
ਟਰੰਪ ਤੈਅ ਕਰਨਗੇ ਰੂਸੀ ਤੇਲ ਖਰੀਦਣ ਵਾਲੇ ਕਿਹਨਾਂ ਦੇਸ਼ਾਂ ’ਤੇ ਪਾਬੰਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ’ਤੇ 100 ਫੀਸਦੀ ਟੈਰਿਫ ਲਗਾਉਣ ਨੂੰ ਲੈ ਕੇ ਕਰੀਬ 10 ਦਿਨਾਂ ਵਿਚ ਫੈਸਲਾ ਲੈ ਸਕਦੇ ਹਨ। ਇਹ ਗੱਲ ਅਮਰੀਕੀ ਦੂਤ ਸਰਜੀਓ ਗੋਰ ਨੇ ਬਲੂਮਬਰਗ ਨਿਊ ਇਕੌਨਮੀ ਫੋਰਮ ਵਿਚ ਕਹੀ ਹੈ। ਗੋਰ ਨੇ ਕਿਹਾ ਹੈ ਕਿ ਭਾਰਤ ਨੂੰ ਪਾਬੰਦੀਆਂ ਤੋਂ ਛੋਟ ਮਿਲੇਗੀ ਜਾਂ ਨਹੀਂ, ਇਹ ਵੀ ਡੋਨਾਲਡ ਟਰੰਪ ਹੀ ਤੈਅ ਕਰਨਗੇ। ਅਮਰੀਕੀ ਸੰਸਦ ਨੇ ਲੰਘੀ 16 ਸਤੰਬਰ ਨੂੰ ਰੂਸ ਤੋਂ ਤੇਲ-ਗੈਸ ਖਰੀਦਣ ਵਾਲੇ ਦੇਸ਼ਾਂ ’ਤੇ 100 ਫੀਸਦੀ ਟੈਰਿਫ ਲਗਾਉਣ ਦਾ ਬਿੱਲ ਪਾਸ ਕੀਤਾ ਸੀ। ਟਰੰਪ ਨੇ ਵੀ 18 ਸਤੰਬਰ ਨੂੰ ਇਸ ਕਾਨੂੰਨ ਨੂੰ ਮਨਜੂਰੀ ਦੇ ਦਿੱਤੀ ਸੀ, ਪਰ ਕਿਸੇ ਵੀ ਦੇਸ਼ ’ਤੇ ਪਾਬੰਦੀ ਨਹੀਂ ਲਗਾਈ ਗਈ ਸੀ। ਹਾਲਾਂਕਿ ਕਾਨੂੰਨ ਪਾਸ ਹੋਣ ਦੇ 30 ਦਿਨਾਂ ਦੇ ਅੰਦਰ-ਅੰਦਰ ਫੈਸਲਾ ਲੈਣਾ ਜ਼ਰੂਰੀ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਹੁਣ ਟਰੰਪ ਖੁਦ ਰੂਸ ਤੋਂ ਡੀਜ਼ਲ ਖਰੀਦਣ ਵਾਲੇ ਹਨ। ਉਨ੍ਹਾਂ ਨੇ ਰੂਸ ਤੋਂ ਡੀਜ਼ਲ ਖਰੀਦਣ ’ਤੇ ਲੱਗੀ ਰੋਕ 7 ਅਪ੍ਰੈਲ 2027 ਤੱਕ ਹਟਾ ਦਿੱਤੀ ਹੈ। ਸਰਜੀਓ ਗੋਰ ਨੇ ਕਿਹਾ ਹੈ ਕਿ ਸੰਸਦ ਨੇ ਇਨ੍ਹਾਂ ਪਾਬੰਦੀਆਂ ਲਈ ਕੁਝ ਬਦਲ ਵੀ ਦਿੱਤੇ ਹਨ ਅਤੇ ਇਨ੍ਹਾਂ ਪਾਬੰਦੀਆਂ ਦਾ ਨਿਸ਼ਾਨਾ ਕਿਸੇ ਇਕ ਦੇਸ਼ ’ਤੇ ਨਹੀਂ ਹੈ।

