
ਮੰਡੀ ਗੋਬਿੰਦਗੜ੍ਹ, 19 ਅਕਤੂਬਰ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵੱਲੋਂ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ (ਆਈਕਿਊਏਸੀ) ਦੇ ਸਹਿਯੋਗ ਨਾਲ ਪ੍ਰਸ਼ਾਸਕੀ ਕਰਮਚਾਰੀਆਂ ਲਈ ‘ਲੋਕ-ਸੰਪਰਕ ਅਤੇ ਸਵਾਗਤ-ਕਾਊਂਟਰ ਦੇ ਹੁਨਰ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਇਸ ਦਾ ਉਦੇਸ਼ ਪੇਸ਼ੇਵਰ ਸੰਚਾਰ, ਆਪਸੀ ਵਿਹਾਰਕ ਹੁਨਰ, ਕਾਰਜ-ਸਥਾਨ ਦੇ ਸ਼ਿਸ਼ਟਾਚਾਰ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੀ ਸਮਰੱਥਾ ਨੂੰ ਵਿਕਸਤ ਕਰਨਾ ਸੀ।
ਵਰਕਸ਼ਾਪ ਦਾ ਸੰਚਾਲਨ ਡੀਬੀਯੂ ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੇ ਸਹਾਇਕ ਪ੍ਰੋਫੈਸਰ ਗੁਰਕੀਰਨ ਸਿੰਘ ਮਾਨ ਨੇ ਕੀਤਾ। ਉਨ੍ਹਾਂ ਨੇ ਵਿੱਦਿਅਕ ਸੰਸਥਾ ਵਿੱਚ ਪ੍ਰਭਾਵਸ਼ਾਲੀ ਸੰਚਾਰ, ਪੇਸ਼ੇਵਰ ਵਿਹਾਰ ਅਤੇ ਸਵਾਗਤ-ਕਾਊਂਟਰ ਦੇ ਸੁਚੱਜੇ ਪ੍ਰਬੰਧ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਵਰਕਸ਼ਾਪ ਦੌਰਾਨ ਭਾਗੀਦਾਰਾਂ ਨੂੰ ਲੋਕ-ਸੰਪਰਕ, ਟੈਲੀਫ਼ੋਨ ’ਤੇ ਗੱਲਬਾਤ ਦੇ ਸ਼ਿਸ਼ਟਾਚਾਰ, ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਅਤੇ ਮਾਰਗਦਰਸ਼ਨ, ਪੁੱਛਗਿੱਛ ਦਾ ਨਿਪਟਾਰਾ, ਸ਼ਿਕਾਇਤਾਂ ਦਾ ਹੱਲ, ਪੇਸ਼ੇਵਰ ਦਿੱਖ ਅਤੇ ਪਹਿਰਾਵੇ ਅਤੇ ਸੰਸਥਾ ਦੀ ਚੰਗੀ ਛਵੀ ਕਾਇਮ ਰੱਖਣ ਵਰਗੇ ਅਹਿਮ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀ ਮਾਨ ਨੇ ਕਿਹਾ ਕਿ ਪ੍ਰਸ਼ਾਸਕੀ ਕਰਮਚਾਰੀ ਵਿਦਿਆਰਥੀਆਂ, ਮਾਪਿਆਂ, ਮਹਿਮਾਨਾਂ ਅਤੇ ਹੋਰ ਸਬੰਧਤ ਧਿਰਾਂ ਨਾਲ ਸੰਪਰਕ ਦਾ ਪਹਿਲਾ ਮਾਧਿਅਮ ਹੁੰਦੇ ਹਨ। ਉਨ੍ਹਾਂ ਦਾ ਵਿਹਾਰ, ਤੁਰੰਤ ਹੁੰਗਾਰਾ ਦੇਣ ਦੀ ਸਮਰੱਥਾ ਅਤੇ ਸੰਚਾਰ ਦੇ ਹੁਨਰ ਯੂਨੀਵਰਸਿਟੀ ਦੀ ਛਵੀ ਘੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਨੇ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਰੋਜ਼ਾਨਾ ਪ੍ਰਸ਼ਾਸਕੀ ਫ਼ਰਜ਼ ਨਿਭਾਉਂਦੇ ਸਮੇਂ ਨਿਮਰਤਾ, ਵਿਦਿਆਰਥੀ-ਕੇਂਦਰਿਤ ਸੋਚ ਅਤੇ ਸੇਵਾ-ਭਾਵਨਾ ਨੂੰ ਤਰਜੀਹ ਦੇਣ, ਤਾਂ ਜੋ ਯੂਨੀਵਰਸਿਟੀ ਵਿੱਚ ਸੁਖਾਵਾਂ, ਸਹਿਯੋਗੀ ਅਤੇ ਪੇਸ਼ੇਵਰ ਮਾਹੌਲ ਸਿਰਜਿਆ ਜਾ ਸਕੇ।
ਪ੍ਰਬੰਧਕਾਂ ਨੇ ਯੂਨੀਵਰਸਿਟੀ ਪ੍ਰਬੰਧਨ, ਵਿਸ਼ੇਸ਼ ਤੌਰ ’ਤੇ ਕੁਲਪਤੀ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਕੁਲਪਤੀ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ ਹਰਸ਼ ਸਦਾਵਰਤੀ ਦਾ ਲਗਾਤਾਰ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਲਈ ਧੰਨਵਾਦ ਕੀਤਾ। ਉਨ੍ਹਾਂ ਦੇ ਸਹਿਯੋਗ ਨਾਲ ਕਰਮਚਾਰੀਆਂ ਦੇ ਪੇਸ਼ੇਵਰ ਵਿਕਾਸ ਨਾਲ ਸਬੰਧਤ ਉਪਰਾਲਿਆਂ ਨੂੰ ਉਤਸ਼ਾਹ ਮਿਲ ਰਿਹਾ ਹੈ।
ਇਹ ਵਰਕਸ਼ਾਪ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੇ ਡਾਇਰੈਕਟਰ ਡਾ. ਅਮਨ ਸ਼ਰਮਾ ਦੀ ਅਗਵਾਈ ਹੇਠ ਕਰਵਾਈ ਗਈ। ਪ੍ਰੋਗਰਾਮ ਦੇ ਤਾਲਮੇਲ ਅਤੇ ਸੁਚਾਰੂ ਸੰਚਾਲਨ ਵਿੱਚ ਸ਼ੈੱਫ (ਡਾ.) ਰੁਪਿੰਦਰ ਕੌਰ, ਮਿਸ ਸ੍ਰਿਸ਼ਟੀ, ਮਿਸ ਨਿਵੇਦਿਤਾ ਅਤੇ ਸ੍ਰੀ ਅਵਤਾਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
ਇਹ ਉਪਰਾਲਾ ਪ੍ਰਸ਼ਾਸਕੀ ਕਾਰਜਕੁਸ਼ਲਤਾ ਨੂੰ ਮਜ਼ਬੂਤ ਕਰਨ, ਸਬੰਧਤ ਧਿਰਾਂ ਨਾਲ ਬਿਹਤਰ ਰਿਸ਼ਤੇ ਬਣਾਉਣ ਅਤੇ ਪੇਸ਼ੇਵਰਾਨਾ ਵਿਹਾਰ ਤੇ ਉੱਤਮ ਸੇਵਾ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਪ੍ਰਤੀ ਦੇਸ਼ ਭਗਤ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

