ਮਾਹਿਰਾਂ ਨੇ ਭਾਰਤ ਦੀ ਵਿਗੜ ਰਹੀ ਹਵਾ ਨੂੰ ਲੈ ਕੇ ਕੀਤਾ ਖੁਲਾਸਾ
ਚੰਡੀਗੜ੍ਹ/ਬਿਊਰੋ ਨਿਊਜ਼
ਪੀ.ਜੀ.ਆਈ. ਚੰਡੀਗੜ੍ਹ ਅਤੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਦੇ ਮਾਹਿਰਾਂ ਨੇ ਹਾਲ ਹੀ ਵਿਚ ਉਤਰੀ ਭਾਰਤ ਦੀ ਵਿਗੜਦੀ ਹਵਾ ਨੂੰ ਲੈ ਕੇ ਖੁਲਾਸਾ ਕੀਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਉਤਰੀ ਭਾਰਤ ਵਿਚ ਵਿਗੜਦੀ ਹਵਾ ਦੀ ਗੁਣਵੱਤਾ ਦੇ ਕਾਰਨ ਨੂੰ ਇਕੱਲੇ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਤੇ ਪੱਛਮੀ ਉਤਰ ਪ੍ਰਦੇਸ਼ ਵਿਚ ਖੇਤਾਂ ’ਚ ਲਗਾਈ ਜਾ ਰਹੀ ਅੱਗ ਨਾਲ ਜੋੜਿਆ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਗੁਆਂਢੀ ਦੇਸ਼ ਪਾਕਿਸਤਾਨ ਵੀ ਇਸ ਖੇਤਰ ਵਿਚ ਹਵਾ ਦੀ ਗੁਣਵੱਤਾ ਦੇ ਵਿਗੜਨ ਵਿਚ ਯੋਗਦਾਨ ਪਾ ਰਿਹਾ ਹੈ। ਸੈਟੇਲਾਈਟ ਤਸਵੀਰਾਂ ਨੇ ਪਾਕਿਸਤਾਨ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵੱਡੇ ਪੱਧਰ ’ਤੇ ਪਰਾਲੀ ਸਾੜਨ ਦਾ ਖੁਲਾਸਾ ਕੀਤਾ ਹੈ। ਇਸ ਦੌਰਾਨ ਪੰਜਾਬ ਵਿਚ ਤਾਇਨਾਤ ਕਰੀਬ 22 ਵਿਗਿਆਨੀਆਂ ਨੇ ਦੇਖਿਆ ਹੈ ਕਿ ਭਾਵੇਂ ਭਾਰਤੀ ਪੰਜਾਬ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਮੀ ਆਈ ਹੈ, ਪਰ ਹਵਾ ਪ੍ਰਦੂਸ਼ਣ ਦੇ ਪੱਧਰ ਵਿਚ ਗਿਰਾਵਟ ਨਹੀਂ ਆਈ। ਦੱਸਣਯੋਗ ਹੈ ਕਿ ਪਿਛਲੇ ਸਾਲ ਲਾਹੌਰ ਵਿਚ ਹਵਾ ਦੀ ਗੁਣਵੱਤਾ ਸਭ ਤੋਂ ਖਰਾਬ ਹੋ ਗਈ ਸੀ ਅਤੇ ਇਸਦਾ ਜ਼ਿੰਮੇਵਾਰ ਭਾਰਤੀ ਪੰਜਾਬ ਦੇ ਕਿਸਾਨਾਂ ਨੂੰ ਠਹਿਰਾਇਆ ਗਿਆ ਸੀ।