ਭਾਰਤੀਆਂ ਨੂੰ ਇਜ਼ਰਾਈਲ ਵਿਚੋਂ ਵਾਪਸ ਲਿਆਉਣ ਲਈ ਸਰਕਾਰ ਹੋਈ ਯਤਨਸ਼ੀਲ
ਨਵੀਂ ਦਿੱਲੀ/ਬਿਊਰੋ ਨਿਊਜ਼
ਇਜ਼ਰਾਈਲ-ਹਮਾਸ ਜੰਗ ਦਾ ਅੱਜ ਅੱਠਵਾਂ ਦਿਨ ਹੈ। ਇਸਦੇ ਚੱਲਦਿਆਂ ਇਜ਼ਰਾਈਲ ਸਰਕਾਰ ਨੇ ਜੰਗ ’ਤੇ ਨਜ਼ਰ ਰੱਖਣ ਲਈ ਯੂਨਿਟੀ ਸਰਕਾਰ ਅਤੇ ਤਿੰਨ ਮੈਂਬਰੀ ਵਾਰ ਕੈਬਨਿਟ ਬਣਾਈ ਹੈ। ਨਵੀਂ ਸਰਕਾਰ ਵਿਚ ਵਿਰੋਧੀ ਪਾਰਟੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕੈਬਨਿਟ ਵਿਚ ਪ੍ਰਧਾਨ ਮੰਤਰੀ ਨੇਤਨਯਾਹੂ, ਵਿਰੋਧੀ ਆਗੂ ਬੇਨੀ ਗੈਂਟੂਜ ਅਤੇ ਮੌਜੂਦਾ ਡਿਫੈਂਸ ਮੰਤਰੀ ਯੋਵ ਗੈਲੇਂਟ ਸ਼ਾਮਲ ਕੀਤੇ ਗਏ ਹਨ। ਇਸੇ ਦੌਰਾਨ ਦੁਨੀਆ ਭਰ ਵਿਚੋਂ ਹਜ਼ਾਰਾਂ ਇਜ਼ਰਾਈਲੀ ਜੰਗ ਵਿਚ ਸ਼ਾਮਲ ਹੋਣ ਲਈ ਆਪਣੇ ਵਤਨ ਪਰਤ ਰਹੇ ਹਨ। ਗਰੀਸ ਤੋਂ ਲੈ ਕੇ ਨਿਊਯਾਰਕ ਤੱਕ ਏਅਰਪੇਰਟ ’ਤੇ ਇਜ਼ਰਾਈਲੀਆਂ ਦੀ ਭੀੜ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਇਜ਼ਰਾਈਲ ਨੇ ਰਾਤ ਭਰ ਗਾਜ਼ਾ ’ਤੇ ਹਮਲੇ ਕੀਤੇ, ਜਿਸ ਵਿਚ ਕਰੀਬ 51 ਫਲਸਤੀਨੀਆਂ ਦੀ ਮੌਤ ਹੋ ਗਈ ਸੀ। ਸੱਤ ਅਕਤੂਬਰ ਤੋਂ ਸ਼ੁਰੂ ਹੋਈ ਇਸ ਜੰਗ ਵਿਚ ਹੁਣ ਤੱਕ 2300 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ 1200 ਦੇ ਕਰੀਬ ਇਜ਼ਰਾਈਲੀ ਹਨ ਅਤੇ ਇਸੇ ਦੌਰਾਨ 1100 ਤੋਂ ਵੱਧ ਫਲਸਤੀਨੀਆਂ ਨੇ ਵੀ ਜਾਨ ਗੁਆਈ ਹੈ। ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਇਜ਼ਰਾਈਲ ਵਿਚ ਫਸੇ 18 ਹਜ਼ਾਰ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅਪਰੇਸ਼ਨ ਅਜੇ ਦਾ ਐਲਾਨ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਸਰਕਾਰ ਅਪਰੇਸ਼ਨ ਅਜੇ ਦੇ ਤਹਿਤ ਭਾਰਤੀਆਂ ਨੂੰ ਇਜ਼ਰਾਈਲ ਵਿਚੋਂ ਵਾਪਸ ਲਿਆਏਗੀ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਇਜ਼ਰਾਈਲ ਵਿਚੋਂ ਵਾਪਸ ਆਉਣਾ ਚਾਹੁੰਦੇ ਹੋਵੇ, ਉਹ ਆ ਸਕਦਾ ਹੈ।