨਾ;ਟਰੰਪ ਵੱਲੋਂ ‘ਠੱਗਾਂ’ ਨੂੰ ਭਜਾਉਣ ਲਈ ਪੁਲਿਸ ਦੀ ਸ਼ਲਾਘਾ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਡੋਨਾਲਡ ਟਰੰਪ ਦੀ ਸਾਂਤਿਆਗੋ ਵਿੱਚ ਇਕ ਚੋਣ ਰੈਲੀ ਬਾਹਰ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਅਤੇ ਵਿਰੋਧੀ ਵਿਖਾਵਾਕਾਰੀਆਂ ਵਿੱਚ ਟਕਰਾਅ ਹੋ ਗਿਆ। ਪੁਲਿਸ ਨੇ 35 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਤਿੰਨ ਦਿਨਾਂ ਵਿੱਚ ਟਰੰਪ ਦੀ ਚੋਣ ਮੁਹਿੰਮ ਦੌਰਾਨ ਦੂਜੀ ਵਾਰ ਇਸ ਤਰ੍ਹਾਂ ਦੀ ਘਟਨਾ ਹੋਈ ਹੈ। ਦੋਵੇਂ ਧਿਰਾਂ ਦੇ ਲੋਕ ਇਕ ਦੂਜੇ ਖ਼ਿਲਾਫ਼ ਚੀਕਾਂ ਮਾਰ ਰਹੇ ਸਨ ਅਤੇ ਪਾਣੀ ਦੀਆਂ ਬੋਤਲਾਂ ਸੁੱਟ ਰਹੇ ਸਨ। ਪੁਲਿਸ ਨੇ ਹਾਲਾਤ ‘ਤੇ ਕਾਬੂ ਪਾਉਣ ਲਈ ਮਿਰਚਾਂ ਵਾਲੀਆਂ ਗੋਲੀਆਂ ਦਾਗੀਆਂ। ਪੱਛਮੀ ਕੈਲੀਫੋਰਨੀਆ ਦੇ ਸਾਂਤਿਆਗੋ ਵਿੱਚ ਇਕ ਸੰਮੇਲਨ ਕੇਂਦਰ ਵਿੱਚ ਟਰੰਪ ਦਾ ਭਾਸ਼ਣ ਖ਼ਤਮ ਹੋਣ ਬਾਅਦ ਦੋਵੇਂ ਧਿਰਾਂ ਵਿੱਚ ਭੇੜ ਸ਼ੁਰੂ ਹੋ ਗਿਆ। ਲੋਕਾਂ ਨੇ ਇਕ ਦੂਜੇ ਉਤੇ ਪੱਥਰ ਤੇ ਪਲਾਸਟਿਕ ਦੀਆਂ ਬੋਤਲਾਂ ਸੁੱਟੀਆਂ। ਇਕ ਹਜ਼ਾਰ ਦੇ ਕਰੀਬ ਲੋਕਾਂ ਦੀ ਭੀੜ ਨੂੰ ਸ਼ਾਂਤ ਹੋਣ ਦਾ ਆਦੇਸ਼ ਦੇਣ ਬਾਅਦ ਪੁਲਿਸ ਨੇ ਬਲ ਦੀ ਵਰਤੋਂ ਕਰਦਿਆਂ ਹਮਲਾਵਰ ਢੰਗ ਨਾਲ ਪ੍ਰਦਰਸ਼ਨਕਾਰੀਆਂ ਨੂੰ ਹਟਾਉਣਾ ਸ਼ੁਰੂ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੈਕਸੀਕੋ ਦਾ ਝੰਡਾ ਫੜਿਆ ਹੋਇਆ ਸੀ ਅਤੇ ਟਰੰਪ ਵਿਰੋਧੀ ਨਾਅਰਿਆਂ ਵਾਲੀਆਂ ਤਖ਼ਤੀਆਂ ਲਹਿਰਾ ਰਹੇ ਸਨ।
ਕੁੱਝ ਪ੍ਰਦਰਸ਼ਨਕਾਰੀਆਂ ਨੇ ਰੋਕਾਂ ਵੀ ਪਾਰ ਕਰ ਲਈਆਂ ਸਨ। ਪੁਲਿਸ ਨੇ ਘੱਟ ਤੋਂ ਘੱਟ 35 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਪਤੀ ਦਾ ਨੁਕਸਾਨ ਹੋਣ ਜਾਂ ਕਿਸੇ ਦੇ ਫੱਟੜ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਸਾਂਤਿਆਗੋ ਪੁਲਿਸ ਨੇ ਕਿਹਾ, ‘ਭੀੜ ਕਾਨੂੰਨ ਤੋੜ ਰਹੀ ਸੀ। ਗ਼ੈਰਕਾਨੂੰਨੀ ਢੰਗ ਨਾਲ ਇਕੱਤਰ ਹੋਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਪੁਲਿਸ ਦੇਰ ਰਾਤ ਤਕ ਇਥੇ ਤਾਇਨਾਤ ਰਹੇਗੀ।’ ਇਸ ਬਾਅਦ ਟਰੰਪ ਨੇ ਟਵੀਟ ਕੀਤਾ, ‘ਸਾਂਤਿਆਗੋ ਪੁਲੀਸ ‘ਠੱਗਾਂ’ ਨਾਲ ਸ਼ਾਨਦਾਰ ਢੰਗ ਨਾਲ ਨਜਿੱਠੀ, ਜਿਨ੍ਹਾਂ ਨੇ ਸਾਡੀ ਸ਼ਾਂਤੀਪੂਰਨ ਤੇ ਵੱਡੀ ਇਕੱਤਰਤਾ ਵਾਲੀ ਰੈਲੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਪ੍ਰਸ਼ੰਸਾ ਦੀ ਪਾਤਰ ਹੈ।’ ਓਬਾਮਾ ਨੇ ਟਿੱਪਣੀ ਕੀਤੀ ਸੀ ਕਿ ਦੁਨੀਆਂ ਭਰ ਦੇ ਨੇਤਾ ਟਰੰਪ ਦੀ ਹਮਲਾਵਰ ਬਿਆਨਬਾਜ਼ੀ ਤੋਂ ਘਬਰਾਏ ਹੋਏ ਹਨ। ਇਸ ਦੇ ਜਵਾਬ ਵਿੱਚ ਰੈਲੀ ਦੌਰਾਨ ਟਰੰਪ ਨੇ ਕਿਹਾ, ‘ਦੋਸਤੋਂ ਮੈਂ ਚੰਗਾ ਇਨਸਾਨ ਹਾਂ। ਮੈਂ ਸਾਰਿਆਂ ਨਾਲ ਮੇਲ-ਜੋਲ ਵਧਾ ਲਵਾਂਗਾ ਤੇ ਸਭ ਨੂੰ ਨਾਲ ਲੈ ਕੇ ਚੱਲਾਂਗਾ।’

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …