ਸਥਾਨਕ ਸਰਕਾਰਾਂ ਵਿਭਾਗ ਨੇ ਨੋਟੀਫਿਕੇਸ਼ਨ ਕੀਤਾ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਨਗਰ ਨਿਗਮ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਚੋਣ ਕਮਿਸ਼ਨ ਨੂੰ ਸੂਬੇ ਵਿਚ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਲਈ ਪੱਤਰ ਲਿਖਿਆ ਹੈ। ਇਹ ਪੱਤਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਚੋਣ ਕਮਿਸ਼ਨ ਨੂੰ ਲਿਖਿਆ ਗਿਆ ਹੈ ਅਤੇ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਇਨ੍ਹਾਂ ਚੋਣਾਂ ਨੂੰ ਲੈ ਕੇ ਹਰਕਤ ਵਿਚ ਆ ਗਈ ਹੈ। ਲੁਧਿਆਣਾ, ਜਲੰਧਰ, ਅੰਮਿ੍ਰਤਸਰ, ਪਟਿਆਲਾ ਅਤੇ ਫਗਵਾੜਾ ਵਿਚ ਨਗਰ ਨਿਗਮ ਚੋਣਾਂ ਹੋਣੀਆਂ ਹਨ ਅਤੇ ਰਾਜਪਾਲ ਨੇ ਪੰਜਾਬ ਸਰਕਾਰ ਨੂੰ ਇਹ ਚੋਣਾਂ 15 ਨਵੰਬਰ ਤੋਂ ਪਹਿਲਾਂ ਕਰਵਾਉਣ ਲਈ ਕਿਹਾ ਹੈ। ਦਰਅਸਲ ਮਾਰਚ 2023 ਤੋਂ ਇਹ ਚੋਣਾਂ ਪੈਂਡਿੰਗ ਚੱਲ ਰਹੀਆਂ ਸਨ ਅਤੇ ਵਾਰਡਬੰਦੀ ਦਾ ਕੰਮ ਪੂਰਾ ਨਾ ਹੋਣ ਦੇ ਕਾਰਣ ਇਹ ਚੋਣਾਂ ਲਗਾਤਾਰ ਲੇਟ ਹੋ ਰਹੀਆਂ ਸਨ। ਪੰਜਾਬ ਦੇ ਰਾਜਪਾਲ ਨੇ ਸੂਬੇ ਵਿਚ ਨਗਰ ਨਿਗਮ ਚੋਣਾਂ ਤੋਂ ਇਲਾਵਾ 27 ਨਗਰ ਪਰਿਸ਼ਦਾਂ ਦੀਆਂ ਚੋਣਾਂ ਕਰਵਾਉਣ ਨੂੰ ਵੀ ਮਨਜੂਰੀ ਦੇ ਦਿੱਤੀ ਹੈ।