Breaking News
Home / ਦੁਨੀਆ / ਕੀਵ ਵਿਚੋਂ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਕੱਢਿਆ: ਸ਼੍ਰਿੰਗਲਾ

ਕੀਵ ਵਿਚੋਂ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਕੱਢਿਆ: ਸ਼੍ਰਿੰਗਲਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਰੂਸ ਤੇ ਯੂਕਰੇਨ ਵਿਚਾਲੇ ਜਾਰੀ ਸੰਕਟ ਦਰਮਿਆਨ ਭਾਰਤ ਨੇ ਯੂਕਰੇਨ ਦੀ ਰਾਜਧਾਨੀ ਕੀਵ ‘ਚੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਲੈਣ ਦਾ ਦਾਅਵਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਮੀਟਿੰਗ ਕੀਤੀ, ਜਿਸ ਵਿੱਚ ਭਾਰਤੀ ਨਾਗਰਿਕਾਂ ਨੂੰ ਜੰਗ ਦੇ ਝੰਬੇ ਮੁਲਕ ‘ਚੋਂ ਸੁਰੱਖਿਅਤ ਵਾਪਸ ਲਿਆਉਣ ਦੇ ਅਮਲ ‘ਤੇ ਚਰਚਾ ਕੀਤੀ ਗਈ।
ਮੀਟਿੰਗ ਮਗਰੋਂ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਮੀਡੀਆ ਨੂੰ ਦੱਸਿਆ ਕਿ ਯੂਕਰੇਨ ਤੋਂ ਗੁਆਂਢੀ ਮੁਲਕਾਂ ਵੱਲ ਕੂਚ ਕਰ ਗਏ ਭਾਰਤੀ ਨਾਗਰਿਕਾਂ ਨੂੰ ਅਗਲੇ ਤਿੰਨ ਦਿਨਾਂ ਵਿੱਚ 26 ਉਡਾਣਾਂ ਜ਼ਰੀਏ ਵਾਪਸ ਵਤਨ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਰੋਮਾਨੀਆ ਦੇ ਬੁਖਾਰੈਸਟ ਤੇ ਹੰਗਰੀ ਦੇ ਬੁਡਾਪੈਸਟ ਹਵਾਈ ਅੱਡਿਆਂ ਤੋਂ ਇਲਾਵਾ ਪੋਲੈਂਡ ਤੇ ਸਲੋਵਾਕੀਆ ਗਣਰਾਜ ਦੇ ਹਵਾਈ ਅੱਡੇ ਵੀ ਇਸ ਕੰਮ ਲਈ ਵਰਤੇ ਜਾਣਗੇ। ਸ਼੍ਰਿੰਗਲਾ ਨੇ ਦਾਅਵਾ ਕੀਤਾ ਕਿ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਹੁਣ ਇਕ ਵੀ ਭਾਰਤੀ ਨਹੀਂ ਹੈ। ਮੀਟਿੰਗ ਵਿੱਚ ਸਿਖਰਲੀ ਅਫ਼ਸਰਸ਼ਾਹੀ ਤੋਂ ਇਲਾਵਾ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਵਣਜ ਮੰਤਰੀ ਪਿਊਸ਼ ਗੋਇਲ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਉਨ੍ਹਾਂ ਨੂੰ ਉਥੋਂ ਵਾਪਸ ਲਿਆਉਣਾ ਸਰਕਾਰ ਦੀ ਸਿਖਰਲੀ ਤਰਜੀਹ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਜੰਗ ਦੀ ਮਾਰ ਹੇਠ ਆਏ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਸਬੰਧੀ ਜੇਕਰ ਉਨ੍ਹਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਜਾਂ ਕੋਈ ਫੋਨ ਆਉਂਦਾ ਹੈ ਤਾਂ ਉਹ ਉਨ੍ਹਾਂ ਦੇ ਦਫ਼ਤਰ ਨਾਲ ਸਿੱਧਾ ਰਾਬਤਾ ਕਰ ਸਕਦੇ ਹਨ। ਕੇਂਦਰੀ ਮੰਤਰੀ ਨੇ ਲੰਘੇ ਦਿਨ ਭੇਜੇ ਪੱਤਰ ਵਿੱਚ ਕਿਹਾ ਕਿ ਕ੍ਰਿਪਾ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੇ ਪੁੱਛਗਿੱਛ ਦਾ ਨੋਟਿਸ ਲਿਆ ਜਾਵੇ। ਉਨ੍ਹਾਂ ਈ-ਮੇਲ ਆਈਡੀ ਤੇ ਵਟਸਐਪ ਨੰਬਰ ਵੀ ਸਾਂਝਾ ਕੀਤਾ, ਜਿਸ ‘ਤੇ ਸੰਸਦ ਮੈਂਬਰ ਜਾਣਕਾਰੀ ਸਾਂਝੀ ਕਰ ਸਕਣਗੇ।

 

Check Also

ਐਸਟ੍ਰਾਜੇਨੇਕਾ ਦੀ ਕੋਰੋਨਾ ਵੈਕਸੀਨ ਨਾਲ ਹਾਰਟ ਅਟੈਕ ਦਾ ਖਤਰਾ

ਬਿ੍ਰਟਿਸ਼ ਅਦਾਲਤ ਵਿਚ ਕੰਪਨੀ ਨੇ ਇਹ ਗੱਲ ਮੰਨੀ ਨਵੀਂ ਦਿੱਲੀ/ਬਿਊਰੋ ਨਿਊਜ਼ ਬਿ੍ਰਟੇਨ ਦੀ ਫਾਰਮਾ ਕੰਪਨੀ …