ਬੀਐਸਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਡਰੋਨ ਭੇਜਿਆ ਵਾਪਸ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਦੇ ਸਰਹੱਦੀ ਖੇਤਰ ਵਿਚ ਪਾਕਿਸਤਾਨ ਵਲੋਂ ਡਰੋਨ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਅੰਮ੍ਰਿਤਸਰ ਬਾਰਡਰ ‘ਤੇ ਡਰੋਨ ਹੇਠਾਂ ਸੁੱਟੇ ਜਾਣ ਦੇ 24 ਘੰਟਿਆਂ ਦੇ ਅੰਦਰ ਹੀ ਤਰਨਤਾਰਨ ਦੇ ਸਰਹੱਦੀ ਖੇਤਰ ਵਿਚ ਫਿਰ ਡਰੋਨ ਦੇਖਿਆ ਗਿਆ। ਇਸਦੇ ਚੱਲਦਿਆਂ ਬੀਐਸਐਫ ਦੇ ਜਵਾਨਾਂ ਨੇ ਇਸ ਡਰੋਨ ਨੂੰ ਦੇਖਦਿਆਂ ਹੀ, ਉਸ ਵੱਲ ਫਾਇਰਿੰਗ ਕੀਤੀ ਤੇ ਇਹ ਡਰੋਨ ਵਾਪਸ ਪਾਕਿ ਵਾਲੇ ਪਾਸੇ ਚਲਾ ਗਿਆ।
ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵਲੋਂ ਸਰਚ ਅਪਰੇਸ਼ਨ ਵੀ ਚਲਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਫਿਰੋਜ਼ਪੁਰ ਸੈਕਟਰ ਦੇ ਅਧੀਨ ਆਉਣ ਵਾਲੇ ਤਰਨਤਾਰਨ ਬਾਰਡਰ ਦੇ ਪਿੰਡ ਕਾਲਸ ਦੀ ਹੈ। ਧਿਆਨ ਰਹੇ ਕਿ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਵੀ ਇਕ ਪਾਕਿਸਤਾਨੀ ਡਰੋਨ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿਚ ਦਾਖਲ ਹੋ ਗਿਆ ਸੀ ਅਤੇ ਇਸ ਡਰੋਨ ਨੂੰ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਹੇਠਾਂ ਸੁੱਟ ਲਿਆ ਸੀ।
ਉਧਰ ਦੂਜੇ ਪਾਸੇ ਖੇਮਕਰਨ ਸੈਕਟਰ ‘ਚ ਸਰਹੱਦ ਨੇੜਿਓਂ ਬੀ. ਐਸ. ਐਫ਼ ਤੇ ਪੁਲਿਸ ਨੇ ਸਾਂਝੇ ਅਭਿਆਨ ਦੌਰਾਨ ਤਸਕਰਾਂ ਵਲੋਂ ਕੰਡਿਆਲੀ ਤਾਰ ਦੇ ਉਪਰੋਂ ਸੁੱਟੀ ਪੰਜ ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 12 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਸੰਬੰਧੀ ਪੁਲਿਸ ਵਲੋਂ ਜਾਂਚ ਵੀ ਕੀਤੀ ਜਾ ਰਹੀ ਹੈ।