30 ਦੇ ਕਰੀਬ ਕਾਂਗਰਸੀ ਵਿਧਾਇਕਾਂ ਨੇ ਕੀਤੀ ਮੀਟਿੰਗ- ਤਿ੍ਰਪਤ ਬਾਜਵਾ, ਰੰਧਾਵਾ ਅਤੇ ਚੰਨੀ ਜਾਣਗੇ ਹਾਈਕਮਾਂਡ ਕੋਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੂਬੇ ਦੀ ਕਾਂਗਰਸ ਵਿਚ ਹੀ ਇੰਨਾ ਜ਼ਿਆਦਾ ਵਿਰੋਧ ਵਧ ਗਿਆ ਹੈ ਕਿ ਹੁਣ ਨਾਰਾਜ਼ ਕਾਂਗਰਸੀ ਮੰਤਰੀ ਅਤੇ ਵਿਧਾਇਕ ਦਿੱਲੀ ਜਾਣਗੇ ਅਤੇ ਹਾਈ ਕਮਾਂਡ ਕੋਲ ਆਪਣਾ ਪੱਖ ਰੱਖਣਗੇ। ਇਸ ਨੂੰ ਲੈ ਕੇ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਆਰੋਪ ਲਗਾਏ ਕਿ ਕੈਪਟਨ ਅਮਰਿੰਦਰ ਤਾਂ ਬਾਦਲਾਂ ਨਾਲ ਰਲੇ ਹੋਏ ਹਨ। ਇਸੇ ਦੌਰਾਨ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਾਈ ਕਮਾਂਡ ਹੀ ਤਹਿ ਕਰੇਗੀ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ। ਕੈਪਟਨ ਖਿਲਾਫ਼ ਦਿੱਲੀ ਜਾਣ ਵਾਲਿਆਂ ਵਿਚ ਤਿ੍ਰਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਦੇ ਨਾਮ ਸ਼ਾਮਲ ਹਨ।
ਧਿਆਨ ਰਹੇ ਕਿ ਜੇਕਰ ਪੰਜਾਬ ਕਾਂਗਰਸ ’ਚ ਇਸੇ ਤਰ੍ਹਾਂ ਬਗਾਗਤ ਜਾਰੀ ਰਹੀ ਤਾਂ ਆਉਂਦੇ ਦਿਨਾਂ ’ਚ ਪੰਜਾਬ ਕਾਂਗਰਸ ਅੰਦਰ ਕੋਈ ਵੱਡਾ ਧਮਾਕਾ ਹੋ ਸਕਦਾ ਹੈ। ਹੁਣ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਸਪੱਸ਼ਟ ਹੋ ਰਿਹਾ ਹੈ ਕਿ ਕਾਂਗਰਸ ਵਿਚ ਕੈਪਟਨ ਵਿਰੋਧੀਆਂ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਝੰਡਾ ਚੁੱਕਿਆ ਹੋਇਆ ਹੈ। ਉਧਰ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਆਪਣੀ ਘੇਰਾ ਵਿਸ਼ਾਲ ਕਰਨ ਵਿਚ ਲੱਗੇ ਹੋਏ ਹਨ ਤੇ ਆਏ ਦਿਨ ਕੈਪਟਨ ਸਰਕਾਰ ’ਤੇ ਨਿਸ਼ਾਨੇ ਵੀ ਸਾਧ ਰਹੇ ਹਨ।
ਅੱਜ ਸਿੱਧੂ ਧੜੇ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਇਕ ਮੀਟਿੰਗ ਕੀਤੀ। ਇਸ ਮੀਟਿੰਗ ਵਿਚ 30 ਮੰਤਰੀ ਅਤੇ ਵਿਧਾਇਕਾਂ ਦੇ ਹਿੱਸਾ ਲੈਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਜਿਨ੍ਹਾਂ ਵਿਚ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ, ਪਰਗਟ ਸਿੰਘ, ਮਦਨ ਲਾਲ ਜਲਾਲਪੁਰ, ਗੁਰਕੀਰਤ ਕੋਰਟਲੀ, ਅਮਰਿੰਦਰ ਸਿੰਘ ਰਾਜਾ ਵੜਿਆ ਆਦਿ ਹਾਜ਼ਰ ਸਨ।