
ਅਨੁਰਾਗ ਠਾਕੁਰ ਪੰਜਵੀਂ ਵਾਰ ਬਣੇ ਸੰਸਦ ਮੈਂਬਰ
ਸ਼ਿਮਲਾ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਨੇ ਹਿਮਾਚਲ ਪ੍ਰਦੇਸ਼ ਦੀਆਂ ਚਾਰੋਂ ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰ ਲਈ ਹੈ। 2014 ਅਤੇ 2019 ਦੀ ਤਰ੍ਹਾਂ ਇਸ ਵਾਰ ਵੀ ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿਚ ਕਲੀਨ ਸਪੀਵ ਕਰਦੇ ਹੋਏ ਹਿਮਾਚਲ ਵਿਚ ਕਲੀਨ ਸਪੀਵ ਕਰਨ ਦੀ ਹੈਟਿ੍ਰਕ ਲਗਾ ਦਿੱਤੀ। ਜੇਕਰ ਹਿਮਾਚਲ ਪ੍ਰਦੇਸ਼ ਵਿਚ ਜੇਤੂ ਮਾਰਜਨ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਲੋਕ ਸਭਾ ਸੀਟ ਸਭ ਤੋਂ ਵੱਡੇ ਮਾਰਜਨ ਨਾਲ ਜਿੱਤ ਹਾਸਲ ਕੀਤੀ ਹੈ। ਇਥੋਂ ਭਾਜਪਾ ਦੇ ਉਮੀਦਵਾਰ ਡਾ. ਰਾਜੀਵ ਕੁਮਾਰ ਨੇ ਕਾਂਗਰਸੀ ਉਮੀਦਵਾਰ ਅਨੰਦ ਸ਼ਰਮਾ ਨੂੰ ਲਗਭਗ ਢਾਈ ਲੱਖ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਮੰਡੀ ਸੀਟ ਤੋਂ ਭਾਜਪਾ ਉਮੀਦਵਾਰ ਕੰਗਣਾ ਰਣੌਤ ਨੇ ਕਾਂਗਰਸੀ ਉਮੀਦਵਾਰ ਵਿਕਰਮਾਦਿੱਤਿਆ ਨੂੰ 72 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ। ਸ਼ਿਮਲਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸੁਰੇਸ਼ ਕਸ਼ਯਪ ਲਗਾਤਾਰ ਦੂਜੀ ਵਾਰ ਜਿੱਤੇ ਜਦਕਿ ਹਮੀਰਪੁਰ ਲੋਕ ਸਭਾ ਸੀਟ ਤੋਂ ਅਨੁਰਾਗ ਠਾਕੁਰ ਨੇ ਲਗਾਤਾਰ ਪੰਜਵੀਂ ਵਾਰ ਜਿੱਤ ਦਰਜ ਕੀਤੀ। ਉਨ੍ਹਾਂ ਕਾਂਗਰਸੀ ਉਮੀਦਵਾਰ ਸਤਪਾਲ ਰਾਇਜ਼ਾਦਾ ਨੂੰ ਲਗਭਗ ਪੌਣੇ ਦੋ ਲੱਖ ਵੋਟਾਂ ਨਾਲ ਹਰਾਇਆ।

