Breaking News
Home / ਦੁਨੀਆ / ਡੋਨਾਲਡ ਟਰੰਪ ਦਾ ਦੋ ਦਿਨਾ ਭਾਰਤ ਦੌਰਾ

ਡੋਨਾਲਡ ਟਰੰਪ ਦਾ ਦੋ ਦਿਨਾ ਭਾਰਤ ਦੌਰਾ

ਭਾਰਤ ਤੇ ਅਮਰੀਕਾ ਵਿਚਕਾਰ 3 ਅਰਬ ਡਾਲਰ ਦੇ ਰੱਖਿਆ ਸਮਝੌਤੇ ‘ਤੇ ਮੋਹਰ
ਭਾਰਤ ਸਮਝੌਤੇ ਤਹਿਤ ਖਰੀਦੇਗਾ ਆਧੁਨਿਕ ਅਮਰੀਕੀ ਫੌਜੀ ਸਾਜ਼ੋ ਸਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਤੇ ਅਮਰੀਕਾ ਨੇ ਦੋਵਾਂ ਮੁਲਕਾਂ ਦਰਮਿਆਨ ਰੱਖਿਆ ਸਹਿਯੋਗ ਦਾ ਘੇਰਾ ਮੋਕਲਾ ਕਰਦਿਆਂ 3 ਅਰਬ ਅਮਰੀਕੀ ਡਾਲਰ ਦੇ ਰੱਖਿਆ ਸਮਝੌਤਿਆਂ ‘ਤੇ ਮੋਹਰ ਲਾ ਦਿੱਤੀ। ਕਰਾਰ ਤਹਿਤ ਭਾਰਤ, ਅਮਰੀਕਾ ਤੋਂ ਅਪਾਚੇ ਤੇ ਐੱਮਐੱਚ-60 ਰੋਮੀਓ ਹੈਲੀਕਾਪਟਰਾਂ ਸਮੇਤ ਹੋਰ ਆਧੁਨਿਕ ਫੌਜੀ ਸਾਜ਼ੋ-ਸਾਮਾਨ ਦੀ ਖਰੀਦ ਕਰੇਗਾ। ਦੋਵਾਂ ਮੁਲਕਾਂ ਨੇ ਸਿਹਤ ਤੇ ਤੇਲ ਸੈਕਟਰਾਂ ਨਾਲ ਸਬੰਧਤ ਤਿੰਨ ਸਮਝੌਤਿਆਂ ‘ਤੇ ਵੀ ਸਹੀ ਪਾਈ। ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਪਾਰਕ ਸਬੰਧਾਂ, ਅੱਤਵਾਦ ਦੇ ਟਾਕਰੇ ਤੇ ਊਰਜਾ ਸਹਿਯੋਗ ਸਮੇਤ ਹੋਰ ਕਈ ਰਣਨੀਤਕ ਮੁੱਦਿਆਂ ‘ਤੇ ਵਿਆਪਕ ਚਰਚਾ ਕੀਤੀ। ਦੋਵਾਂ ਆਗੂਆਂ ਨੇ ਮਗਰੋਂ ਸਾਂਝੀ ਪ੍ਰੈੱਸ ਮਿਲਣੀ ਦੌਰਾਨ ਜ਼ੋਰ ਦੇ ਕੇ ਆਖਿਆ ਕਿ ਦੋਵੇਂ ਦੇਸ਼ ਆਪਣੇ ਨਾਗਰਿਕਾਂ ਨੂੰ ਕੱਟੜਵਾਦੀ ਇਸਲਾਮਿਕ ਅੱਤਵਾਦ ਤੋਂ ਬਚਾਉਣ ਲਈ ਵਚਨਬੱਧ ਹਨ।
ਸੂਤਰਾਂ ਮੁਤਾਬਕ ਹੈਦਰਾਬਾਦ ਹਾਊਸ ਵਿੱਚ ਹੋਈ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਖੇਤਰੀ ਮੁੱਦਿਆਂ ਸਮੇਤ ਅਮਰੀਕਾ ਦੇ ਤਾਲਿਬਾਨ ਨਾਲ ਹੋਣ ਵਾਲੇ ਤਜਵੀਜ਼ਤ ਸ਼ਾਂਤੀ ਸਮਝੌਤੇ ਤੇ ਭਾਰਤ-ਪ੍ਰਸ਼ਾਂਤ ਖਿੱਤੇ ਦੇ ਮੌਜੂਦਾ ਹਾਲਾਤ, ਦਹਿਸ਼ਤਵਾਦ ਤੋਂ ਦਰਪੇਸ਼ ਖਤਰੇ ਤੇ ਖਾੜੀ ਵਿੱਚ ਹਾਲਾਤ ਬਾਰੇ ਚਰਚਾ ਕੀਤੀ। ਵਫ਼ਦ ਪੱਧਰ ਦੀ ਇਸ ਗੱਲਬਾਤ ਦੌਰਾਨ ਭਾਰਤ ਤੇ ਅਮਰੀਕਾ ਨੇ ਦਿਮਾਗੀ ਸਿਹਤ ਬਾਰੇ ਇਕ ਐਮਓਯੂ ਵੀ ਸਾਈਨ ਕੀਤਾ। ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਅਮਰੀਕਾ ਦੇ ਖੁਰਾਕ ਤੇ ਡਰੱਗ ਪ੍ਰਸ਼ਾਸਨ ਨਾਲ ਕਰਾਰ ‘ਤੇ ਸਹੀ ਪਾਈ। ਇਸੇ ਤਰ੍ਹਾਂ ਭਾਰਤੀ ਤੇਲ ਕਾਰਪੋਰੇਸ਼ਨ ਲਿਮਟਿਡ, ਐਕਸੌਨ ਮੋਬਿਲ ਇੰਡੀਆ ਐੱਲਐੱਨਜੀ ਲਿਮਟਿਡ ਤੇ ਚਾਰਟ ਇੰਡਸਟਰੀਜ਼ ਇੰਕ, ਅਮਰੀਕਾ ਨੇ ਸਹਿਯੋਗ ਸਬੰਧੀ ਪੱਤਰ ਸਹੀਬੰਦ ਕੀਤਾ।
ਅਮਰੀਕੀ ਸਦਰ ਨੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਭਾਰਤ ਨਾਲ ਨਵੇਂ ਕਰਾਰ ਕਰਕੇ ਰੱਖਿਆ ਸਹਿਯੋਗ ਦੇ ਆਪਣੇ ਘੇਰੇ ਨੂੰ ਮੋਕਲਾ ਕਰ ਦਿੱਤਾ ਹੈ। ਭਾਰਤ ਹੁਣ ਸਾਡੇ ਕੋਲੋਂ ਤਿੰਨ ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਆਧੁਨਿਕ ਫੌਜੀ ਸਾਜ਼ੋ-ਸਾਮਾਨ ਖਰੀਦੇਗਾ, ਜਿਸ ਵਿੱਚ ਅਪਾਚੇ ਤੇ ਐੱਮਐੱਚ-60 ਰੋਮੀਓ ਹੈਲੀਕਾਪਟਰ ਵੀ ਸ਼ਾਮਲ ਹਨ, ਜੋ ਵਿਸ਼ਵ ਵਿੱਚ ਸਭ ਤੋਂ ਬਿਹਤਰੀਨ ਹਨ। ਇਨ੍ਹਾਂ ਕਰਾਰਾਂ ਨਾਲ ਸਾਡੀਆਂ ਰੱਖਿਆ ਸਮਰੱਥਾਵਾਂ ਵਧਣਗੀਆਂ। ਕਿਉਂਕਿ ਸਾਡੀਆਂ ਫੌਜਾਂ ਇਕ ਦੂਜੇ ਨੂੰ ਸਿਖਲਾਈ ਦੇਣ ਦੇ ਨਾਲ ਇਕ ਦੂਜੇ ਨਾਲ ਮਿਲ ਕੇ ਕੰਮ ਕਰਨਗੀਆਂ।’ ਅਮਰੀਕੀ ਸਦਰ ਨੇ ਕਿਹਾ, ‘ਜਦੋਂ ਦਾ ਮੈਂ ਦਫ਼ਤਰ ਸੰਭਾਲਿਆ ਹੈ, ਉਦੋਂ ਤੋਂ ਅਮਰੀਕਾ ਤੋਂ ਭਾਰਤ ਨੂੰ ਹੁੰਦੀਆਂ ਬਰਾਮਦਾਂ 60 ਫੀਸਦ ਤਕ ਵੱਧ ਗਈਆਂ ਹਨ ਤੇ ਉੱਚ ਮਿਆਰ ਦੀ ਅਮਰੀਕੀ ਊਰਜਾ ਨਾਲ ਜੁੜੀਆਂ ਬਰਾਮਦਾਂ ਵਿੱਚ 500 ਫੀਸਦ ਤਕ ਉਛਾਲ ਆਇਆ ਹੈ।’ ਟਰੰਪ ਨੇ ਕਿਹਾ, ‘ਜਿਵੇਂ ਜਿਵੇਂ ਭਾਰਤ ਨਾਲ ਸਾਡੀ ਭਾਈਵਾਲੀ ਡੂੰਘੀ ਹੋਣ ਲੱਗੀ ਹੈ, ਦੋਵੇਂ ਮੁਲਕ ਜਮਹੂਰੀਅਤ ਤੇ ਸੰਵਿਧਾਨਾਂ- ਜਿਹੜੇ ਆਜ਼ਾਦੀ, ਵਿਅਕਤੀ ਵਿਸ਼ੇਸ਼ ਦੇ ਹੱਕਾਂ ਤੇ ਕਾਨੂੰਨ ਦੀ ਸੁਰੱਖਿਆ ਯਕੀਨੀ ਬਣਾਉਂਦੇ ਹਨ, ਦੀਆਂ ਸਾਂਝੀਆਂ ਰਵਾਇਤਾਂ ਨਾਲ ਜੁੜੇ ਹੋਏ ਹਨ।’ ਅਮਰੀਕੀ ਸਦਰ ਨੇ ਭਾਰਤ ਦੀ ਦੋ-ਰੋਜ਼ਾ ਫੇਰੀ ਨੂੰ ਹੈਰਾਨਕੁਨ ਤੇ ਖਾਸ ਕਰਕੇ ਮੋਟੇਰਾ ਸਟੇਡੀਅਮ ‘ਚ ‘ਨਮਸਤੇ ਇੰਡੀਆ’ ਪ੍ਰੋਗਰਾਮ ਦੀ ਰੱਜਵੀਂ ਤਾਰੀਫ਼ ਕੀਤੀ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਅਮਰੀਕਾ ਸਬੰਧਾਂ ਨੂੰ 21ਵੀਂ ਸਦੀ ਦੀ ਸਭ ਤੋਂ ਅਹਿਮ ਭਾਈਵਾਲੀ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਦੁਵੱਲਾ ਰੱਖਿਆ ਤੇ ਸੁਰੱਖਿਆ ਸਹਿਯੋਗ ਇਸ ਭਾਈਵਾਲੀ ਦੇ ਅਹਿਮ ਪਹਿਲੂ ਹਨ। ਮੋਦੀ ਨੇ ਕਿਹਾ ਕਿ ਜਿੱਥੋਂ ਤਕ ਦੁਵੱਲੇ ਵਣਜ ਦੀ ਗੱਲ ਹੈ ਤਾਂ ਦੋਵਾਂ ਮੁਲਕਾਂ ਦੇ ਵਣਜ ਮੰਤਰੀਆਂ ਵਿਚਾਲੇ ਹੋਈ ਗੱਲਬਾਤ ਸਕਾਰਾਤਮਕ ਰਹੀ। ਉਨ੍ਹਾਂ ਕਿਹਾ, ‘ਰਾਸ਼ਟਰਪਤੀ ਟਰੰਪ ਤੇ ਮੈਂ ਇਸ ਗੱਲ ‘ਤੇ ਸਹਿਮਤ ਹਾਂ ਕਿ ਸਾਡੀਆਂ ਟੀਮਾਂ ਦੋਵੇਂ ਵਣਜ ਮੰਤਰੀਆਂ ਵੱਲੋਂ ਵਿਕਸਤ ਕੀਤੀ ਸਮਝ ਨੂੰ ਕਾਨੂੰਨੀ ਸ਼ਕਲ ਦੇਣਗੀਆਂ। ਅਸੀਂ ਵੱਡੇ ਵਪਾਰਕ ਸਮਝੌਤੇ ਲਈ ‘ਸਾਲਸ’ ਦਾ ਅਮਲ ਸ਼ੁਰੂ ਕਰਨ ਲਈ ਵੀ ਸਹਿਮਤੀ ਦਿੱਤੀ ਹੈ।

ਮੇਲਾਨੀਆ ਟਰੰਪ ਨੇ ਦਿੱਲੀ ਦੇ ਸਰਕਾਰੀ ਸਕੂਲ ਦੀ ‘ਹੈਪੀਨੈਸ ਕਲਾਸ’ ਵਿਚ ਭਰੀ ਹਾਜ਼ਰੀ
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਦਿੱਲੀ ਦੇ ਸਰਕਾਰੀ ਸਕੂਲ ਦੀ ‘ਹੈਪੀਨਸ ਕਲਾਸ’ ਦਾ ਦੌਰਾ ਕਰਨ ਤੋਂ ਬਾਅਦ ਉਸ ਨੂੰ ਬੇਮਿਸਾਲ ਕਰਾਰ ਦਿੰਦਿਆਂ ਕਿਹਾ ਕਿ ਦੁਨੀਆ ਇਸ ਪਾਠਕ੍ਰਮ ਤੋਂ ਪ੍ਰੇਰਨਾ ਲੈ ਸਕਦੀ ਹੈ। ਮੇਲਾਨੀਆ ਨੇ ਦਿੱਲੀ ਦੇ ਨਾਨਕਪੁਰਾ ਸਥਿਤ ਸਰਵੋਦਿਆ ਵਿਦਿਆਲਯ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਦੇ ਸਵਾਗਤ ਲਈ ਸਕੂਲ ਨੂੰ ਫੁੱਲਾਂ ਅਤੇ ਰੰਗੋਲੀਆਂ ਨਾਲ ਸਜਾਇਆ ਗਿਆ ਸੀ। ਮੇਲਾਨੀਆ ਦਾ ਸਵਾਗਤ ਟਿੱਕਾ ਲਾ ਕੇ ਅਤੇ ਮਾਲਾ ਪਾ ਕੇ ਕੀਤਾ ਗਿਆ।
ਮੇਲਾਨੀਆ ਨੇ ਇਸ ਦੌਰੇ ਨੂੰ ਯਾਦਗਾਰ ਦੱਸਦਿਆਂ ਕਿਹਾ ਕਿ ਇੱਥੋਂ ਦੇ ਲੋਕ ਬਹੁਤ ਮਿਲਣਸਾਰ ਅਤੇ ਦਿਆਲ ਹਨ। ਉਨ੍ਹਾਂ ਸਰਵੋਦਿਆ ਦਾ ਅਰਥ ਦੱਸਦਿਆਂ ਕਿਹਾ ਕਿ ਇਸ ਦਾ ਮਤਲਬ ਵਿਕਾਸ ਅਤੇ ਉੱਨਤੀ ਹੁੰਦਾ ਹੈ। ਮੇਲਾਨੀਆ ਨੇ ਸਕੂਲ ਅਤੇ ‘ਹੈਪੀਨਸ ਕਲਾਸ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਦੁਨੀਆ ਲਈ ਪ੍ਰੇਰਨਾ ਬਣ ਸਕਦੇ ਹਨ। ਸੁਰੱਖਿਆ ਕਾਰਨਾਂ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਇਸ ਪ੍ਰੋਗਰਾਮ ਦਾ ਸੱਦਾ ਨਹੀਂ ਦਿੱਤਾ ਗਿਆ ਸੀ ਪਰ ਕੇਜਰੀਵਾਲ ਨੇ ਮੇਲਾਨੀਆ ਦੇ ਸਕੂਲ ਦੌਰੇ ਤੇ ਟਵੀਟ ਕਰ ਕੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਦਿੱਲੀ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਦਿੱਲੀ ਵਾਸੀਆਂ ਲਈ ਵੱਡਾ ਦਿਨ ਹੈ। ਉਨ੍ਹਾਂ ਕਿਹਾ ਕਿ ਮੇਲਾਨੀਆ ਸਾਡੇ ਸਕੂਲ ਤੋਂ ‘ਹੈਪੀਨਸ’ (ਖ਼ੁਸ਼ੀ) ਦਾ ਸੰਦੇਸ਼ ਲੈ ਕੇ ਜਾਵੇਗੀ।
ਟਰੰਪ ਨੇ ਅਹਿਮਦਾਬਾਦ ‘ਚ ਕੀਤਾ ਰੋਡ ਸ਼ੋਅ
ਅਹਿਮਦਾਬਾਦ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਰਿਵਾਰ ਸਮੇਤ ਦੋ ਦਿਨਾ ਦੌਰੇ ਤਹਿਤ ਸੋਮਵਾਰ ਨੂੰ ਅਹਿਮਦਾਬਾਦ ਪਹੁੰਚੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਟਰੰਪ ਨੇ 22 ਕਿਲੋਮੀਟਰ ਦਾ ਰੋਡ ਸ਼ੋਅ ਵੀ ਕੀਤਾ ਤੇ ਉਹ ਸਾਬਰਮਤੀ ਆਸ਼ਰਮ ਵੀ ਗਏ। ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵੇਂ ਦੇਸ਼ ਹੀ ਅੱਤਵਾਦ ਅਤੇ ਉਸਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਦ੍ਰਿੜ੍ਹ ਹਨ। ਟਰੰਪ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ, ਉਦੋਂ ਤੋਂ ਹੀ ਅਮਰੀਕੀ ਸਰਕਾਰ ਪਾਕਿਸਤਾਨ ਦੀ ਜ਼ਮੀਨ ਤੋਂ ਅੱਤਵਾਦ ਖਤਮ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕੀਆਂ ਨੂੰ ਭਾਰਤ ਨਾਲ ਖਾਸਾ ਪਿਆਰ ਹੈ। ਅਹਿਮਦਾਬਾਦ ਵਿਚ ਮੋਟੇਰਾ ਸਟੇਡੀਅਮ ਦਾ ਉਦਘਾਟਨ ਕਰਦਿਆਂ ਟਰੰਪ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਹਮੇਸ਼ਾ ਸਾਡੇ ਦਿਲ ਵਿਚ ਵਿਸ਼ੇਸ਼ ਸਥਾਨ ਰਹੇਗਾ।
ਟਰੰਪ ਤੇ ਮੇਲਾਨੀਆ ਨੇ ਦੇਖਿਆ ਤਾਜ ਮਹਿਲ
ਨਵੀਂ ਦਿੱਲੀ : ਅਹਿਮਦਾਬਾਦ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਆਗਰਾ ਪਹੁੰਚੇ ਅਤੇ ਉਨ੍ਹਾਂ ਤਾਜ ਮਹਿਲ ਦੇ ਦਰਸ਼ਨ-ਦੀਦਾਰ ਵੀ ਕੀਤੇ। ਟਰੰਪ ਨੇ ਵਿਜ਼ਟਰ ਬੁੱਕ ‘ਚ ਆਪਣਾ ਸੰਦੇਸ਼ ਲਿਖਿਆ। ਤਾਜ ਮਹਿਲ ਦੇਖਣ ਵਾਲੇ ਟਰੰਪ ਤੀਜੇ ਅਮਰੀਕੀ ਰਾਸ਼ਟਰਪਤੀ ਹਨ। ਜ਼ਿਕਰਯੋਗ ਹੈ ਕਿ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਨੇ ਵੀ ਆਗਰਾ ਸਥਿਤ ਤਾਜ ਮਹਿਲ ਦੇ ਦਰਸ਼ਨ-ਦੀਦਾਰ ਕੀਤੇ। ਇਸ ਤੋਂ ਪਹਿਲਾਂ ਯੂਪੀ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਨੇ ਟਰੰਪ ਪਰਿਵਾਰ ਦਾ ਸਨਮਾਨ ਵੀ ਕੀਤਾ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …