Breaking News
Home / ਦੁਨੀਆ / ਭਾਰਤੀ-ਅਮਰੀਕੀ ਮਾਲਾ ਅਡੀਗਾ ਪ੍ਰਥਮ ਮਹਿਲਾ ਜਿੱਲ ਦੀ ਸਹਾਇਕ ਨਿਯੁਕਤ

ਭਾਰਤੀ-ਅਮਰੀਕੀ ਮਾਲਾ ਅਡੀਗਾ ਪ੍ਰਥਮ ਮਹਿਲਾ ਜਿੱਲ ਦੀ ਸਹਾਇਕ ਨਿਯੁਕਤ

ਬਿਡੇਨ ਤੇ ਜਿੱਲ ਦੀ ਸੀਨੀਅਰ ਸਲਾਹਕਾਰ ਰਹਿ ਚੁੱਕੀ ਹੈ ਅਡੀਗਾ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਵੱਲੋਂ ਭਾਰਤੀ-ਅਮਰੀਕੀ ਮਾਲਾ ਅਡੀਗਾ ਨੂੰ ਆਪਣੀ ਪਤਨੀ ਜਿੱਲ ਦੀ ਨੀਤੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਦੇਸ਼ ਦੀ ਅਗਲੀ ਪ੍ਰਥਮ ਮਹਿਲਾ ਬਣਨ ਜਾ ਰਹੀ ਜਿੱਲ ਦਾ ਧਿਆਨ ਖ਼ਾਸ ਤੌਰ ‘ਤੇ ਸਿੱਖਿਆ ਉਤੇ ਕੇਂਦਰਿਤ ਹੈ, ਇਸ ਵਾਸਤੇ ਸਿੱਖਿਆ ਸਬੰਧੀ ਨੀਤੀ ਦੇ ਸਬੰਧ ਵਿੱਚ ਤਜਰਬੇਕਾਰ ਮਾਲਾ ਅਡੀਗਾ ਨੂੰ ਉਸ ਦੀ ਨੀਤੀ ਨਿਰਦੇਸ਼ਕ ਲਗਾਇਆ ਗਿਆ ਹੈ।
ਬਿਡੇਨ ਦੀ 2020 ਮੁਹਿੰਮ ਲਈ ਅਡੀਗਾ ਸੀਨੀਅਰ ਨੀਤੀ ਸਲਾਹਕਾਰ ਅਤੇ ਜਿੱਲ ਦੀ ਸੀਨੀਅਰ ਸਲਾਹਕਾਰ ਸੀ।
ਅਡੀਗਾ ਨੇ ਪਹਿਲਾਂ ਬਿਡੇਨ ਫਾਊਂਡੇਸ਼ਨ ਲਈ ਉਚੇਰੀ ਸਿੱਖਿਆ ਤੇ ਫ਼ੌਜੀ ਪਰਿਵਾਰਾਂ ਦੇ ਮਾਮਲਿਆਂ ਸਬੰਧੀ ਡਾਇਰੈਕਟਰ ਵਜੋਂ ਵੀ ਕੰਮ ਕੀਤਾ ਹੈ।ਉਸ ਤੋਂ ਪਹਿਲਾਂ, ਓਬਾਮਾ ਪ੍ਰਸ਼ਾਸਨ ਦੌਰਾਨ ਅਡੀਗਾ ਸਿੱਖਿਆ ਤੇ ਸਭਿਆਚਾਰਕ ਮਾਮਲਿਆਂ ਬਾਰੇ ਬਿਊਰੋ ਵਿੱਚ ਅਕਾਦਮਿਕ ਮਾਮਲਿਆਂ ਲਈ ਵਿਦੇਸ਼ ਮੰਤਰਾਲੇ ਵਿੱਚ ਉਪ ਸਹਾਇਕ ਸਕੱਤਰ ਸੀ ਅਤੇ ਉਸ ਨੇ ਵਿਦੇਸ਼ ਮੰਤਰਾਲੇ ਦੇ ਗਲੋਬਲ ਵਿਮੈਨਜ਼ ਇਸ਼ੂਜ਼ ਦੇ ਦਫ਼ਤਰ ਵਿਚ ਸਟਾਫ਼ ਦੇ ਮੁਖੀ ਵਜੋਂ ਵੀ ਕੰਮ ਕੀਤਾ ਹੈ ਅਤੇ ਵਿਸ਼ੇਸ਼ ਦੂਤ ਦੇ ਸੀਨੀਅਰ ਸਲਾਹਕਾਰ ਦੀ ਜ਼ਿੰਮੇਵਾਰੀ ਵੀ ਨਿਭਾਈ ਹੈ। ਸੀਐੱਐੱਨ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ, ”ਮਾਲਾ ਅਡੀਗਾ ਅਮਰੀਕਾ ਦੀ ਅਗਲੀ ਪ੍ਰਥਮ ਮਹਿਲਾ ਜਿੱਲ ਬਾਇਡਨ ਦੀ ਨੀਤੀ ਨਿਰਦੇਸ਼ਕ ਹੋਵੇਗੀ।”
ਕਰਨਾਟਕ ਦੇ ਪਿੰਡ ਕੱਕੂਣਜੇ ਦਾ ਹੈ ਮਾਲਾ ਦਾ ਪਿਛੋਕੜ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਵੱਲੋਂ ਆਪਣੀ ਪਤਨੀ ਤੇ ਅਮਰੀਕਾ ਦੀ ਅਗਲੀ ਪਹਿਲੀ ਮਹਿਲਾ ਜਿੱਲ ਬਿਡੇਨ ਦੀ ਨੀਤੀ ਸਲਾਹਕਾਰ ਨਿਯੁਕਤ ਕੀਤੀ ਗਈ ਭਾਰਤੀ-ਅਮਰੀਕੀ ਮਾਲਾ ਅਡੀਗਾ ਦਾ ਪਿਛੋਕੜ ਕਰਨਾਟਕ ਦੇ ਜ਼ਿਲ੍ਹਾ ਊਡੁੱਪੀ ਦੀ ਤਹਿਸੀਲ ਕੁੰਡਾਪੁਰ ਵਿਚ ਪੈਂਦੇ ਪਿੰਡ ਕੱਕੂਣਜੇ ਦਾ ਹੈ। ਉਹ ਕੇ ਸੂਰਿਆਨਾਰਾਇਣ ਅਡੀਗਾ ਜੋ ਅਣਵੰਡੇ ਕੰਨੜ ਜ਼ਿਲ੍ਹੇ ਦੇ ਨਿੱਜੀ ਖੇਤਰ ਦੇ ਕਰਨਾਟਕ ਬੈਂਕ ਲਿਮਿਟਡ ਦੇ ਸੰਸਥਾਪਕ ਸਨ, ਦੇ ਪਰਿਵਾਰ ਵਿਚੋਂ ਹੈ। ਇਸ ਤੋਂ ਇਲਾਵਾ ਅਰਵਿੰਦ ਅਡੀਗਾ ਜਿਨ੍ਹਾਂ ਨੇ ਸਾਲ 2008 ਵਿਚ ਦਿ ਮੈਨ ਬੁੱਕਰ ਦਾ ਖ਼ਿਤਾਬ ਜਿੱਤਿਆ ਸੀ, ਵੀ ਇਸੇ ਪਰਿਵਾਰ ਤੋਂ ਹਨ।

Check Also

ਡੋਨਾਲਡ ਟਰੰਪ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨੂੰ ਦੱਸਿਆ ‘ਪਾਗਲ’

ਅਮਰੀਕੀ ਸਦਰ ਨੇ ਚੇਤਾਵਨੀ ਦਿੱਤੀ ਕਿ ਰੂਸ ਆਪਣੇ ਪਤਨ ਵੱਲ ਵੱਧ ਰਿਹੈ ਵਾਸ਼ਿੰਗਟਨ/ਬਿਊਰੋ ਨਿਊਜ਼ ਰੂਸ …