ਇੰਡੀਆ’ ਗਠਜੋੜ ਦਾ ਪਹਿਲਾ ਮੁਕਾਬਲਾ 18 ਜਨਵਰੀ ਨੂੰ ਚੰਡੀਗੜ੍ਹ ’ਚ
ਇੰਡੀਆ’ ਗਠਜੋੜ ਦਾ ਪਹਿਲਾ ਮੁਕਾਬਲਾ 18 ਜਨਵਰੀ ਨੂੰ ਚੰਡੀਗੜ੍ਹ ’ਚ
ਰਾਘਵ ਚੱਢਾ ਨੇ ਇਸ ਨੂੰ ਦੱਸਿਆ ਲੋਕ ਸਭਾ ਚੋਣਾਂ ਦਾ ਆਗਾਜ਼
ਚੰਡੀਗੜ੍ਹ/ਬਿਊਰੋ ਨਿਊਜ਼
‘ਇੰਡੀਆ’ ਨਾਮ ਦਾ ਗਠਜੋੜ ਆਪਣੀ ਪਹਿਲੀ ਚੋਣ ਲੜਨ ਜਾ ਰਿਹਾ ਹੈ। ਆਉਂਦੀ 18 ਜਨਵਰੀ ਨੂੰ ਚੰਡੀਗੜ੍ਹ ਵਿਚ ਹੋਣ ਵਾਲੀ ਮੇਅਰ ਦੀ ਚੋਣ ਸਿਰਫ ਚੰਡੀਗੜ੍ਹ ਤੱਕ ਸੀਮਤ ਨਹੀਂ ਹੈ। ਇਹ ਚੋਣ ਅਗਾਮੀ ਲੋਕ ਸਭਾ ਚੋਣਾਂ ਦੀ ਨੀਂਹ ਰੱਖੇਗੀ ਅਤੇ ਇਹ ਚੋਣਾਂ ਦਾ ਆਗਾਜ਼ ਵੀ ਹੋਵੇਗਾ। ਇਹ ਗੱਲ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗਠਜੋੜ ਪਹਿਲੀ ਵਾਰ ਭਾਜਪਾ ਦਾ ਸਾਹਮਣਾ ਕਰਨ ਜਾ ਰਿਹਾ ਹੈ ਅਤੇ ਇਹ ਪਹਿਲੇ ਮੈਚ ਦੇ ਰੂਪ ਵਿਚ ਜਾਣਿਆ ਜਾਵੇਗਾ। ਰਾਘਵ ਚੱਢਾ ਨੇ ਕਿਹਾ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਦਾ ਸੁਨੇਹਾ ਦੇਸ਼ ਦੇ ਕੋਨੇ-ਕੋਨੇ ਤੱਕ ਜਾਵੇਗਾ। ਦੱਸਣਯੋਗ ਹੈ ਕਿ ਚੰਡੀਗੜ੍ਹ ’ਚ ਮੇਅਰ ਦੀ ਚੋਣ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੋਣ ਗਠਜੋੜ ਹੋ ਚੁੱਕਾ ਹੈ। ਇਸ ਗਠਜੋੜ ਦੇ ਤਹਿਤ ਚੰਡੀਗੜ੍ਹ ’ਚ ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਪਾਰਟੀ ਉਮੀਦਵਾਰ ਉਤਾਰੇਗੀ। ਇਹ ਤੈਅ ਹੀ ਹੈ ਕਿ ਚੰਡੀਗੜ੍ਹ ਦੇ ਮੇਅਰ ਦਾ ਅਹੁਦਾ ਹੁਣ ਆਮ ਆਦਮੀ ਪਾਰਟੀ ਕੋਲ ਚਲਾ ਜਾਵੇਗਾ, ਜੋ ਪਹਿਲਾਂ ਭਾਰਤੀ ਜਨਤਾ ਪਾਰਟੀ ਕੋਲ ਸੀ।