ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪੁਲ ‘ਤੇ ਵੀ ਪਿਆ ਪਾਕਿ ‘ਚ ਛਾਈ ਮੰਦਹਾਲੀ ਦਾ ਅਸਰ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਪਾਕਿਸਤਾਨ ਇਸ ਵੇਲੇ ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਿਹਾ ਹੈ। ਇਸ ਮੰਦਹਾਲੀ ਦਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪੁਲ ‘ਤੇ ਵੀ ਅਸਰ ਪਿਆ ਹੈ।
ਭਾਰਤ ਸਰਕਾਰ ਨੇ ਸਮਝੌਤੇ ਤਹਿਤ ਆਪਣੇ ਪਾਸੇ ਦਾ ਰਾਹ ਤਾਂ ਮੁਕੰਮਲ ਕਰ ਦਿੱਤਾ ਹੈ ਪਰ ਪਾਕਿਸਤਾਨ ਵੱਲੋਂ ਇਹ ਪੁਲ 9 ਨਵੰਬਰ 2019 ਤੱਕ ਬਣਾਉਣ ਦਾ ਵਾਅਦਾ ਸਿਰੇ ਨਹੀਂ ਚੜ੍ਹਿਆ। ਇਸ ਤੋਂ ਇਲਾਵਾ ਭਾਰਤ ਤੇ ਪਾਕਿਸਤਾਨ ਦਰਮਿਆਨ ਚਾਰ ਮਾਰਗੀ ਪੁਲ ਬਣਾਉਣ ‘ਤੇ ਵੀ ਸਮਝੌਤਾ ਹੋਇਆ ਸੀ। ਇਸ ਦੇ ਉਲਟ ਪਾਕਿਸਤਾਨ ਵੱਲੋਂ ਆਪਣੇ ਪਾਸੇ ਦੋ ਮਾਰਗੀ ਪੁਲ ਦਾ ਨਿਰਮਾਣ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤ-ਪਾਕਿ ਸਰਕਾਰਾਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਦੇ ਇੰਜੀਨੀਅਰਾਂ ਵੱਲੋਂ ਕੌਮਾਂਤਰੀ ਸਰਹੱਦ ਦੇ ਦੋਵੇਂ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਪੁਲ ਨੂੰ ਬਣਉਣ ਲਈ ਸਰਹੱਦ ‘ਤੇ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ। ਪਹਿਲਾਂ ਪਾਕਿਸਤਾਨ ਆਪਣੇ ਪਾਸੇ ਪੁਲ ਦੀ ਥਾਂ ‘ਤੇ ਸਰਵਿਸ ਰੋਡ ਬਣਾਉਣ ਦੀ ਜ਼ਿੱਦ ‘ਤੇ ਅੜਿਆ ਰਿਹਾ ਜਦੋਂ ਕਿ ਭਾਰਤੀ ਇੰਜਨੀਅਰਾਂ ਵੱਲੋਂ ਸਰੱਹਦ ਨਾਲ ਵਗਦੇ ਰਾਵੀ ਦਰਿਆ ਦੇ ਪਾਣੀ ਤੋਂ ਧੁੱਸੀ ਬੰਨ੍ਹ ਨੂੰ ਬਚਾਉਣ ਦੇ ਮੰਤਵ ਨਾਲ ਦੋਹਾਂ ਦੇਸ਼ਾਂ ਦਰਮਿਆਨ ਚਾਰ ਮਾਰਗੀ ਪੁਲ ਬਣਾਉਣ ਲਈ ਸਹਿਮਤੀ ਦਿੱਤੀ ਗਈ ਸੀ। ਇਸ ਸਮਝੌਤੇ ਤਹਿਤ ਦੋਹਾਂ ਦੇਸ਼ਾਂ ਵੱਲੋਂ ਇਹ ਪੁਲ 9 ਨਵੰਬਰ 2019 ਤੱਕ ਮੁਕੰਮਲ ਕਰਨਾ ਸੀ। ਭਾਰਤ ਸਰਕਾਰ ਵੱਲੋਂ ਆਪਣੇ ਪਾਸੇ ਦਾ 3.6 ਕਿਲੋਮੀਟਰ ਲੰਬਾ ਪੁਲ ਬਣਾਇਆ ਜਾਣਾ ਸੀ।
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਨਿਰਧਾਰਤ ਸਮੇਂ ਵਿੱਚ ਆਪਣਾ ਕੰਮ ਮੁਕੰਮਲ ਕਰ ਲਿਆ ਗਿਆ ਜਦੋਂ ਕਿ ਪਾਕਿਸਤਾਨ ਵੱਲੋਂ 350 ਮੀਟਰ ਲੰਬੇ ਪੁਲ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਅਜੇ ਤਕ ਮੁਕੰਮਲ ਨਹੀਂ ਕੀਤਾ ਗਿਆ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …