
ਹਿਮਾਚਲ ਪ੍ਰਦੇਸ਼ ਦੀ ਲਾਹੌਲ ਘਾਟੀ ’ਚ ਵੀ ਭਾਰੀ ਬਰਫਬਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿਚ ਅੱਜ ਜਿੱਥੇ ਭਾਰੀ ਮੀਂਹ ਪਿਆ, ਉਥੇ ਹੀ ਕਸ਼ਮੀਰ ਘਾਟੀ ਦੀਆਂ ਉਚੀਆਂ ਪਹਾੜੀਆਂ ’ਤੇ ਤਾਜ਼ਾ ਬਰਫਬਾਰੀ ਵੀ ਹੋਈ। ਸਥਾਨਕ ਪ੍ਰਸ਼ਾਸਨ ਨੇ ਮੀਂਹ ਅਤੇ ਬਰਫਬਾਰੀ ਮਗਰੋਂ ਪ੍ਰਮੁੱਖ ਸੜਕਾਂ ’ਤੇ ਜਮ੍ਹਾਂ ਹੋਈ ਬਰਫ ਨੂੰ ਹਟਾਉਣ ਅਤੇ ਆਵਾਜਾਈ ਬਹਾਲ ਕਰਵਾਉਣ ਲਈ ਕਰਮਚਾਰੀਆਂ ਨੂੰ ਮਸ਼ੀਨਾਂ ਨਾਲ ਕੰਮ ’ਤੇ ਲਗਾਇਆ। ਇਸ ਬਰਫਬਾਰੀ ਕਾਰਨ ਕਈ ਰਸਤੇ ਵੀ ਬੰਦ ਹੋ ਗਏ ਹਨ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੀ ਲਾਹੌਲ ਘਾਟੀ ਸਮੇਤ ਕਈ ਉਚਾਈ ਵਾਲੇ ਖੇਤਰਾਂ ਵਿਚ ਭਾਰੀ ਬਰਫਬਾਰੀ ਦਰਜ ਕੀਤੀ ਗਈ ਹੈ। ਇਸ ਅਚਾਨਕ ਬਰਫਬਾਰੀ ਨੇ ਪੂਰੀ ਘਾਟੀ ਨੂੰ ਬਰਫ ਦੀ ਚਾਦਰ ਨਾਲ ਢੱਕ ਲਿਆ ਹੈ। ਭਾਰੀ ਬਰਫਬਾਰੀ ਅਤੇ ਬਹੁਤ ਜ਼ਿਆਦਾ ਫਿਸਲਣ ਵਾਲੀਆਂ ਸੜਕਾਂ ਦੇ ਕਾਰਨ, ਮਨਾਲੀ-ਲੇਹ ਹਾਈਵੇ ਨੂੰ ਆਮ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਸਦੇ ਚੱਲਦਿਆਂ ਕਈ ਖੇਤਰਾਂ ਵਿਚ ਤਾਪਮਾਨ ਵੀ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਇਨ੍ਹੀਂ ਦਿਨੀਂ ਲਾਹੌਲ ਘਾਟੀ ਦੇ ਬਾਗਾਂ ਵਿਚ ਸੇਬ ਦੀ ਫਸਲ ਪੱਕ ਰਹੀ ਹੈ। ਇਸ ਸਮੇਂ ਅਚਾਨਕ ਪਏ ਮੀਂਹ ਅਤੇ ਬਰਫਬਾਰੀ ਨੇ ਸੇਬ ਉਤਪਾਦਕਾਂ ਨੂੰ ਫਸਲ ਦੇ ਖਰਾਬ ਹੋਣ ਅਤੇ ਕਾਫੀ ਨੁਕਸਾਨ ਦੀ ਚਿੰਤਾ ਵਿਚ ਪਾ ਦਿੱਤਾ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਪਹਾੜੀ ਖੇਤਰਾਂ ਵਿਚ ਰੁਕ-ਰੁਕ ਕੇ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ।

