ਐਂਟੀ ਇੰਡੀਆ 20 ਯੂ ਟਿਊਬ ਚੈਨਲ ਕੀਤੇ ਬੈਨ, 2 ਵੈਬਸਾਈਟਾਂ ‘ਤੇ ਵੀ ਐਕਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਪਾਕਿਸਤਾਨ ਤੋਂ ਅਪਰੇਟ ਕੀਤੇ ਜਾਣ ਵਾਲੇ 20 ਯੂ ਟਿਊਬ ਚੈਨਲਾਂ ਅਤੇ 2 ਵੈਬਸਾਈਟਾਂ ਨੂੰ ‘ਤੇ ਰੋਕ ਲਗਾ ਦਿੱਤੀ ਹੈ। ਇਹ ਐਕਸ਼ਨ ਇੰਟੈਲੀਜੈਂਸ ਏਜੰਸੀਆਂ ਅਤੇ ਸੂਚਨਾ ਪ੍ਰਸਾਰਣ ਵਿਭਾਗ ਦੀ ਰਿਪੋਰਟ ਤੋਂ ਬਾਅਦ ਲਿਆ ਗਿਆ ਹੈ। ਕੇਂਦਰ ਸਰਕਾਰ ਅਨੁਸਾਰ ਪਾਕਿਸਤਾਨ ਤੋ ਅਪਰੇਟ ਕੀਤੇ ਜਾ ਰਹੇ ਇਹ ਚੈਨਲ ਅਤੇ ਵੈਬਸਾਈਟ ਭਾਰਤ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ ‘ਤੇ ਝੂਠੀਆਂ ਖਬਰਾਂ ਫੈਲਾਉਂਦੇ ਸਨ। ਕੇਂਦਰ ਸਰਕਾਰ ਨੇ ਕਿਹਾ ਕਿ ਇੰਟਰਨੈਟ ‘ਤੇ ਕਸ਼ਮੀਰ, ਭਾਰਤੀ ਫੌਜ, ਭਾਰਤ ‘ਚ ਘੱਟ ਗਿਣਤੀਆਂ ਦੀ ਸਥਿਤੀ, ਰਾਮ ਮੰਦਿਰ ਅਤੇ ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਵਰਗੇ ਮੁੱਦਿਆਂ ‘ਤੇ ਇਹ ਯੂ ਟਿਊਬ ਚੈਨਲਾਂ ਅਤੇ ਵੈਬਸਾਈਟ ਝੂਠੀਆਂ ਖਬਰਾਂ ਪੋਸਟ ਕਰ ਰਹੇ ਸਨ। ਸਰਕਾਰ ਨੇ ਜਿਨ੍ਹਾਂ ਯੂ ਟਿਊਬ ਚੈਨਲਾਂ ਨੂੰ ਬੈਨ ਕੀਤਾ ਗਿਆ ਹੈ ਉਨ੍ਹਾਂ ਵਿਚ ਦ ਪੰਚ ਲਾਈਨ, ਇੰਟਰਨੈਸ਼ਨਲ ਵੈਬ ਨਿਊਜ਼, ਖਾਲਸਾ ਟੀਵੀ, ਦ ਨੇਕੇਡ ਟਰੁੱਥ ਅਹਿਮ ਹਨ। ਬੈਨ ਕੀਤੇ ਗਏ ਯੂ ਟਿਊਬ ਚੈਨਲਾਂ ਦੀ ਲਿਸਟ ਇਸ ਤਰ੍ਹਾਂ ਹੈ : ਦ ਪੰਚ ਲਾਈਨ, ਇੰਟਰਨੈਸ਼ਨਲ ਵੈਬ ਨਿਊਜ਼, ਖਾਲਸਾ ਟੀਵੀ, ਦ ਨੇਕੇਡ ਟਰੁੱਥ, ਨਿਊਜ਼ 24, 48 ਨਿਊਜ਼, ਕਾਲਪਨਿਕ, ਹਿਸਟੋਰੀਕਲ ਫੈਕਟ, ਪੰਜਾਬ ਵਾਇਰਲ, ਨਵਾਂ ਪਾਕਿਸਤਾਨ ਗਲੋਬਲ, ਕਵਰ ਸਟੋਰੀ, ਗੋ ਗਲੋਬਲ, ਈ-ਕਾਮਰਸ, ਜੁਨੈਦ ਹਲੀਮ,ਆਫੀਸ਼ੀਅਲ, ਤੈਯਬ ਹਨੀਫ ਅਤੇ ਜ਼ੇਨ ਅਲੀ ਆਫੀਸ਼ੀਅਲ ਦੇ ਨਾਮ ਸ਼ਾਮਲ ਹਨ। ਕੇਂਦਰ ਸਰਕਾਰ ਅਨੁਸਾਰ ਪਾਕਿਸਤਾਨ ਤੋਂ ਅਪਰੇਟ ਕੀਤੇ ਜਾ ਰਹੇ ‘ਨਵਾਂ ਪਾਕਿਸਤਾਨ ਗਰੁੱਪ’ ਦੇ ਕੋਲ ਯੂ ਟਿਊਬ ਚੈਨਲ ਦਾ ਇਕ ਨੈਟਵਰਕ ਹੈ। ਇਨ੍ਹਾਂ ਚੈਨਲਾਂ ਦੇ ਕੋਲ ਲਗਭਗ 35 ਲੱਖ ਸਬਸਕਰਾਈਬਰ ਅਤੇ 55 ਕਰੋੜ ਵੀਡੀਓ ਵਿਊਜ਼ ਹਨ। ਕੁਝ ਯੂਟਿਊਬ ਚੈਨਲਾਂ ਨੂੰ ਪਾਕਿਸਤਾਨ ਨਿਊਜ਼ ਦੇ ਐਕਰ ਵੀ ਚਲਾ ਰਹੇ ਸਨ।