ਟਰੰਪ ਦੀ ਕਾਰਵਾਈ ਤੋਂ ਬਚਾਉਣ ਲਈ ਚੁੱਕਿਆ ਕਦਮ
ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਜੋਅ ਬਾਇਡਨ ਨੇ ਅਹੁਦਾ ਛੱਡਣ ਤੋਂ ਕੁਝ ਸਮਾਂ ਪਹਿਲਾਂ ਆਪਣੀਆਂ ਵਿਸ਼ੇਸ਼ ਤਾਕਤਾਂ ਦੀ ਵਰਤੋਂ ਕਰਦਿਆਂ ਡਾਕਟਰ ਐਂਥਨੀ ਫੌਕੀ, ਸੇਵਾਮੁਕਤ ਜਨਰਲ ਮਾਰਕ ਮਿਲੇਅ ਅਤੇ ਸੰਸਦ ‘ਤੇ 6 ਜਨਵਰੀ, 2021 ਨੂੰ ਹੋਏ ਹਮਲੇ ਦੀ ਜਾਂਚ ਲਈ ਬਣੀ ਸਦਨ ਦੀ ਕਮੇਟੀ ਦੇ ਮੈਂਬਰਾਂ ਨੂੰ ਮੁਆਫ ਕਰ ਦਿੱਤਾ ਹੈ ਤਾਂ ਜੋ ਅਗਾਮੀ ਟਰੰਪ ਪ੍ਰਸ਼ਾਸਨ ਦੇ ‘ਬਦਲੇ ਦੀ ਭਾਵਨਾ’ ਨਾਲ ਕੀਤੀ ਜਾਣ ਵਾਲੀ ਸੰਭਾਵਿਤ ਕਾਰਵਾਈ ਤੋਂ ਉਨ੍ਹਾਂ ਨੂੰ ਬਚਾਇਆ ਜਾ ਸਕੇ। ਬਾਇਡਨ ਦਾ ਇਹ ਫ਼ੈਸਲਾ ਡੋਨਲਡ ਟਰੰਪ ਵੱਲੋਂ ਉਨ੍ਹਾਂ ਦੁਸ਼ਮਣਾਂ ਦੀ ਸੂਚੀ ਬਾਰੇ ਚਿਤਾਵਨੀ ਦੇਣ ਮਗਰੋਂ ਆਇਆ ਹੈ ਜੋ ਸਿਆਸੀ ਤੌਰ ‘ਤੇ ਉਨ੍ਹਾਂ ਤੋਂ ਅੱਗੇ ਨਿਕਲ ਗਏ ਹਨ ਜਾਂ 2020 ਦੀਆਂ ਚੋਣਾਂ ‘ਚ ਉਨ੍ਹਾਂ ਦੀ ਹਾਰ ਨੂੰ ਪਲਟਣ ਦੀਆਂ ਕੋਸ਼ਿਸ਼ਾਂ ਅਤੇ ਯੂਐੱਸ ਕੈਪੀਟਲ ‘ਤੇ ਹੋਏ ਹਮਲੇ ‘ਚ ਉਨ੍ਹਾਂ ਦੀ ਭੂਮਿਕਾ ਲਈ ਜਵਾਬਦੇਹ ਠਹਿਰਾਉਣ ਦੀ ਮੰਗ ਕਰ ਰਹੇ ਹਨ। ਟਰੰਪ ਨੇ ਉਨ੍ਹਾਂ ਕੈਬਨਿਟ ਸਾਥੀਆਂ ਦੀ ਚੋਣ ਕੀਤੀ ਹੈ ਜੋ ਉਨ੍ਹਾਂ ਦੇ ਚੋਣ ਝੂਠ ਦੀ ਹਮਾਇਤ ਕਰਦੇ ਹਨ ਅਤੇ ਜਿਨ੍ਹਾਂ ਉਨ੍ਹਾਂ ਦੀ ਜਾਂਚ ਦੀਆਂ ਕੋਸ਼ਿਸ਼ਾਂ ‘ਚ ਸ਼ਾਮਲ ਲੋਕਾਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ। ਡਾਕਟਰ ਫੌਕੀ ਬਾਇਡਨ ਦੇ ਮੁੱਖ ਮੈਡੀਕਲ ਸਲਾਹਕਾਰ ਰਹੇ ਅਤੇ ਉਨ੍ਹਾਂ ਕੋਵਿਡ-19 ਮਹਾਮਾਰੀ ਰੋਕਣ ਲਈ ਉਪਰਾਲੇ ਕੀਤੇ ਸਨ। ਟਰੰਪ ਦੇ ਦਾਅਵਿਆਂ ਨੂੰ ਨਕਾਰਨ ਕਾਰਨ ਉਹ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਇਸੇ ਤਰ੍ਹਾਂ ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਸਾਬਕਾ ਚੇਅਰਮੈਨ ਮਾਰਕ ਮਿਲੇਅ ਨੇ ਟਰੰਪ ਨੂੰ ਫਾਸ਼ੀਵਾਦੀ ਕਰਾਰ ਦਿੰਦਿਆਂ 6 ਜਨਵਰੀ, 2021 ਦੇ ਕਾਰੇ ਨੂੰ ਬਗ਼ਾਵਤ ਦੱਸਿਆ ਸੀ।