-1.5 C
Toronto
Monday, January 12, 2026
spot_img
HomeਕੈਨੇਡਾFrontਪੰਜਾਬ ਕੈਬਨਿਟ ਵਲੋਂ ਤੀਰਥ ਯਾਤਰਾ ਯੋਜਨਾ ਨੂੰ ਮਨਜੂਰੀ, ਸ਼ਹੀਦਾਂ ਦੀਆਂ ਵਿਧਵਾਵਾਂ ਦੀ...

ਪੰਜਾਬ ਕੈਬਨਿਟ ਵਲੋਂ ਤੀਰਥ ਯਾਤਰਾ ਯੋਜਨਾ ਨੂੰ ਮਨਜੂਰੀ, ਸ਼ਹੀਦਾਂ ਦੀਆਂ ਵਿਧਵਾਵਾਂ ਦੀ ਪੈਨਸ਼ਨ ’ਚ ਵੀ ਕੀਤਾ ਵਾਧਾ

ਪੰਜਾਬ ਕੈਬਨਿਟ ਵਲੋਂ ਤੀਰਥ ਯਾਤਰਾ ਯੋਜਨਾ ਨੂੰ ਮਨਜੂਰੀ

ਸ਼ਹੀਦਾਂ ਦੀਆਂ ਵਿਧਵਾਵਾਂ ਦੀ ਪੈਨਸ਼ਨ ’ਚ ਵੀ ਕੀਤਾ ਵਾਧਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਸੂਬੇ ਵਿਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਨਾਲ ਹੋਰ ਵੀ ਕਈ ਯੋਜਨਾਵਾਂ ਲਾਂਚ ਕੀਤੀਆਂ ਹਨ। ਅੱਜ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਚੰਡੀਗੜ੍ਹ ’ਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਤੀਰਥ ਯਾਤਰਾ ਸਕੀਮ ਨਾਲ ਪੰਜਾਬ ਦੇ ਬਜ਼ੁਰਗ ਦੇਸ਼ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਕਰ ਸਕਣਗੇ। ਇਹ ਸਕੀਮ ਆਉਣ ਵਾਲੇ ਦਿਨਾਂ ਵਿਚ ਲਾਗੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਦੌਰਾਨ ਰੇਲ ਗੱਡੀਆਂ ਅਤੇ ਬੱਸਾਂ ਦੇ ਜ਼ਰੀਏ ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਏਗੀ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਨੂੰ ਸ੍ਰੀ ਅੰਮਿ੍ਰਤਸਰ ਸਾਹਿਬ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਸ੍ਰੀ ਅਨੰਦਪੁਰ ਸਾਹਿਬ, ਵਾਰਾਣਸੀ, ਮਾਤਾ ਨੈਣਾ ਦੇਵੀ, ਜਵਾਲਾ ਜੀ ਅਤੇ ਸਾਲਾਸਰ ਧਾਮ ਸਣੇ ਹੋਰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਮੁਫਤ ਕਰਵਾਈ ਜਾਵੇਗੀ। ਹਰਪਾਲ ਚੀਮਾ ਨੇ ਦੱਸਿਆ ਕਿ ਸ਼ਹੀਦਾਂ ਦੀਆਂ ਵਿਧਵਾਵਾਂ ਅਤੇ ਪੈਰਾ ਮਿਲਟਰੀ ਫੋਰਸ ’ਚ ਸੇਵਾ ਦੇ ਦੌਰਾਨ ਅੰਗਹੀਣ ਹੋਣ ਵਾਲੇ ਜਵਾਨਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਵੀ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਪਾਰੀਆਂ ਦੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਗਈ ਹੈ। ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਇਕ ਹੋਰ ਫੈਸਲਾ ਕਾਨੂੰਗੋ ਅਤੇ ਪਟਵਾਰੀਆਂ ਨੂੰ ਲੈ ਕੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਕਾਨੂੰਗੋ ਅਤੇ ਪਟਵਾਰੀਆਂ ਦਾ ਕੌਮਨ ਕੈਡਰ ਨਹੀਂ ਸੀ ਅਤੇ ਹੁਣ ਪੰਜਾਬ ਦਾ ਕੌਮਨ ਕੈਡਰ ਅੱਜ ਤੋਂ ਸੂਬੇ ਵਿਚ ਬਣ ਗਿਆ ਹੈ।

RELATED ARTICLES
POPULAR POSTS