ਬੈਂਕ ਕਰਜ਼ ਧੋਖਾਧੜੀ ਮਾਮਲੇ ਵਿਚ ਹੋਈ ਸੀ ਗਿ੍ਰਫਤਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਆਈ.ਸੀ.ਆਈ.ਸੀ.ਆਈ ਬੈਂਕ ਕਰਜ਼ ਧੋਖਾਧੜੀ ਦੇ ਮਾਮਲੇ ਵਿਚ ਵੀਡੀਓਕੋਨ ਗਰੁੱਪ ਦੇ ਚੇਅਰਮੈਨ ਵੇਣੂਗੋਪਾਲ ਧੂਤ ਨੂੰ ਬੰਬੇ ਹਾਈਕੋਰਟ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਵੇਣੂਗੋਪਾਲ ਧੂਤ ਨੂੰ ਲੰਘੀ 26 ਦਸੰਬਰ ਨੂੰ ਸੀਬੀਆਈ ਨੇ ਗਿ੍ਰਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਵੇਣੂਗੋਪਾਲ ਨੇ ਸੀਬੀਆਈ ਵੱਲੋਂ ਆਪਣੀ ਗਿ੍ਰਫਤਾਰੀ ਖਿਲਾਫ ਹਾਈਕੋਰਟ ਵਿਚ ਰਿਟ ਪਟੀਸ਼ਨ ਦਾਇਰ ਕੀਤੀ ਸੀ ਅਤੇ ਬੰਬੇ ਹਾਈਕੋਰਟ ਨੇ 13 ਜਨਵਰੀ ਨੂੰ ਇਸ ’ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦੱਸਣਯੋਗ ਹੈ ਕਿ ਆਈ.ਸੀ.ਆਈ.ਸੀ.ਆਈ. ਬੈਂਕ ਨੇ 2011 ਵਿਚ ਵੀਡੀਓਕੋਨ ਨੂੰ 3250 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਦੋਂ ਵੇਣੂਗੋਪਾਲ ਧੂਤ ਅਤੇ ਦੀਪਕ ਕੋਚਰ ਦੇ ਵਪਾਰਕ ਸਬੰਧਾਂ ਦਾ ਖੁਲਾਸਾ ਹੋਇਆ ਸੀ। ਇਸ ਮਾਮਲੇ ਵਿਚ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਬੰਬੇ ਹਾਈਕੋਰਟ ਨੇ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਨੂੰ ਇਕ ਲੱਖ ਰੁਪਏ ਦੇ ਮੁਚੱਲਕੇ ’ਤੇ ਰਿਹਾਅ ਕਰ ਦਿੱਤਾ ਸੀ। ਬੰਬੇ ਹਾਈਕੋਰਟ ਨੇ ਕਿਹਾ ਸੀ ਕਿ ਇਨ੍ਹਾਂ ਦੀ ਗਿ੍ਰਫਤਾਰੀ ਕਾਨੂੰਨ ਦੇ ਮੁਤਾਬਕ ਨਹੀਂ ਹੈ।