78 ਵਿਅਕਤੀ ਵੀ ਕਾਬੁਲ ਤੋਂ ਪਹੁੰਚੇ ਭਾਰਤ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਅੱਜ ਏਅਰ ਇੰਡੀਆ ਦਾ ਇਕ ਜਹਾਜ਼ 78 ਵਿਅਕਤੀਆਂ ਨੂੰ ਕਾਬੁਲ ਤੋਂ ਲੈ ਕੇ ਦਿੱਲੀ ਪਹੁੰਚਿਆ। ਭਾਰਤ ਪਹੁੰਚਣ ਵਾਲੇ ਵਿਅਕਤੀਆਂ ਵਿਚ 25 ਭਾਰਤੀ ਨਾਗਰਿਕ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਇਨ੍ਹਾਂ ਦੇ ਨਾਲ ਅਫਗਾਨਿਸਤਾਨ ’ਚ ਰਹਿ ਰਹੇ ਕੁਝ ਹਿੰਦੂ ਅਤੇ ਸਿੱਖ ਪਰਿਵਾਰ ਵੀ ਭਾਰਤ ਪਹੁੰਚੇ ਹਨ।
ਕਾਬੁਲ ਤੋਂ ਭਾਰਤ ਪਹੁੰਚਣ ਵਾਲੇ ਸਿੱਖ ਪਰਿਵਾਰ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਵੀ ਨਾਲ ਲੈ ਕੇ ਆਏ। ਅਫਗਾਨੀ ਸਿੱਖ ਪੂਰਨ ਗੁਰਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਆਪਣੇ ਸਿਰਾਂ ’ਤੇ ਰੱਖ ਕੇ ਹਵਾਈ ਅੱਡੇ ’ਤੇ ਲੈ ਕੇ ਆਏ। ਅਫਗਾਨੀ ਸਿੱਖਾਂ ਵੱਲੋਂ ਲਿਆਂਦਾ ਗਏ ਪਾਵਨ ਸਰੂਪਾਂ ਨੂੰ ਲੈਣ ਲਈ ਦਿੱਲੀ ਏਅਰਪੋਰਟ ’ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਪੁੱਜੇ। ਪੁਰੀ ਗੁਰ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸਿਰ ’ਤੇ ਰੱਖ ਕੇ ਏਅਰਪੋਰਟ ਤੋਂ ਬਾਹਰ ਲੈ ਕੇ ਆਏ। ਇਸ ਦੌਰਾਨ ਕੇਂਦਰੀ ਮੰਤਰੀ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੇ ਰਹੇ।
ਇਨ੍ਹਾਂ ਸਰੂਪਾਂ ਨੂੰ ਪੂਰਨ ਗੁਰਮਰਿਆਦਾ ਅਨੁਸਾਰ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ। ਇਸ ਤੋਂ ਬਾਅਦ ਇਕ ਵਿਸ਼ਾਲ ਨਗਰ ਦੀ ਅਗਵਾਈ ਹੇਠ ਇਨ੍ਹਾਂ ਪਾਵਨ ਸਰੂਪਾਂ ਨੂੰ ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ’ਚ ਲਿਆਂਦਾ ਗਿਆ। ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਨੇ ਅਫਗਾਨਿਸਤਾਨ ’ਚ ਫਸੇ ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਉਥੇ ਰਹਿ ਰਹੇ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਭਾਰਤ ਵਿਚ ਸ਼ਰਨ ਦੇਣ ਦਾ ਫੈਸਲਾ ਕੀਤਾ ਹੈ।