ਪਾਕਿਸਤਾਨੀ ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਕੀਤਾ ਸੂਚਿਤ
ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਪਿਆਰ ਹੀ ਉਹ ਇਕਮਾਤਰ ਕਾਰਨ ਹੈ ਜਿਸ ਕਰਕੇ ਚਾਰ ਬੱਚਿਆਂ ਦੀ ਮਾਂ ਇਕ ਹਿੰਦੂ ਵਿਅਕਤੀ ਨਾਲ ਰਹਿਣ ਵਾਸਤੇ ਭਾਰਤ ਪਹੁੰਚ ਗਈ। ਇਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ਭਾਰਤੀ ਨੌਜਵਾਨ ਨਾਲ ਪਾਕਿਸਤਾਨੀ ਮਹਿਲਾ ਦੀ ਦੋਸਤੀ ਇਕ ਆਨਲਾਈਨ ਖੇਡ ਪਲੈਟਫਾਰਮ ਰਾਹੀਂ ਹੋਈ ਸੀ।
ਸਿੰਧ ਪ੍ਰਾਂਤ ਦੇ ਕਰਾਚੀ ਦੀ ਸੀਮਾ ਗ਼ੁਲਾਮ ਹੈਦਰ ਤੇ ਭਾਰਤ ਵਿੱਚ ਰਹਿਣ ਵਾਲਾ ਸਚਿਨ ਮੀਣਾ 2019 ਵਿੱਚ ਪਬਜੀ ਖੇਡਦੇ ਸਮੇਂ ਸੰਪਰਕ ਵਿੱਚ ਆਏ ਸਨ ਅਤੇ ਵੱਖ-ਵੱਖ ਦੇਸ਼ਾਂ ਵਿੱਚ 1300 ਕਿਲੋਮੀਟਰ ਤੋਂ ਵੱਧ ਦੂਰ ਰਹਿਣ ਵਾਲੇ ਇਨ੍ਹਾਂ ਦੋਹਾਂ ਵਿਚਾਲੇ ਇਕ ਪ੍ਰੇਮ ਕਹਾਣੀ ਸ਼ੁਰੂ ਹੋ ਗਈ।
ਉੱਤਰ ਪ੍ਰਦੇਸ਼ ਦੀ ਪੁਲਿਸ ਮੁਤਾਬਕ 30 ਸਾਲਾ ਸੀਮਾ ਤੇ 22 ਸਾਲਾ ਸਚਿਨ ਦਿੱਲੀ ਕੋਲ ਗਰੇਟਰ ਨੋਇਡਾ ਦੇ ਰਬੂਪੁਰਾ ਇਲਾਕੇ ਵਿੱਚ ਰਹਿੰਦੇ ਹਨ ਜਿੱਥੇ ਸਚਿਨ ਕਰਿਆਨੇ ਦੀ ਦੁਕਾਨ ਕਰਦਾ ਹੈ। ਸਥਾਨਕ ਉਰਦੂ ਰੋਜ਼ਾਨਾ ‘ਜੰਗ’ ਨੇ ਪਾਕਿਸਤਾਨੀ ਖੁਫੀਆ ਏਜੰਸੀਆਂ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਕਿਹਾ, ”ਪਾਕਿਸਤਾਨੀ ਮਹਿਲਾ ਸੀਮਾ ਹੈਦਰ ਨੇ ਸਿਰਫ ਪਿਆਰ ਕਰਕੇ ਇਕ ਭਾਰਤੀ ਵਿਅਕਤੀ (ਸਚਿਨ ਮੀਣਾ) ਨਾਲ ਵਿਆਹ ਕਰਨ ਵਾਸਤੇ ਦੇਸ਼ ਛੱਡਿਆ, ਕਿਉਂਕਿ ਅਜੇ ਤੱਕ ਕੋਈ ਹੋਰ ਕਾਰਨ ਜਾਂ ਮਕਸਦ ਸਾਹਮਣੇ ਨਹੀਂ ਆਇਆ ਹੈ।” ਖ਼ਬਰ ਵਿੱਚ ਕਿਹਾ ਗਿਆ ਹੈ, ”ਪਾਕਿਸਤਾਨੀ ਖੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਸੀਮਾ ਦੇ ਦੇਸ਼ ਛੱਡਣ ਦਾ ਹਿੰਦੂ ਭਾਰਤੀ ਵਿਅਕਤੀ ਨਾਲ ਪਿਆਰ ਤੋਂ ਇਲਾਵਾ ਕੋਈ ਹੋਰ ਕਾਰਨ ਨਜ਼ਰ ਨਹੀਂ ਆਉਂਦਾ ਹੈ। ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਗਈ ਹੈ।” ਸੀਮਾ ਨੂੰ ਸੱਤ ਸਾਲ ਤੋਂ ਘੱਟ ਉਮਰ ਦੇ ਆਪਣੇ ਚਾਰ ਬੱਚਿਆਂ ਸਮੇਤ ਨੇਪਾਲ ਦੇ ਰਸਤੇ ਤੋਂ ਬਿਨਾਂ ਵੀਜ਼ਾ ਨਾਜਾਇਜ਼ ਤੌਰ ‘ਤੇ ਭਾਰਤ ‘ਚ ਦਾਖਲ ਹੋਣ ਦੇ ਆਰੋਪ ਹੇਠ 4 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਚਿਨ ਨੂੰ ਨਾਜਾਇਜ਼ ਪਰਵਾਸੀਆਂ ਨੂੰ ਸ਼ਰਨ ਦੇਣ ਕਰਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ। ਬਾਅਦ ਵਿੱਚ ਦੋਹਾਂ ਨੂੰਜ਼ਮਾਨਤ ਤੋਂ ਰਿਹਾਅ ਕਰ ਦਿੱਤਾ ਗਿਆ।
ਯੂਪੀ ਪੁਲਿਸ ਦੇ ਅਤਿਵਾਦ ਵਿਰੋਧੀ ਦਸਤੇ ਵੱਲੋਂ ਸੀਮਾ ਕੋਲੋਂ ਪੁੱਛ-ਪੜਤਾਲ
ਨੋਇਡਾ: ਉੱਤਰ ਪ੍ਰਦੇਸ਼ ਪੁਲਿਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ, ਉਸ ਦੇ ਭਾਰਤੀ ਸਾਥੀ ਸਚਿਨ ਮੀਣਾ ਤੇ ਉਸ ਦੇ ਪਿਤਾ ਨੇਤਰ ਪਾਲ ਸਿੰਘ ਕੋਲੋਂ ਪੁੱਛ-ਪੜਤਾਲ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਉੱਤਰ ਪ੍ਰਦੇਸ਼ ਏਟੀਐੱਸ ਵੱਲੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਇਕ ਸ਼ੱਕੀ ਏਜੰਟ ਨੂੰ ਗੁਆਂਢੀ ਦੇਸ਼ ‘ਚ ਬੈਠੇ ਆਪਣੇ ਆਕਾਵਾਂ ਨੂੰ ਰੱਖਿਆ ਟਿਕਾਣਿਆਂ ਬਾਰੇ ਅਹਿਮ ਜਾਣਕਾਰੀ ਦੇਣ ਦੇ ਆਰੋਪ ਹੇਠ ਲਖਨਊ ਤੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਇਕ ਦਿਨ ਬਾਅਦ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ। ਏਟੀਐੱਸ ਵੱਲੋਂ ਪਾਕਿਸਤਾਨੀ ਮਹਿਲਾ ਕੋਲੋਂ ਪੁੱਛਗਿਛ ਅਜਿਹੇ ਸਮੇਂ ‘ਚ ਕੀਤੀ ਗਈ ਹੈ ਜਦੋਂ ਗਰੇਟਰ ਨੋਇਡਾ ‘ਚ ਇਕ ਸੱਜੇ ਪੱਖੀ ਜਥੇਬੰਦੀ ਨੇ ਧਮਕੀ ਦਿੱਤੀ ਹੈ ਕਿ ਜੇਕਰ ਆਪਣੇ ਚਾਰ ਬੱਚਿਆਂ ਨਾਲ ਨਾਜਾਇਜ਼ ਤੌਰ ‘ਤੇ ਭਾਰਤ ‘ਚ ਦਾਖਲ ਹੋਣ ਵਾਲੀ ਸੀਮਾ ਹੈਦਰ ਨੂੰ 72 ਘੰਟਿਆਂ ਦੇ ਅੰਦਰ ਦੇਸ਼ ਤੋਂ ਬਾਹਰ ਨਾ ਕੱਢਿਆ ਗਿਆ ਤਾਂ ਉਹ ਵਿਰੋਧ ਪ੍ਰਦਰਸ਼ਨ ਕਰਨਗੇ। ਇਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੀਮਾ ਹੈਦਰ ਕੋਲੋਂ ਅੱਜ ਏਟੀਐੱਸ ਨੇ ਪੁੱਛਗਿਛ ਕੀਤੀ ਹੈ ਅਤੇ ਸਥਾਨਕ ਪੁਲੀਸ ਇਸ ਵਿੱਚ ਸ਼ਾਮਲ ਨਹੀਂ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …