ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਗਈ ਨਿੰਦਾ
ਨਿਊਯਾਰਕ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਲਈ ਪਾਕਿਸਤਾਨ ਦੇ ਸਥਾਈ ਮਿਸ਼ਨ ਤੇ ਉਸ ਦੇ ਦੂਤਾਵਾਸ ਦੇ ਬਾਹਰ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਅਮਰੀਕੀਆਂ ਨੇ ਪੁਲਵਾਮਾ ਵਿਚ ਭਾਰਤੀ ਸੁਰੱਖਿਆ ਬਲਾਂ ‘ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਅਤੇ ਪਾਕਿਸਤਾਨੀ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਤੇ ਉਸ ਦੇ ਆਗੂ ਮਸੂਦ ਅਜ਼ਹਰ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਨਿਊਯਾਰਕ ਤੇ ਨਿਊਜਰਸੀ ਖੇਤਰ ਦੇ ਭਾਰਤੀ ਮੂਲ ਦੇ ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਮੈਨਹਟਨ ਸਥਿਤ ਪਾਕਿਸਤਾਨੀ ਦੂਤਾਵਾਸ ਤੇ ਸਥਾਈ ਮਿਸ਼ਨ ਕੈਂਪਸਾਂ ਦੇ ਬਾਹਰ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਮੁਜ਼ਾਹਰੇ ਦੌਰਾਨ ਲੋਕਾਂ ਨੇ ਭਾਰਤ ਦਾ ਕੌਮੀ ਝੰਡਾ ਵੀ ਫੜਿਆ ਹੋਇਆ ਸੀ। ਪ੍ਰਦਰਸ਼ਨਕਾਰੀਆਂ ਨੇ ਅੱਤਵਾਦੀ ਹਮਲੇ ਲਈ ਨਿਆਂ ਦੀ ਮੰਗ ਕੀਤੀ ਅਤੇ ਕਿਹਾ ਕਿ ਸੀਆਰਪੀਐੱਫ ਦੇ 40 ਜਵਾਨਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਵੇਗੀ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਕਰਨ ਵਾਲੇ ਅਮਰੀਕਾ-ਭਾਰਤ ਜਨਤਕ ਮਾਮਲਿਆਂ ਬਾਰੇ ਕਮੇਟੀ ਦੇ ਪ੍ਰਧਾਨ ਜਗਦੀਸ਼ ਸੇਵਹਾਨੀ ਨੇ ਕਿਹਾ ਕਿ ਰੋਸ ਮੁਜ਼ਾਹਰੇ ਰਾਹੀਂ ਪਾਕਿਸਤਾਨ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਹੁਣ ਬਹੁਤ ਹੋ ਗਿਆ ਹੈ ਅਤੇ ਇਸ ਵਾਰ ਅਸੀਂ ਭੁੱਲਾਂਗੇ ਨਹੀਂ। ਉਨ੍ਹਾਂ ਕਿਹਾ ਕਿ ਪੁਲਵਾਮਾ ਦਹਿਸ਼ਤੀ ਹਮਲਾ ਉਨ੍ਹਾਂ ਪਾਕਿਸਤਾਨੀ ਅੱਤਵਾਦੀਆਂ ਦੇ ‘ਤਾਬੂਤ ਵਿਚ ਆਖਰੀ ਮੇਖ ਸਾਬਤ’ ਹੋਵੇਗੀ ਜਿਨ੍ਹਾਂ ਪਿਛਲੇ ਕੁਝ ਸਾਲਾਂ ਤੋਂ ਭਾਰਤ ‘ਤੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਲ ਵੱਲੋਂ ਪੁਲਵਾਮਾ ਹਮਲੇ ਦੀ ਨਿੰਦਾ ਕਰਨ ਵਾਲੇ ਬਿਆਨ ਨਾਲ ਪਾਕਿਸਤਾਨ ਇਕੱਲਾ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਅਮਰੀਕੀ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਨ ਕਿ ਉਹ ਪਾਕਿਸਤਾਨ ਨਾਲ ਸਾਰੇ ਕੂਟਨੀਤਕ ਰਿਸ਼ਤੇ ਤੋੜ ਦੇਣ ਅਤੇ ਉਸ ਨੂੰ ਉਸੇ ਦੀ ਭਾਸ਼ਾ ਵਿਚ ਜਵਾਬ ਦੇਣ। ਓਵਰਸੀਜ਼ ਫਰੈਂਡਜ਼ ਆਫ ਭਾਰਤੀ ਜਨਤਾ ਪਾਰਟੀ (ਯੂਐੱਸਏ) ਦੇ ਪ੍ਰਧਾਨ ਕ੍ਰਿਸ਼ਨਾ ਰੈੜੀ ਅਨੁਗੁਲਾ ਨੇ ਕਿਹਾ ਕਿ ਅਮਰੀਕਾ ਦਾ ਭਾਰਤੀ ਭਾਈਚਾਰੇ ਇਸ ਜ਼ਾਲਮਾਨਾ ਹਮਲੇ ਦੀ ਨਿੰਦਾ ਕਰਦਾ ਹੈ।
ਪਾਕਿ ਨੂੰ ਅਮਰੀਕਾ ਤੋਂ ਨਹੀਂ ਮਿਲਣੀ ਚਾਹੀਦੀ ਮੱਦਦ : ਨਿੱਕੀ ਹੇਲੀ
ਵਾਸ਼ਿੰਗਟਨ : ਸੰਯੁਕਤ ਰਾਸ਼ਟਰ (ਯੂਐੱਨ) ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਨੇ ਪਾਕਿਸਤਾਨ ਨੂੰ ਉਸ ਦੀ ਸਰਜ਼ਮੀਂ ‘ਤੇ ਪਲ ਰਹੇ ਅੱਤਵਾਦੀਆਂ ਨੂੰ ਛੇਤੀ ਤੋਂ ਛੇਤੀ ਖ਼ਤਮ ਕਰਨ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਉਸ ਨੂੰ ਅਮਰੀਕਾ ਤੋਂ ਮਦਦ ਨਹੀਂ ਮਿਲਣੀ ਚਾਹੀਦੀ। ਹੇਲੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪਾਕਿ ਨੂੰ ਮਿਲ ਰਹੀ ਵਿੱਤੀ ਮਦਦ ਵਿਚ ਕਟੌਤੀ ਕਰਨ ਦੀ ਵੀ ਸ਼ਲਾਘਾ ਕੀਤੀ। ਸਤੰਬਰ ‘ਚ ਟਰੰਪ ਪ੍ਰਸ਼ਾਸਨ ਨੇ ਪਾਕਿ ਫ਼ੌਜ ਨੂੰ ਦਿੱਤੀ ਜਾ ਰਹੀ 30 ਕਰੋੜ ਡਾਲਰ (ਕਰੀਬ ਦੋ ਹਜ਼ਾਰ ਕਰੋੜ ਰੁਪਏ) ਦੀ ਮਦਦ ਰੱਦ ਕਰ ਦਿੱਤੀ ਸੀ। ਸਾਊਥ ਕੈਰੋਲੀਨਾ ਦੀ ਸਾਬਕਾ ਗਵਰਨਰ ਹੇਲੀ ਨੇ ਕਿਹਾ ਕਿ 2017 ਵਿਚ ਅਮਰੀਕਾ ਨੇ ਪਾਕਿਸਤਾਨ ਨੂੰ ਇਕ ਅਰਬ ਡਾਲਰ (ਕਰੀਬ ਸੱਤ ਹਜ਼ਾਰ ਕਰੋੜ ਰੁਪਏ) ਦਿੱਤੇ ਸਨ। ਏਨੀ ਮਦਦ ਮਿਲਣ ਦੇ ਬਾਅਦ ਵੀ ਉਹ ਅਮਰੀਕਾ ਦੇ ਖ਼ਿਲਾਫ਼ ਕੰਮ ਕਰਦਾ ਹੈ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …