ਜਨਰਲ ਕੁਰਿੱਲਾ ਨੇ ਭਾਰਤ ਅਤੇ ਪਾਕਿਸਤਾਨ ਦੋਹਾਂ ਨਾਲ ਸਬੰਧ ਰੱਖਣ ਦੀ ਕੀਤੀ ਵਕਾਲਤ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕੀ ਫੌਜ ਦੇ ਸਿਖਰਲੇ ਜਨਰਲ ਨੇ ਕਿਹਾ ਹੈ ਕਿ ਪਾਕਿਸਤਾਨ ਅਤਿਵਾਦ ਖਿਲਾਫ ਜੰਗ ‘ਚ ਅਮਰੀਕਾ ਦਾ ਅਹਿਮ ਭਾਈਵਾਲ ਹੈ।
ਅਮਰੀਕੀ ਸੈਨਾ ਅਤੇ ਯੂਐੱਸ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਮਾਈਕਲ ਕੁਰਿੱਲਾ ਨੇ ਦਾਅਵਾ ਕੀਤਾ ਕਿ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਸੀਮਤ ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਉਹ ਦਹਿਸ਼ਤਗਰਦਾਂ ਖਿਲਾਫ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਸ ਸਮੇਂ ਅਤਿਵਾਦ ਖਿਲਾਫ ਡਟ ਕੇ ਜੰਗ ਲੜ ਰਿਹਾ ਹੈ ਅਤੇ ਅਤਿਵਾਦ ਨਾਲ ਸਿੱਝਣ ‘ਚ ਉਹ ਅਮਰੀਕਾ ਦਾ ਅਸਾਧਾਰਨ ਭਾਈਵਾਲ ਰਿਹਾ ਹੈ।
ਜਨਰਲ ਕੁਰਿੱਲਾ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਭਾਰਤ ਦੇ ਸਰਬ-ਪਾਰਟੀ ਸੰਸਦੀ ਵਫ਼ਦ ਨੇ 22 ਅਪਰੈਲ ਨੂੰ ਪਹਿਲਗਾਮ ‘ਚ ਹੋਏ ਅਤਿਵਾਦੀ ਹਮਲੇ ਮਗਰੋਂ ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਉਥੋਂ ਦਾ ਦੌਰਾ ਕੀਤਾ ਸੀ।
ਜਨਰਲ ਨੇ ਕਿਹਾ ਕਿ ਅਮਰੀਕਾ ਨੂੰ ਭਾਰਤ ਅਤੇ ਪਾਕਿਸਤਾਨ ਦੋਹਾਂ ਨਾਲ ਸਬੰਧ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਉਹੋ ਜਿਹੇ ਸਬੰਧ ਨਹੀਂ ਹੋ ਸਕਦੇ ਹਨ ਜਿਥੇ ਵਾਸ਼ਿੰਗਟਨ ਦੇ ਨਵੀਂ ਦਿੱਲੀ ਨਾਲ ਤਾਂ ਰਿਸ਼ਤੇ ਹੋਣ ਪਰ ਉਹ ਇਸਲਾਮਾਬਾਦ ਨਾਲ ਸਬੰਧ ਨਹੀਂ ਰੱਖ ਸਕਦਾ ਹੈ।
ਜਨਰਲ ਕੁਰਿੱਲਾ ਨੇ ਮੰਗਲਵਾਰ ਨੂੰ ਅਮਰੀਕੀ ਸਦਨ ਦੀ ਹਥਿਆਰਬੰਦ ਸੇਵਾਵਾਂ ਬਾਰੇ ਕਮੇਟੀ ਅੱਗੇ ਗਵਾਹੀ ਦਿੰਦਿਆਂ ਇਹ ਟਿੱਪਣੀ ਕੀਤੀ। ਕੁਰਿੱਲਾ ਨੇ ਕਿਹਾ, ”ਸਾਨੂੰ ਸਬੰਧਾਂ ਦੇ ਗੁਣਾਂ ਨੂੰ ਹਾਂ-ਪੱਖੀ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ।
ਅਮਰੀਕੀ ਜਨਰਲ ਦਾ ਬਿਆਨ ਕੂਟਨੀਤਕ ਝਟਕੇ ਤੋਂ ਘੱਟ ਨਹੀਂ : ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅਮਰੀਕੀ ਜਨਰਲ ਵੱਲੋਂ ਅਤਿਵਾਦ ਦੇ ਟਾਕਰੇ ‘ਚ ਪਾਕਿਸਤਾਨ ਨੂੰ ‘ਅਸਾਧਾਰਨ ਭਾਈਵਾਲ’ ਦੱਸੇ ਜਾਣ ‘ਤੇ ਸਵਾਲ ਕੀਤਾ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਾਰੇ ਕੀ ਆਖਣਗੇ। ਪਾਰਟੀ ਨੇ ਇਹ ਵੀ ਸਵਾਲ ਕੀਤਾ ਕਿ ਕੀ ਅਮਰੀਕੀ ਫੌਜੀ ਅਧਿਕਾਰੀ ਦਾ ਬਿਆਨ ਕੂਟਨੀਤਕ ਝਟਕਾ ਨਹੀਂ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ‘ਐਕਸ’ ‘ਤੇ ਜਨਰਲ ਕੁਰਿੱਲਾ ਬਾਰੇ ਮੀਡੀਆ ਰਿਪੋਰਟ ਸਾਂਝੀ ਕਰਦਿਆਂ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਚੀਅਰਲੀਡਰ ਇਸ ਬਾਰੇ ਕੀ ਆਖਣਗੇ।

